ਪ੍ਰਿੰਸੀਪਲ ਵਿਜੈ ਕੁਮਾਰ

ਕੋਈ ਸਮਾਂ ਸੀ ਕਿ ਅਧਿਆਪਕ ਸਕੂਲਾਂ ਵਿੱਚ ਬੱਚਿਆਂ ਨੂੰ ਐਨੀ ਜ਼ਿਆਦਾ ਮਿਹਨਤ ਕਰਵਾਉਂਦੇ ਸਨ ਕਿ ਬੱਚਿਆਂ ਨੂੰ ਟਿਊਸ਼ਨ ਦੀ ਲੋੜ ਹੀ ਨਹੀਂ ਪੈਂਦੀ ਸੀ ਪਰ ਹੁਣ ਬੱਚੇ ਸਕੂਲਾਂ ਵਿੱਚ ਘੱਟ, ਟਿਊਸ਼ਨਾਂ ’ਤੇ ਜ਼ਿਆਦਾ ਪੜ੍ਹਦੇ ਹਨ। ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਟਿਊਸ਼ਨ ’ਤੇ ਨਿਰਭਰਤਾ ਵਧਦੀ ਜਾ ਰਹੀ ਹੈ। ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਟਿਊਸ਼ਨ ਬਾਰੇ ਇਹ ਧਾਰਨਾ ਬਣ ਚੁੱਕੀ ਹੈ ਕਿ ਟਿਊਸ਼ਨ ਪੜ੍ਹੇ ਬਗੈਰ ਪਾਸ ਹੋਣਾ ਅਸੰਭਵ ਹੈ। ਕਿਸੇ ਵੇਲੇ ਬੱਚੇ ਪ੍ਰੀਖਿਆਵਾਂ ਦੇ ਨੇੜੇ ਆ ਕੇ ਅਧਿਆਪਕ ਕੋਲ ਦੋ ਤਿੰਨ ਮਹੀਨੇ ਅੰਗਰੇਜ਼ੀ, ਗਣਿਤ ਅਤੇ ਵਿਗਿਆਨ ਵਿਸ਼ੇ ਦੀ ਟਿਊਸ਼ਨ ਪੜ੍ਹ ਲੈਂਦੇ ਸਨ ਪਰ ਹੁਣ ਤਾਂ ਗਲੀ-ਗਲੀ ਵਿੱਚ ਟਿਊਸ਼ਨ ਪੜ੍ਹਾਉਣ ਦੇ ਬੋਰਡ ਲਟਕ ਰਹੇ ਹਨ। ਇਨ੍ਹਾਂ ਟਿਊਸ਼ਨ ਪੜ੍ਹਾਉਣ ਵਾਲਿਆਂ ਨੇ ਇਸ ਨੂੰ ਧੰਦਾ ਬਣਾ ਕੇ ਕੋਚਿੰਗ ਸੈਂਟਰ ਦਾ ਨਾਂ ਦੇ ਦਿੱਤਾ ਹੈ। ਸਕੂਲ ਸਰਕਾਰੀ ਹੋਵੇ ਜਾਂ ਪ੍ਰਾਈਵੇਟ ਬੱਚੇ ਦਾ ਸਕੂਲ ਜਾਣਾ ਜ਼ਰੂਰੀ ਨਹੀਂ ਸਮਝਿਆ ਜਾਂਦਾ, ਜਿੰਨਾ ਟਿਊਸ਼ਨ ’ਤੇ ਜਾਣਾ ਸਮਝਿਆ ਜਾਂਦਾ ਹੈ। ਜੇਕਰ ਇਹ ਕਹਿ ਲਿਆ ਜਾਵੇ ਕਿ ਟਿਊਸ਼ਨ ਸਟੇਟਸ ਸਿੰਬਲ ਬਣ ਗਿਆ ਹੈ ਤਾਂ ਕੋਈ ਅਤਿ ਕਥਨੀ ਨਹੀਂ ਹੋਵੇਗੀ। ਪ੍ਰੈਕਟੀਕਲ ਤੇ ਅਸੈਸਮੈਂਟ ਦੇ ਅੰਕ ਚੰਗੇ ਲਾਉਣ ਦੀ ਆੜ ਵਿੱਚ ਬੱਚਿਆਂ ਨੂੰ ਜਬਰਦਸਤੀ ਟਿਊਸ਼ਨ ਪੜ੍ਹਨ ਲਈ ਵੀ ਮਜਬੂਰ ਕੀਤਾ ਜਾਂਦਾ ਹੈ। ਕਈ ਅਧਿਆਪਕ ਤਾਂ ਪੜ੍ਹਾਉਂਦੇ ਹੀ ਟਿਊਸ਼ਨ ’ਤੇ ਹਨ, ਸਕੂਲ ਵਿੱਚ ਉਹ ਖਾਨਾਪੂਰਤੀ ਕਰਦੇ ਹਨ। ਮੈਂ ਕਈ ਅਜਿਹੇ ਅਧਿਆਪਕਾਂ ਨੂੰ ਜਾਣਦਾ ਹਾਂ ਜਿਹੜੇ ਬੱਚਿਆਂ ਨੂੰ ਆਪਣੇ ਵਿਸ਼ੇ ਵਿੱਚ ਇਸ ਲਈ ਫੇਲ੍ਹ ਕਰ ਦਿੰਦੇ ਹਨ ਤੇ ਉਨ੍ਹਾਂ ਦੇ ਪ੍ਰੈਕਟੀਕਲ ਅਤੇ ਅਸੈਸਮੈਂਟ ਦੇ ਘੱਟ ਅੰਕ ਲਗਾਉਂਦੇ ਹਨ ਕਿਉਂਕਿ ਉਨ੍ਹਾਂ ਨੇ ਉਸ ਅਧਿਆਪਕ ਕੋਲ ਟਿਊਸ਼ਨ ਨਹੀਂ ਲਗਾਈ ਹੁੰਦੀ।

ਬੱਚਿਆਂ ਦੀ ਜ਼ਿੰਦਗੀ ਇੱਕ ਮਸ਼ੀਨ ਅਤੇ ਕੱਠਪੁਤਲੀ ਬਣ ਕੇ ਰਹਿ ਚੁੱਕੀ ਹੈ। ਘਰ ਤੋਂ ਸਕੂਲ, ਸਕੂਲ ਤੋਂ ਟਿਊਸ਼ਨ ਜਾਣ ਵਿੱਚ ਹੀ ਉਨ੍ਹਾਂ ਦਾ ਬਚਪਨ ਗੁਜ਼ਰ ਜਾਂਦਾ ਹੈ। ਨਾ ਉਨ੍ਹਾਂ ਕੋਲ ਖੇਡਣ ਦਾ ਸਮਾਂ ਹੁੰਦਾ ਹੈ ਤੇ ਨਾ ਹੀ ਆਪਣੇ ਮਾਪਿਆਂ ਨਾਲ ਰਲ ਮਿਲਕੇ ਬੈਠਣ ਦਾ। ਉਨ੍ਹਾਂ ਤੋਂ ਉਨ੍ਹਾਂ ਦਾ ਬਚਪਨ ਖੋਹ ਲਿਆ ਜਾਂਦਾ ਹੈ। ਉਨ੍ਹਾਂ ਦੇ ਚਿਹਰਿਆਂ ਦੀ ਰੌਣਕ ਪੇਤਲੀ ਪੈ ਜਾਂਦੀ ਹੈ। ਛੋਟੀ ਉਮਰ ਵਿੱਚ ਹੀ ਉਨ੍ਹਾਂ ਦੇ ਐਨਕਾਂ ਲੱਗ ਜਾਂਦੀਆਂ ਹਨ। ਉਹ ਕਿਸੇ ਨਾਲ ਮਨ ਦੀ ਗੱਲ ਕਰਨ ਲਈ ਤਰਸ ਜਾਂਦੇ ਹਨ। ਉਹ ਮਨੋਵਿਗਿਆਨਕ ਤੌਰ ’ਤੇ ਦਬਾਅ ਵਿੱਚ ਆ ਜਾਂਦੇ ਹਨ। ਉਹ ਜਾਂ ਤਾਂ ਬਹੁਤ ਜ਼ਿਆਦਾ ਮੋਟੇ ਹੋ ਜਾਂਦੇ ਹਨ ਜਾਂ ਫਿਰ ਜਮ੍ਹਾਂ ਹੀ ਮਾੜਚੂ ਜਿਹੇ ਬਣ ਜਾਂਦੇ ਹਨ। ਬੜੇ ਸ਼ਹਿਰਾਂ ਦੇ ਮਹਿੰਗੇ ਸਕੂਲਾਂ ਵਿੱਚ ਵਿਦਿਅਕ ਵਰ੍ਹੇ ਦੇ ਆਰੰਭ ਤੋਂ ਹੀ ਟਿਊਸ਼ਨ ਲਈ ਸਾਰੇ ਸਾਲ ਵਾਸਤੇ ਅਧਿਆਪਕਾਂ ਕੋਲ ਬੁਕਿੰਗ ਹੋ ਜਾਂਦੀ ਹੈ। ਬੱਚਿਆਂ ਨੂੰ ਵੱਡੇ ਅਫਸਰ, ਡਾਕਟਰ, ਜੱਜ ਅਤੇ ਪ੍ਰਸ਼ਾਸਨਿਕ ਅਧਿਕਾਰੀ ਬਣਾਉਣ ਦੀ ਅੰਨ੍ਹੀ ਦੌੜ ਵਿੱਚ ਮਾਪਿਆਂ ਨੂੰ ਬੱਚਿਆਂ ਦੀ ਚੰਗੀ ਸਿਹਤ, ਉਨ੍ਹਾਂ ਦੇ ਖੇਡਣ ਅਤੇ ਹੱਸਣ ਦਾ ਧਿਆਨ ਹੀ ਨਹੀਂ ਰਿਹਾ। ਬੱਚਿਆਂ ਦੇ ਮਾਪਿਆਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜੇਕਰ ਉਨ੍ਹਾਂ ਦੇ ਬੱਚਿਆਂ ਦੀ ਸਿਹਤ ਹੀ ਠੀਕ ਨਾ ਰਹੀ ਤਾਂ ਉੱਚੇ ਅਹੁਦੇ ਉਨ੍ਹਾਂ ਦੇ ਕਿਸ ਕੰਮ ਆਉਣਗੇ। ਅਜੋਕੇ ਦੌਰ ਵਿੱਚ ਟਿਊਸ਼ਨ ’ਤੇ ਬੱਚੇ ਕੀ ਪੜ੍ਹਦੇ ਹਨ ਇਹ ਮਹੱਤਵਪੂਰਨ ਨਹੀਂ, ਇਸ ਤੋਂ ਜ਼ਿਆਦਾ ਸੋਚਣ ਸਮਝਣ ਤੇ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਬੱਚੇ ਗਲਤ ਆਦਤਾਂ ਦਾ ਸ਼ਿਕਾਰ ਤਾਂ ਨਹੀਂ ਹੋ ਰਹੇ। ਟਿਊਸ਼ਨ ਪੜ੍ਹਾਉਣ ਵਾਲੇ ਅਧਿਆਪਕਾਂ ਦੇ ਘਰ ਦੇ ਬਾਹਰ ਖੜ੍ਹੇ ਕਈ ਮੁੰਡੇ ਕੁੜੀਆਂ ਨੂੰ ਵੇਖ ਕੇ ਬੰਦਾ ਇਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਇਹ ਟਿਊਸ਼ਨ ਪੜ੍ਹਨ ਲਈ ਆਏ ਹੋਏ ਹਨ ਜਾਂ ਇੱਕ ਦੂਜੇ ਨਾਲ ਗੱਲਾਂ ਮਾਰਨ, ਸ਼ਰਾਰਤਾਂ ਕਰਨ, ਮੋਬਾਈਲਾਂ ਤੇ ਸੈਲਫੀਆਂ ਲੈਣ। ਅਜੋਕਾ ਸਮਾਂ ਮੰਗ ਕਰਦਾ ਹੈ ਕਿ ਜਿਨ੍ਹਾਂ ਲੋਕਾਂ ਦੇ ਬੱਚੇ ਟਿਊਸ਼ਨ ਪੜ੍ਹਨ ਜਾਂਦੇ ਹਨ, ਉਨ੍ਹਾਂ ਨੂੰ ਆਪਣੇ ਬੱਚਿਆਂ ਦਾ ਉਚੇਚੇ ਤੌਰ ’ਤੇ ਧਿਆਨ ਰੱਖਣ ਦੀ ਜ਼ਰੂਰਤ ਹੈ। ਬੱਚਿਆਂ ਦੇ ਮਾਪਿਆਂ ਨੂੰ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਹੈ ਕਿ ਉਹ ਟਿਊਸ਼ਨ ਰਖਾ ਕੇ ਆਪਣੇ ਫਰਜ਼ਾਂ ਤੋਂ ਵਿਹਲੇ ਹੋ ਗਏ ਹਨ। ਟਿਊਸ਼ਨ ਵਾਲੇ ਅਧਿਆਪਕ ਦੀ ਚੋਣ ਬਹੁਤ ਸੋਚ ਸਮਝ ਕੇ ਕੀਤੀ ਜਾਵੇ। ਟਿਊਸ਼ਨ ਲੋੜ ਅਨੁਸਾਰ ਹੀ ਰਖਾਈ ਜਾਵੇ। ਬੱਚਾ ਟਿਊਸ਼ਨ ’ਤੇ ਪੜ੍ਹਾਈ ਦੇ ਬੋਝ ਹੇਠ ਦਬਕੇ ਨਾ ਰਹਿ ਜਾਵੇ, ਉਸ ਦੀ ਜ਼ਿੰਦਗੀ ਮਸ਼ੀਨ ਨਾ ਬਣਕੇ ਰਹਿ ਜਾਵੇ। ਉਸ ਨੂੰ ਖੇਡਣ ਅਤੇ ਮਨੋਰੰਜਨ ਕਰਨ ਦਾ ਮੌਕਾ ਜ਼ਰੂਰ ਮਿਲੇ। ਜੇਕਰ ਆਪਣੇ ਘਰ ਵਿੱਚ ਕੋਈ ਪੜ੍ਹਾਉਣ ਵਾਲਾ ਹੋਵੇ ਤਾਂ ਟਿਊਸ਼ਨ ਬਿਲਕੁਲ ਨਾ ਰਖਾਈ ਜਾਵੇ। ਹੋ ਸਕੇ ਤਾਂ ਛੋਟੀਆਂ ਜਮਾਤਾਂ ਵਿੱਚ ਬੱਚਿਆਂ ਨੂੰ ਟਿਊਸ਼ਨ ਬਿਲਕੁਲ ਨਾ ਰਖਾਈ ਜਾਵੇ। ਟਿਊਸ਼ਨ ’ਤੇ ਬੱਚਾ ਕੀ ਪੜ੍ਹ ਕੇ ਆਇਆ ਹੈ, ਇਸ ਬਾਰੇ ਬੱਚੇ ਤੋਂ ਪੁੱਛਗਿੱਛ ਜ਼ਰੂਰ ਕੀਤੀ ਜਾਵੇ। ਟਿਊਸ਼ਨ ਵਾਲੇ ਅਧਿਆਪਕ ਨਾਲ ਰਾਬਤਾ ਕਾਇਮ ਰੱਖਿਆ ਜਾਵੇ। ਇਸ ਗੱਲ ਦਾ ਧਿਆਨ ਜ਼ਰੂਰ ਰੱਖਿਆ ਜਾਵੇ ਕਿ ਬੱਚਾ ਟਿਊਸ਼ਨ ’ਤੇ ਜਾ ਕੇ ਮਾੜੀਆ ਆਦਤਾਂ ਦਾ ਸ਼ਿਕਾਰ ਤਾਂ ਨਹੀਂ ਹੋ ਰਿਹਾ ? ਕੋਸ਼ਿਸ਼ ਕੀਤੀ ਜਾਵੇ ਕਿ ਟਿਊਸ਼ਨ ’ਤੇ ਜਾਣ ਲੱਗਿਆਂ ਬੱਚੇ ਨੂੰ ਮੋਬਾਈਲ ਨਾ ਦਿੱਤਾ ਜਾਵੇ।

ਇਸ ਸੱਚਾਈ ਨੂੰ ਕਦੇ ਵੀ ਅੱਖੋਂ ਪਰੋਖੇ ਨਾ ਕੀਤਾ ਜਾਵੇ ਕਿ ਟਿਊਸ਼ਨ ਸਭ ਕੁਝ ਨਹੀਂ ਸਗੋਂ ਲੋੜ ਪੈਣ ’ਤੇ ਇੱਕ ਸਹਾਇਤਾ ਹੈ। ਸਾਡੇ ਦੇਸ਼ ਦੀ ਸਿੱਖਿਆ ਵਿਵਸਥਾ ਦੀ ਇਹ ਬਹੁਤ ਵੱਡੀ ਤਰਾਸਦੀ ਹੈ ਕਿ ਸਕੂਲਾਂ ਨਾਲੋਂ ਟਿਊਸ਼ਨ ਤੇ ਕੋਚਿੰਗ ਸੈਂਟਰ ਜ਼ਿਆਦਾ ਮਹੱਤਵਪੂਰਨ ਬਣਦੇ ਜਾ ਰਹੇ ਹਨ। ਗਰੀਬ ਬੱਚੇ ਉਚੇਰੀ ਸਿੱਖਿਆ ਮਹਿੰਗੀਆਂ ਟਿਊਸ਼ਨਾਂ ਕਰ ਕੇ ਹਾਸਲ ਕਰਨ ਤੋਂ ਵਿਹੂਣੇ ਰਹਿ ਜਾਂਦੇ ਹਨ। ਪਤਾ ਨਹੀਂ ਸਾਡੇ ਦੇਸ਼ ਵਿੱਚ ਉਹ ਦਿਨ ਕਦੋਂ ਆਵੇਗਾ, ਜਦੋਂ ਬੱਚਿਆਂ ਨੂੰ ਇਨ੍ਹਾਂ ਟਿਊਸ਼ਨਾਂ ਤੋਂ ਮੁਕਤੀ ਮਿਲੇਗੀ।
ਸੰਪਰਕ: 9872627136 

Source link