ਨਿੱਜੀ ਪੱਤਰ ਪ੍ਰੇਰਕ

ਬਟਾਲਾ, 16 ਅਪਰੈਲ

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਬਣਨ ਮਗਰੋਂ ਪ੍ਰਤਾਪ ਸਿੰਘ ਬਾਜਵਾ ਅੱਜ ਪਹਿਲੀ ਵਾਰ ਬਟਾਲਾ ਪੁੱਜੇ। ਉਨ੍ਹਾਂ ਪੰਜਾਬ ਸਰਕਾਰ ਦੀ ਮਹੀਨੇ ਭਰ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਸੂਬੇ ਦੇ ਬਿਜਲੀ ਸੰਕਟ ਉੱਤੇ ‘ਵ੍ਹਾਈਟ ਪੇਪਰ’ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਨੂੰ ਦੋ ਪੱਤਰ ਭੇਜ ਕੇ ਮੰਗ ਕੀਤੀ ਗਈ ਹੈ ਕਿ ਕਿਸਾਨਾਂ ਦੇ ਗੰਨੇ ਦੇ 800 ਕਰੋੜ ਰੁਪਏ ਬਕਾਇਆ ਰਾਸ਼ੀ ਦੇ ਭੁਗਤਾਨ ਲਈ ਚਾਰਾਜੋਈ ਕੀਤੀ ਜਾਵੇ। ਇਸ ਰਕਮ ਵਿੱਚ 500 ਕਰੋੜ ਰੁਪਏ ਪ੍ਰਾਈਵੇਟ ਅਤੇ 300 ਕਰੋੜ ਸਰਕਾਰੀ ਖੰਡ ਮਿੱਲਾਂ ਵੱਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਲੰਘੇ ਮਹੀਨੇ ਦੌਰਾਨ ਸੂਬੇ ਵਿੱਚ ਕਬੱਡੀ ਖਿਡਾਰੀਆਂ ਸਣੇ ਹੋਏ ਹੋਰ ਕਤਲਾਂ ਕਾਰਨ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਚਿੰਨ੍ਹ ਲੱਗਣਾ ਸੁਭਾਵਿਕ ਹੈ। ਸ੍ਰੀ ਬਾਜਵਾ ਨੇ ਕਿਹਾ ਕਿ ਪੰਜਾਬ ਅੱਜ ਬਿਜਲੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਅਤੇ ਮੁੱਖ ਮੰਤਰੀ ਨੂੰ ਸੂਬੇ ਵਿਚਲੇ ਬਿਜਲੀ ਸੰਕਟ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਮਾਝੇ ਦੇ ਕਈ ਪਿੰਡਾਂ ਵਿੱਚ ਸਿਰਫ਼ ਦੋ ਘੰਟੇ ਹੀ ਬਿਜਲੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਕਿਸਾਨਾਂ ਨੂੰ ਦਸ ਘੰਟੇ ਬਿਜਲੀ ਦੇਣ ਦੀ ਗੱਲ ਕੀਤੀ ਸੀ ਜੋ ਹੁਣ ਪੂਰੀ ਨਹੀਂ ਹੋ ਰਹੀ। ਇਸ ਬਿਜਲੀ ਸੰਕਟ ਕਾਰਨ ਗੰਨਾ ਕਾਸ਼ਤਕਾਰਾਂ ਦਾ ਨੁਕਸਾਨ ਹੋ ਰਿਹਾ ਹੈ।

Source link