ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਦਸੰਬਰ

ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਉਦਯੋਗਿਕ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਅੱਜ ਚੇਨੱਈ ਵਿੱਚ ਵੱਡੇ ਉਦਯੋਗਪਤੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਸਨਅਤਕਾਰਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਤਾਂ ਜੋ ਸੂਬੇ ਨੂੰ ਦੇਸ਼ ਦੇ ਮੋਹਰੀ ਉਦਯੋਗਿਕ ਹੱਬ ਵਜੋਂ ਵਿਕਸਤ ਕੀਤਾ ਜਾ ਸਕੇ।

ਪ੍ਰਾਪਤ ਜਾਣਕਾਰੀ ਅਨੁਸਾਰ ਭਗਵੰਤ ਮਾਨ ਨੇ ਮੀਟਿੰਗ ਦੌਰਾਨ ਉੱਥੋਂ ਦੇ ਸਨਅਤਕਾਰਾਂ ਨੂੰ ਸੱਦਾ ਦਿੱਤਾ ਕਿ ਉਹ ਅਗਲੇ ਸਾਲ 23-24 ਫਰਵਰੀ ਨੂੰ ਹੋਣ ਵਾਲੇ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਸ਼ਾਮਲ ਹੋਣ ਤੇ ਪੰਜਾਬ ਵਿੱਚ ਨਿਵੇਸ਼ ਕਰਨ ਦੇ ਮੌਕੇ ਦਾ ਲਾਭ ਉਠਾਉਣ। ਮੁੱਖ ਮੰਤਰੀ ਦੀ ਅਗਵਾਈ ਹੇਠ ਗਏ ਵਫ਼ਦ ਨੇ ਅੱਜ ਐੱਮਡੀ ਮੁਰੂਗੱਪਾ ਗਰੁੱਪ, ਚੇਅਰਮੈਨ ਟਿਊਬ ਇੰਡੀਆ ਇਨਵੈਸਟਮੈਂਟਸ ਅਰੁਣ ਮੁਰੂਗੱਪਾ, ਸੀਐੱਫਓ ਤੇ ਬੋਰਡ ਮੈਂਬਰ ਅਸ਼ੋਕਾ ਲੇਅਲੈਂਡ ਗੋਪਾਲ ਮਹਾਦੇਵਨ, ਟੈਫੇ ਗਰੁੱਪ ਦੇ ਸੀਈਓ ਸੰਦੀਪ ਸਿਨਹਾ, ਲੁਕਾਸ-ਟੀਵੀਐੱਸ ਦੇ ਐੱਮਡੀ ਅਰਵਿੰਦ ਬਾਲਾਜੀ ਸਮੇਤ ਉੱਘੇ ਸਨਅਤਕਾਰਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਉਕਤ ਕੰਪਨੀਆਂ ਨਾਲ ਗੱਡੀਆਂ ਦੇ ਪੁਰਜਿਆਂ, ਵਾਹਨ ਨਿਰਮਾਣ, ਸਿਹਤ ਸੰਭਾਲ, ਹੁਨਰ ਵਿਕਾਸ, ਖੇਤੀਬਾੜੀ ਉਪਕਰਨ, ਲੌਜਿਸਟਿਕਸ ਅਤੇ ਵੇਅਰਹਾਊਸਿੰਗ, ਊਰਜਾ ਦੇ ਨਵਿਆਉਣਯੋਗ ਸਰੋਤ, ਖੋਜ ਤੇ ਵਿਕਾਸ ਸਣੇ ਹੋਰ ਖੇਤਰਾਂ ਵਿੱਚ ਸੰਭਾਵੀ ਸਹਿਯੋਗ ਬਾਰੇ ਗੱਲਬਾਤ ਕੀਤੀ।

ਮੁੱਖ ਮੰਤਰੀ ਨੇ ਪੰਜਾਬ ਵਿੱਚ ਸਨਅਤ ਦੇ ਵਿਕਾਸ ਦੀ ਸਮਰੱਥਾ ਬਾਰੇ ਦੱਸਿਆ। ਪਿਛਲੇ ਨੌਂ ਮਹੀਨਿਆਂ ਦੌਰਾਨ ਪੰਜਾਬ ਨੂੰ ਲਗਪਗ 27,000 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਪ੍ਰਾਪਤ ਹੋਏ ਹਨ, ਜਿਸ ਨਾਲ ਰੁਜ਼ਗਾਰ ਦੇ 1.25 ਲੱਖ ਮੌਕੇ ਪੈਦਾ ਹੋਣ ਦੀ ਸੰਭਾਵਨਾ ਹੈ। ਸ੍ਰੀ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਆਪਣੇ ਕਾਰੋਬਾਰ ਸਥਾਪਤ ਕਰਨ ਵਾਲੇ ਨਵੇਂ ਉਦਯੋਗਾਂ ਅਤੇ ਨਿਵੇਸ਼ਕਾਂ ਨੂੰ ਅਨੁਕੂਲ ਮਾਹੌਲ ਦੇਣ ਲਈ ਕੰਮ ਕਰ ਰਹੀ ਹੈ। ਇਸ ਮੌਕੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ, ਪ੍ਰਮੁੱਖ ਸਕੱਤਰ (ਉਦਯੋਗ) ਦਲੀਪ ਕੁਮਾਰ, ਇਨਵੈਸਟ ਪੰਜਾਬ ਦੇ ਸੀ.ਈ.ਓ. ਕਮਲ ਕਿਸ਼ੋਰ ਯਾਦਵ, ਮੁੱਖ ਮੰਤਰੀ ਦੇ ਵਧੀਕ ਵਿਸ਼ੇਸ਼ ਪ੍ਰਮੁੱਖ ਸਕੱਤਰ ਹਿਮਾਂਸ਼ੂ ਜੈਨ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Source link