ਨਵੀਂ ਦਿੱਲੀ, 22 ਦਸੰਬਰ

ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਦੇ ਅਧਿਕਾਰੀਆਂ ਨੂੰ ਭਵਿੱਖੀ ਕੌਮੀ ਚੋਣ ਕਮੇਟੀ ਦੇ ਉਮੀਦਵਾਰਾਂ ਦੇ ‘ਬਾਇਓ ਡੇਟਾ’ ਚੈੱਕ ਕਰਨ ਲਈ ‘ਈਮੇਲ ਬਾਕਸ’ ਖੋਲ੍ਹਣ ’ਤੇ ਸਚਿਨ ਤੇਂਦੁਲਕਰ, ਮਹਿੰਦਰ ਸਿੰਘ ਧੋਨੀ ਅਤੇ ਵੀਰੇਂਦਰ ਸਹਿਵਾਗ ਦੇ ਨਾਂ ਦੀਆਂ ਅਰਜ਼ੀਆਂ ਮਿਲੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਉਹ ਹੈਰਾਨ ਰਹਿ ਗਏ। ਇਹ ਗੱਲ ਇਥੇ ਹੀ ਨਹੀਂ ਰੁਕੀ। ਇਸ ਅਹੁਦੇ ਲਈ ਪਾਕਿਸਤਾਨੀ ਕਪਤਾਨ ਇੰਜ਼ਮਾਮ ਉਲ ਹੱਕ ਨੇ ਵੀ ਆਪਣੀ ਉਮੀਦਵਾਰੀ ਪੇਸ਼ ਕੀਤੀ ਹੈ। ਇਹ ਸਾਰੇ ‘ਬਾਇਓ ਡੇਟਾ’ ਕੁਝ ਧੋਖੇਬਾਜ਼ਾਂ ਨੇ ‘ਸਪੇੈਮ ਈਮੇਲ’ ਆਈਡੀ ਨਾਲ ਭੇਜੇ ਸਨ, ਜਿਨ੍ਹਾਂ ਦਾ ਮਕਸਦ ਬੀਸੀਸੀਆਈ ਨਾਲ ਕੁਝ ਮਜ਼ਾਕ ਕਰਨਾ ਸੀ। ਬੀਸੀਸੀਆਈ ਨੂੰ ਪੰਜ ਮੈਂਬਰੀ ਚੋਣ ਪੈਨਲ ਲਈ 600 ਤੋਂ ਵਧ ਈਮੇਲਾਂ ਮਿਲੀਆਂ ਹਨ ਅਤੇ ਇਨ੍ਹਾਂ ਵਿਚੋਂ ਕੁਝ ‘ਫਰਜ਼ੀ ਆਈਡੀ’ ਤੋਂ ਭੇਜੀਆਂ ਗਈਆਂ ਹਨ, ਜੋ ਤੇਂਦੁਲਕਰ, ਧੋਨੀ, ਸਹਿਵਾਗ ਅਤੇ ਇੰਜ਼ਮਾਮ ਦੇ ਨਾਂ ਦੀਆਂ ਹਨ। ਕਿ੍ਕਟ ਸਲਾਹਕਾਰ ਕਮੇਟੀ ਦੇ ਇਨ੍ਹਾਂ ਅਹੁਦਿਆਂ ਲਈ 10 ਨਾਵਾਂ ਦੀ ਚੋਣ ਕੀਤੀ ਜਾਣੀ ਹੈ ਅਤੇ ਮਗਰੋਂ ਅੰਤਿਮ ਪੰਜ ਦੀ ਚੋਣ ਕੀਤੀ ਜਾਵੇਗੀ। ਇਸ ਸਬੰਧੀ ਪ੍ਰਕਿਰਿਆ ਛੇਤੀ ਖ਼ਤਮ ਹੋਵੇਗੀ।ਕਾਬਿਲੇਗੌਰ ਹੈ ਕਿ ਬੀਸੀਸੀਆਈ ਨੇ ਪਿਛਲੇ ਮਹੀਨੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ’ਚੋਂ ਬਾਹਰ ਹੋਣ ਬਾਅਦ ਚੇਤਨ ਸ਼ਰਮਾ ਦੀ ਅਗਵਾਈ ਵਾਲੀ ਕਮੇਟੀ ਨੂੰ ਬਰਖਾਸਤ ਕਰ ਦਿੱਤਾ ਸੀ। ਪਰ ਨਵੀਂ ਕਮੇਟੀ ਦੇ ਗਠਨ ਤਕ ਇਹ ਕਮੇਟੀ ਕੰਮ ਕਰਦੀ ਰਹੇਗੀ। -ਏਜੰਸੀ

Source link