ਗੁਰਚਰਨ ਸਿੰਘ ਨੂਰਪੁਰ

ਗੁਰਚਰਨ ਸਿੰਘ ਨੂਰਪੁਰ

ਭਾਰਤੀ ਲੋਕਤੰਤਰ ਦੇ ਅੱਜ ਦੇ ਇਤਿਹਾਸ ਦੀ ਸੱਚਾਈ ਨੂੰ ਜਦੋਂ ਲਿਖਿਆ ਜਾਵੇਗਾ ਤਾਂ ਲਿਖਣਾ ਪਵੇਗਾ ਕਿ ‘ਇਸ ਦੌਰ ਵਿਚ ਭਾਰਤੀ ਲੋਕ ਹਰ ਪੰਜ ਸਾਲ ਬਾਅਦ ਧੋਖੇ ਦੀ ਉਡੀਕ ਕਰਦੇ ਸਨ ਅਤੇ ਧੋਖਾ ਖਾਣ ਤੋਂ ਬਾਅਦ ਉਹ ਅਗਲੇ ਧੋਖੇ ਨੂੰ ਉਡੀਕਣ ਲੱਗ ਪੈਂਦੇ ਸਨ।’

ਰਾਜਸੀ ਜਮਾਤਾਂ ਹਰ ਪੰਜ ਬਾਅਦ ਲੋਕਾਂ ਲਈ ਨਵਾਂ ਭਰਮ ਸਿਰਜਦੀਆਂ ਹਨ। ਕੋਈ ਰਾਜਸੀ ਆਗੂ ਜਿੰਨਾ ਵੱਡਾ ਭਰਮ ਸਿਰਜਕ ਬਣਦਾ ਹੈ, ਓਨੀ ਹੀ ਵੱਡੀ ਸੱਤਾ ਦਾ ਹਿੱਸੇਦਾਰ ਬਣ ਜਾਂਦਾ ਹੈ।

ਕੋਈ ਸਮਾਜ ਜਦੋਂ ਇੱਕ ਆਦਤ ਨੂੰ ਵਾਰ ਵਾਰ ਦੁਹਰਾਉਂਦਾ ਹੈ ਤਾਂ ਇਹ ਉਹਦੀ ਆਦਤ ਪੱਕ ਜਾਂਦੀ ਹੈ। ਹਰ ਪੰਜ ਸਾਲਾਂ ਧੋਖਾ ਖਾਣ ਦੀ ਹੁਣ ਸਾਡੀ ਆਦਤ ਬਣਾ ਦਿੱਤੀ ਗਈ ਹੈ। ਅਸੀਂ ਸੱਤਾ ਨੂੰ ਸਵਾਲ ਨਹੀਂ ਕਰਦੇ ਬਲਕਿ ਸੱਤਾ ਦੇ ਭਗਤ ਬਣਾ ਦਿੱਤੇ ਗਏ ਹਾਂ। ਸਮਾਜ ਦੀ ਬਹੁ ਗਿਣਤੀ ਰਾਜ ਨੇਤਾਵਾਂ ਅਤੇ ਰਾਜਸੀ ਪਾਰਟੀਆਂ ਦੀ ਸ਼ਰਧਾਲੂ ਬਣ ਗਈ ਹੈ। ਇਹ ਸ਼ਰਧਾ ਬੜੀ ਖਤਰਨਾਕ ਹੈ। ਇਹ ਸਾਡੇ ਭਵਿੱਖ ਨੂੰ ਤੇਜ਼ੀ ਨਾਲ ਤਬਾਹ ਕਰ ਰਹੀ ਹੈ। ਇਹ ਸ਼ਰਧਾ ਮੁਲਕ ਲਈ ਬੇਹੱਦ ਖਤਰਨਾਕ ਹੈ। ਅੱਜ ਸਾਡੇ ਨੌਜੁਆਨ ਹੋਰ ਦੇਸ਼ ਵਿਚ ਆਪਣੇ ਭਵਿੱਖ ਦੀ ਤਲਾਸ਼ ਕਰ ਰਹੇ ਹਨ। ਇਹ ਸਭ ਕੁਝ ਸਾਡੀ ਸੱਤਾ ਪ੍ਰਤੀ ਸ਼ਰਧਾ ਦਾ ਨਤੀਜਾ ਹੈ। ਅਸੀਂ ਕਿਸੇ ਵੀ ਦੇਸ਼ ਵੱਲੋਂ ਕੁਦਰਤੀ ਨਿਆਮਤਾਂ ਵੱਲੋਂ ਘੱਟ ਨਹੀਂ ਹਾਂ ਬਲਕਿ ਅਸੀਂ ਦੁਨੀਆ ਦੇ ਜਿ਼ਆਦਾਤਰ ਦੇਸ਼ਾਂ ਨਾਲੋਂ ਧਰਤੀ ਦੇ ਕੁਦਰਤੀ ਨਿਆਮਤਾਂ ਵਾਲੇ ਖੁਸ਼ਹਾਲ ਖਿੱਤੇ ਦੇ ਮਾਲਕ ਹਾਂ ਪਰ ਸੱਤਾ ਦੀ ਸ਼ਰਧਾ ਨੇ ਇਸ ਖਿੱਤੇ ਨੂੰ ਨਰਕ ਬਣਾ ਦਿੱਤਾ ਹੈ। ਸਾਨੂੰ ਵਿਵੇਕ ਦੀ ਲੋੜ ਹੈ, ਜਾਗਣ ਦੀ ਲੋੜ ਹੈ, ਅਸੀਂ ਸੁੱਤੇ ਹੋਏ ਹਾਂ। ਜਦੋਂ ਕਦੇ ਨੀਂਦ ਵਿਚੋਂ ਜਾਗਦੇ ਹਾਂ ਤਾਂ ਆਪਣੀ ਹੋਣੀਂ ਤੇ ਕੁਝ ਸਮੇਂ ਲਈ ਝੂਰਦੇ ਹਾਂ ਤੇ ਸੌਂ ਜਾਂਦੇ ਹਾਂ। ਕੁਝ ਮਹੀਨਿਆਂ ਨੂੰ ਜਦੋਂ ਵੋਟਾਂ ਦਾ ਮੇਲਾ ਸਜੇਗਾ, ਪਾਵਰ ਅਤੇ ਪੈਸੇ ਦੇ ਜਲਵੇ ਨਾਲ ਵੱਖ ਵੱਖ ਰਾਜਸੀ ਪਾਰਟੀਆਂ ਦੇ ਹਾਰਾਂ ਨਾਲ ਲੱਦੇ ਉਮੀਦਵਾਰ ਇਸ ਅਖਾੜੇ ਉਤਰ ਪੈਣਗੇ। ਆਮ ਲੋਕਾਂ ਨੂੰ ਇਹ ਪ੍ਰਤੀਤ ਹੋਣ ਲੱਗੇਗਾ ਜਿਵੇਂ ਯੁੱਗ ਬਦਲ ਜਾਣ ਵਾਲਾ ਹੈ ਬਸ ਹੁਣ।

ਅਫਸੋਸਨਾਕ ਇਹ ਹੈ ਕਿ ਰਾਜਸੀ ਪਾਰਟੀਆਂ ਦੀ ਤਰਜੀਹ ਦੇਸ਼ ਨਹੀਂ, ਸੱਤਾ ਹੈ। ਰਾਜਸੀ ਸਰਗਰਮੀਆਂ ਲੋਕ ਪੱਖੀ ਹੋਣ ਦੀ ਬਜਾਏ ਵੋਟ ਦੁਆਲੇ ਕੇਂਦਰਤ ਹਨ। ਸਾਡੇ ਮੁਲਕ ਵਿਚ ਉਸ ਭਵਿੱਖਮੁਖੀ ਰਾਜਨੀਤੀ ਦਾ ਆਗਾਜ਼ ਹੋਣਾ ਅਜੇ ਬਾਕੀ ਹੈ ਜਿਸ ਵਿਚ ਦੇਸ਼ ਨੂੰ ਅੱਗੇ ਲੈ ਜਾਣ ਵਾਲੇ ਵੱਡੇ ਪ੍ਰੋਗਰਾਮ ਹੋਣ ਅਤੇ ਆਮ ਲੋਕਾਂ ਦੀਆਂ ਜਿਊਣ ਹਾਲਤਾਂ ਸੁਧਾਰੀਆਂ ਜਾ ਸਕਣ। ਅੱਜ ਜਿਸ ਨੀਤੀ ਨੂੰ ਅਸੀਂ ਰਾਜਨੀਤੀ ਕਹਿ ਰਹੇ ਹਾਂ, ਉਹ ਰਾਜਨੀਤੀ ਨਹੀਂ ਬਲਕਿ ਰਾਜਨੀਤੀ ਦੇ ਨਾਮ ਤੇ ਕੀਤਾ ਜਾਣ ਵਾਲਾ ਕਾਰੋਬਾਰ ਹੈ। ਸਾਡੇ ਬਹੁਤੇ ਨੇਤਾ ਜੇਕਰ ਸੱਤਾ ਵਿਚ ਹੋਣ ਤਾਂ ਉਹ ਆਪਣੇ ਕੰਮਾਂ ਦੇ ਪ੍ਰਚਾਰ ਨਾਲ ਗੁੱਡ ਫੀਲ ਕਰਾਉਣ ਨੀਤੀ ਲੈ ਕੇ ਚੱਲਦੇ ਹਨ। ਸੱਤਾ ਤੋਂ ਬਾਹਰ ਹੋਣ ਤਾਂ ਵਿਰੋਧੀਆਂ ਦੇ ਪੋਤੜੇ ਫਰੋਲਣ ਲੱਗ ਪੈਂਦੇ ਹਨ। ਸੱਤਾ ਬਦਲਣ ਨਾਲ ਚਿਹਰੇ ਬਦਲਦੇ ਹਨ, ਨੀਤੀਆਂ ਉਹੀ ਰਹਿੰਦੀਆਂ ਹਨ। ਟੈਲੀਵਿਜ਼ਨ ਚੈਂਨਲਾਂ ਤੇ ਹੁੰਦੀਆਂ ਬਹਿਸਾਂ ਅਤੇ ਰਾਜਨੀਤਕ ਨੇਤਾਵਾਂ ਦੀ ਗੱਲ ਬਾਤ ਵਿਚ ‘ਦੇਸ਼’ ਨਹੀਂ ਬਲਕਿ ਉਹਨਾਂ ਦੀ ਬਿਆਨਬਾਜ਼ੀ ਵਿਰੋਧੀਆਂ ਨੂੰ ਭੰਡਣ, ਗਾਲੀ ਗਲੋਚ, ਦੂਸ਼ਣਬਾਜੀ ਅਤੇ ਆਪਣੇ ਆਪ ਨੂੰ ਵਡਿਆਉਣ ਤੱਕ ਸੀਮਤ ਹਨ। ਅਸੀਂ ਰਾਜਨੀਤੀ ਦੇ ਉਸ ਦੌਰ ਚੋਂ ਲੰਘ ਰਹੇ ਹਾਂ ਜਿੱਥੇ ਧਰਮਾਂ, ਜਾਤਾਂ, ਫਿਰਕਾਪ੍ਰਸਤੀ ਦੇ ਪੱਤੇ ਵਰਤ ਕੇ ਲੋਕਾਂ ਨੂੰ ਵਰਗਲਾਉਣ ਦੀ ਕਵਾਇਦ ਚੱਲ ਰਹੀ ਹੈ। ਮੌਜੂਦਾ ਦੌਰ ਦਾ ਜਦੋਂ ਇਤਿਹਾਸ ਲਿਖਿਆ ਜਾਵੇਗਾ ਤਾਂ ਇਹ ਗੱਲ ਬੜੀ ਇਹ ਗੱਲ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਜਾਵੇਗੀ ਕਿ ਜਦੋਂ ਦੁਨੀਆ ਤੇਜ਼ੀ ਨਾਲ ਗਿਆਨ ਵਿਗਿਆਨ ਦੇ ਖੇਤਰ ਵਿਚ ਅੱਗੇ ਵਧ ਰਹੀ ਸੀ ਤਾਂ ਉਸ ਸਮੇਂ ਸਾਡੇ ਦੇਸ਼ ਵਿਚ ਲੋਕਾਂ ਨੂੰ ਸਸਤਾ ਦਾਲ ਆਟਾ, ਮੁਫਤ ਬਿਜਲੀ, ਮੰਦਰਾਂ, ਮਸਜਿਦਾਂ, ਧਰਮ ਪਰਿਵਰਤਨ ਅਤੇ ਛੋਟੀਆਂ ਛੋਟੀਆਂ ਖੈਰਾਤਾਂ ਵਰਗੇ ਮਸਲਿਆਂ ਵਿਚ ਉਲਝਾਇਆ ਜਾ ਰਿਹਾ ਸੀ।

ਬਹੁਤ ਸਾਰੇ ਅਜਿਹੇ ਪ੍ਰੋਗਰਾਮ ਜਿਹਨਾਂ ਤੇ ਹਰ ਮੁਲਕ ਦਾ ਭਵਿੱਖ ਟਿਕਿਆ ਹੁੰਦਾ ਹੈ। ਫਿਲਹਾਲ ਕਿਸੇ ਪਾਰਟੀ ਦੇ ਏਜੰਡੇ ਤੇ ਨਹੀਂ ਹਨ। ਅਸੀਂ ਇੱਕੀਵੀ ਸਦੀ ਵਿਚ ਰਹਿ ਰਹੇ ਹਾਂ, ਦੇਸ਼ ਦੇ ਭਵਿੱਖ ਪ੍ਰਤੀ ਸਾਡੀ ਰਾਜਨੀਤੀ ਦਾ ਸੱਚ ਇਹ ਹੈ ਕਿ ਇੱਥੇ ‘ਰਾਜ’ ਕਰਨ ਦੀ ਲਾਲਸਾ ਤਾਂ ਹੈ ਪਰ ਦੇਸ਼ ਲਈ ‘ਨੀਤੀ’ ਕੋਈ ਨਹੀਂ। ਸਰਕਾਰਾਂ ਵੱਲੋਂ ਅਜੇ ਵਿਚਾਰਿਆ ਜਾਣਾ ਬਾਕੀ ਹੈ ਕਿ ਕਿੰਨੇ ਵਿਦਿਆਰਥੀ ਕਿਸ ਖੇਤਰ ਦੀ ਪੜ੍ਹਾਈ ਕਰ ਹਰ ਹਨ ਅਤੇ ਉਹਨਾਂ ਦੇ ਰੁਜ਼ਗਾਰ ਲਈ ਕਿਸ ਤਰ੍ਹਾਂ ਦੀਆਂ ਤਰਜੀਹਾਂ ਤੇ ਕੰਮ ਕੀਤਾ ਜਾਵੇ? ਕਿੰਨੇ ਬੱਚੇ ਹਨ ਜੋ ਸਕੂਲੀ ਵਿਦਿਆ ਲੈ ਰਹੇ ਹਨ? ਅਗਲੇ ਸਾਲਾਂ ਦੌਰਾਨ ਜਦੋਂ ਇਹ ਬੱਚੇ ਯੂਨੀਵਰਸਿਟੀਆਂ ਵਿਚੋਂ ਡਿਗਰੀਆਂ ਡਿਪਲੋਮੇ ਲੈ ਕੇ ਬਾਹਰ ਆਉਣਗੇ ਤਾਂ ਉਹਨਾਂ ਦੇ ਰੁਜ਼ਗਾਰ ਲਈ ਸਾਡੇ ਕੋਲ ਕੀ ਪ੍ਰੋਗਰਾਮ ਹੋਵੇਗਾ? ਮੁਲਕ ਵਿਚ ਲਾਇਨਮੈਨ, ਇੰਜਨੀਅਰ, ਬੀਐੱਡ, ਐੱਮਐੱਡ, ਐੱਮਐੱਸਸੀ, ਐੱਮਟੈੱਕ, ਪੀਐਚਡੀ ਤੱਕ ਪੜ੍ਹੇ ਲੱਖਾਂ ਨੌਜੁਆਨ ਬੇਰੁਜ਼ਗਾਰ ਹਨ। ਸੂਚਨਾ ਅਤੇ ਤਕਨਾਲੋਜੀ ਦੇ ਜ਼ਮਾਨੇ ਵਿਚ ਇਹ ਦੱਸਿਆ ਜਾਣਾ ਚਾਹੀਦਾ ਹੈ ਕਿ ਜਿਸ ਵਿਸ਼ੇ ਦੀ ਤੁਸੀਂ ਪੜ੍ਹਾਈ ਕਰ ਰਹੇ ਹੋ, ਉਸ ਦਾ ਦੇਸ਼ ਵਿਚ ਕੀ ਭਵਿੱਖ ਹੈ? ਇਸ ਦੇ ਨਾਲ ਨਾਲ ਇਹ ਵੀ ਦੱਸਿਆ ਜਾਣਾ ਚਾਹੀਦਾ ਹੈ ਕਿ ਹੁਣ ਤੱਕ ਇੰਨੇ ਲੋਕ ਇਸ ਵਿਸ਼ੇ ਦੀ ਪੜ੍ਹਾਈ ਕਰ ਚੁੱਕੇ ਹਨ ਪਰ ਉਹਨਾਂ ਨੂੰ ਨੌਕਰੀ ਨਹੀਂ ਦਿੱਤੀ ਜਾ ਸਕੀ। ਅਸੀਂ ਅਜਿਹੇ ਮਾਹੌਲ ਵਿਚ ਰਹਿਣ ਦੇ ਆਦੀ ਹੋ ਗਏ ਹਾਂ ਜਿੱਥੇ ਬਹੁਤ ਕੁਝ ਬੇਤਰਤੀਬ ਹੈ ਅਤੇ ਇਸ ਸਾਰੇ ਕੁਝ ਨੂੰ ਤਰਤੀਬ ਦਿੱਤੇ ਬਗੈਰ ਦੇਸ਼ ਦਾ ਵਿਕਾਸ ਸੰਭਵ ਨਹੀਂ। ਦੇਸ਼ ਵਿਚ ਹਰ ਪਾਸੇ ਕਾਰਪੋਰੇਟ ਕੰਪਨੀਆਂ ਦੇ ਪੈਰਾਂ ਥੱਲੇ ਤਲੀਆਂ ਦੇਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਪਰ ਖੇਤੀਬਾੜੀ ਨੂੰ ਘਾਟੇ ਵਾਲਾ ਸੌਦਾ ਦੱਸ ਕੇ ਪਹਿਲਾਂ ਦਰਕਿਨਾਰ ਕਰੀ ਰੱਖਿਆ ਤੇ ਹੁਣ ਕੇਂਦਰ ਦੀ ਸਰਕਾਰ ਖੇਤੀ ਨੂੰ ਕਾਰਪੋਰੇਟ ਹੱਥਾਂ ਵਿਚ ਦੇਣ ਲਈ ਕਾਹਲੀ ਹੈ। ਹਕੀਕਤ ਇਹ ਹੈ ਕਿ ਇਸ ਦੇਸ਼ ਵਿਚ ਸਭ ਤੋਂ ਵੱਧ ਲੋਕ ਖੇਤੀਬਾੜੀ ਨਾਲ ਜੁੜੇ ਹੋਏ ਹਨ। ਸਭ ਤੋਂ ਵੱਧ ਲੋਕਾਂ ਨੂੰ ਸਿੱਧੇ ਜਾਂ ਅਸਿੱਧੇ ਢੰਗ ਨਾਲ ਰੁਜ਼ਗਾਰ ਖੇਤੀ ਤੋਂ ਮਿਲਦਾ ਹੈ। ਖੇਤੀਬਾੜੀ ਵਿਕਸਤ ਕਰਨ ਲਈ ਆਧੁਨਿਕ ਤਰਜੀਹਾਂ ਤੇ ਕੰਮ ਕੀਤਾ ਜਾਣਾ ਚਾਹੀਦਾ ਸੀ, ਨਹੀਂ ਹੋਇਆ ਅਤੇ ਇਸ ਦੇ ਉਲਟ ਕਿਰਸਾਨੀ ਨੂੰ ਦੇਸ਼ ਨਿਕਾਲਾ ਦੇਣ ਦੀਆਂ ਸਾਜਿ਼ਸ਼ਾਂ ਹੋ ਰਹੀਆਂ ਹਨ।

ਪੜ੍ਹੇ ਲਿਖੇ ਨੌਜੁਆਨ ਜੋ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਹਨ, ਕੋਲ ਸਿਰਫ ਇੱਕ ਹੀ ਰਸਤਾ ਬਚਿਆ ਹੈ- ਬਾਹਰ ਦਾ ਰਸਤਾ। ਕਿਸੇ ਬਾਹਰਲੇ ਮੁਲਕ ਵਿਚ ਜੇ ਸਾਡੇ ਨੌਜੁਆਨਾਂ ਨੂੰ ਰੁਜ਼ਗਾਰ ਮਿਲ ਸਕਦਾ ਹੈ ਤਾਂ ਇੱਥੇ ਕਿਉਂ ਨਹੀਂ? ਲੋਕ ਆਜ਼ਾਦੀ ਤੋਂ ਪਹਿਲਾਂ ਜਦੋਂ ਇੱਥੇ ਬਦਤਰ ਹਾਲਾਤ ਸਨ, ਉਦੋਂ ਵੀ ਬਾਹਰਲੇ ਮੁਲਕਾਂ ਵੱਲ ਜਾਂਦੇ ਸੀ ਪਰ ਕਮਾਈਆਂ ਕਰਕੇ ਦੇਸ਼ ਪਰਤਦੇ ਸਨ ਪਰ ਹੁਣ ਸਥਿਤੀ ਇਸ ਤੋਂ ਉਲਟ ਹੈ। ਹੁਣ ਪੜ੍ਹੇ ਲਿਖੇ ਹੁਨਰਮੰਦ ਸਾਧਨਾਂ ਵਾਲੇ ਲੋਕ ਮੁਲਕ ਵਿਚੋਂ ਹਿਜਰਤ ਕਰ ਰਹੇ ਹਨ। ਹੁਣ ਇਹ ਦੂਜੇ ਮੁਲਕਾਂ ਵਿਚੋਂ ਕਮਾਈ ਕਰਨ ਨਹੀਂ ਜਾਂਦੇ ਬਲਕਿ ਇੱਥੋਂ ਆਪਣੀ ਛੱਲੀ ਪੂਣੀ ਵੇਚ ਕੇ ਉਧਰ ਜਾ ਰਹੇ ਹਨ। ਪਹਿਲਾਂ ਉਧਰੋਂ ਪੈਸਾ ਇੱਧਰ ਆਉਂਦਾ ਸੀ, ਹੁਣ ਜਾ ਰਿਹਾ ਹੈ। ਇਹ ਦੇਸ਼ ਦੀ ਘੋਰ ਨਿਰਾਸ਼ਾਜਨਕ ਹਾਲਤ ਹੈ ਪਰ ਸਾਡੇ ਨੇਤਾ ਇਸ ਤੇ ਮਾਣ ਮਹਿਸੂਸ ਕਰ ਰਹੇ ਹਨ। ਇਹ ਪਰਵਾਸ ਵਧ ਰਿਹਾ ਹੈ ਜਾਂ ਘੱਟ ਹੋ ਰਿਹਾ ਹੈ, ਇਸ ਬਾਰੇ ਚਰਚਾ ਕਿਤੇ ਨਹੀਂ ਹੋ ਰਹੀ। ਰਾਜਨੀਤਕ ਧਿਰਾਂ ਜਾਂ ਮੀਡੀਆ ਹਾਊਸ ਨੇ ਅਜਿਹੇ ਮਸਲਿਆਂ ਲਈ ਅਜੇ ਸੋਚਣਾ ਹੈ।

ਕਰੋਨਾ ਮਹਾਮਾਰੀ ਮਗਰੋਂ ਦੇਸ਼ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਹੋਰ ਵੀ ਭਿਆਨਕ ਹੋ ਗਈ ਹੈ ਪਰ ਚੋਣਾਂ ਵਿਚ ਇਹ ਕਹਿ ਕੇ ਸਾਰ ਦਿੱਤਾ ਜਾਂਦਾ ਹੈ ਕਿ ਹਰ ਸਾਲ ਐਨੇ ਲੱਖ ਲੋਕਾਂ ਨੂੰ ਨੌਕਰੀ ਦੇਵਾਂਗੇ ਜਾਂ ਐਨੇ ਲੱਖ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਹਕੀਕਤ ਇਹ ਹੈ ਕਿ ਸਰਕਾਰੀ ਨੌਕਰੀਆਂ ਘਟ ਰਹੀਆਂ ਹਨ। ਦੇਸ਼ ਦੀ ਜਨਸੰਖਿਆ ਵਧਣ ਨਾਲ ਜਿਸ ਅਨੁਪਾਤ ਵਿਚ ਸਰਕਾਰੀ ਅਦਾਰੇ ਅਤੇ ਸਰਕਾਰੀ ਨੌਕਰੀਆਂ ਵਧਣੀਆਂ ਚਾਹੀਦੀਆਂ ਸਨ, ਨਹੀਂ ਵਧ ਰਹੀਆਂ। ਚੋਣਾਂ ਦੌਰਾਨ ਲੋਕਾਂ ਨੂੰ ਵਰਗਲਾਉਣ ਲਈ ਦਿਖਾਇਆ ਕੁਝ ਹੋਰ ਜਾਂਦਾ ਹੈ, ਉਹਨਾਂ ਅੱਗੇ ਪੇਸ਼ ਕੁਝ ਹੋਰ ਕੀਤਾ ਜਾਦਾ ਹੈ। ਲੋਕ ਮੰਗਦੇ ਕੁਝ ਹੋਰ ਹਨ ਪਰ ਉਹਨਾਂ ਨੂੰ ਦਿੱਤਾ ਉਹ ਕੁਝ ਜਾਂਦਾ ਹੈ ਜਿਸ ਦਾ ਉਹਨਾਂ ਨੂੰ ਚਿੱਤ-ਚੇਤਾ ਵੀ ਨਹੀਂ ਹੁੰਦਾ। ਪੰਜਾਬ ਵਿਚ ਆਕਾਲੀ ਭਾਜਪਾ ਸਰਕਾਰ ਵੱਲੋਂ ਮੁਫਤ ਤੀਰਥ ਯਾਤਰਾ ਸਕੀਮ ਜੋ ਮਗਰੋਂ ਕਾਂਗਰਸ ਸਰਕਾਰ ਨੇ ਬੰਦ ਕਰ ਦਿੱਤੀ ਹੈ, ਇਸ ਦੀ ਤਾਜ਼ਾ ਮਿਸਾਲ ਹੈ।

ਪਿਛਲੇ ਕੁਝ ਅਰਸੇ ਤੋਂ ਵੱਖ ਵੱਖ ਪਾਰਟੀਆਂ ਦੀਆਂ ਸਰਕਾਰਾਂ ਨੇ ਨਿਜੀਕਰਨ ਨੂੰ ਤਰਜੀਹ ਦੇ ਕੇ ਵੱਖ ਵੱਖ ਮਹਿਕਮਿਆਂ/ਅਦਾਰਿਆਂ ਨੂੰ ਜਿਵੇਂ ਪ੍ਰਾਈਵੇਟ ਹੱਥਾਂ ਵਿਚ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ, ਉਸ ਨਾਲ ਬੇਰੁਜ਼ਗਾਰੀ ਅਤੇ ਮਹਿੰਗਾਈ ਹੋਰ ਜਿ਼ਆਦਾ ਵਧੀ ਹੈ। ਰਾਜਸੀ ਜਮਾਤਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਸਰਕਾਰੀ ਖੈਰਾਤਾਂ ਲਈ ਮੰਗਤੇ ਨਾ ਬਣਾਉਣ ਬਲਕਿ ਉਹਨਾਂ ਤਰਜੀਹਾਂ ਤੇ ਕੰਮ ਕਰਨ ਜਿਸ ਨਾਲ ਲੋਕ ਆਤਮ-ਨਿਰਭਰ ਬਣਨ। ਇਸ ਨਾਲ ਉਹਨਾਂ ਸਭ ਤਰਜੀਹਾਂ ਦੀ ਸ਼ਨਾਖਤ ਕਰਨ ਦੀ ਲੋੜ ਹੈ ਜਿਹਨਾਂ ਤੇ ਚੱਲਦਿਆਂ ਅਮੀਰ ਧਨਾਢ ਬਣ ਰਿਹਾ ਹੈ ਅਤੇ ਗਰੀਬ ਕੰਗਾਲ ਹੋ ਰਿਹਾ ਹੈ। ਉਹ ਰਾਜਨੀਤੀ ਜੋ ਆਮ ਲੋਕਾਂ ਦੇ ਦੁੱਖਾਂ ਦਰਦਾਂ ਦੀ ਗੱਲ ਕਰੇ, ਲੋਕਾਂ ਦੇ ਵਿਹੜਿਆਂ, ਘਰਾਂ, ਬੱਚਿਆਂ, ਨੌਜੁਆਨਾਂ ਅਤੇ ਬਜ਼ੁਰਗਾਂ ਦੀਆਂ ਮੁਸ਼ਕਿਲਾਂ, ਸਮੱਸਿਆਵਾਂ ਨੂੰ ਸਮਝੇ। ਮੌਜੂਦਾ ਮਸਲਿਆਂ ਪ੍ਰਤੀ ਸਾਰਥਕ ਉਪਰਾਲੇ ਕਰੇ, ਦੇਸ਼ ਨੂੰ ਅੱਗੇ ਲੈ ਕੇ ਜਾਣ ਵਾਲੀਆਂ ਦੇਸ਼ ਦੇ ਲੋਕਾਂ ਦੇ ਹਿੱਤਾਂ ਨਾਲ ਜੁੜੀਆਂ ਵੱਡੀਆਂ ਭਵਿੱਖਮੁਖੀ ਯੋਜਨਾਵਾਂ ਉਲੀਕੇ ਜਿਸ ਦੀ ਦੇਸ਼ ਨੂੰ ਉਡੀਕ ਹੈ।

ਸੰਪਰਕ: 98550-51099

Source link