ਸ਼ਗਨ ਕਟਾਰੀਆ

ਬਠਿੰਡਾ, 17 ਅਪਰੈਲ

ਹਰੀਆਂ ਸਬਜ਼ੀਆਂ ’ਤੇ ਪਈ ਮਹਿੰਗਾਈ ਦੀ ਮਾਰ ਖ਼ਿਲਾਫ਼ ਅੱਜ ਸਾਬਕਾ ਕੌਂਸਲਰ ਵਿਜੈ ਕੁਮਾਰ ਨੇ ਬਾਜ਼ਾਰਾਂ ’ਚ ਸਬਜ਼ੀਆਂ ਦਾ ਟੋਕਰਾ ਸਿਰ ’ਤੇ ਰੱਖ ਅਤੇ ਆਪਣੇ-ਆਪ ਨੂੰ ਸਬਜ਼ੀਆਂ ਨਾਲ ਸਜ਼ਾ ਕੇ ਅਨੋਖਾ ਰੋਸ ਮੁਜ਼ਾਹਰਾ ਕੀਤਾ। ਦੋ ਸੁਰੱਖਿਆ ਕਰਮੀ ਵੀ ਵਿਜੈ ਕੁਮਾਰ ਨਾਲ-ਨਾਲ ਚੱਲ ਰਹੇ ਸਨ। ਵਿਜੈ ਕੁਮਾਰ ਨੇ ਦੱਸਿਆ ਕਿ ਹੁਣ ਲੋਕ ਫ਼ਲਾਂ ਦੀ ਥਾਂ, ਹਰੀਆਂ ਸਬਜ਼ੀਆਂ ਦੇ ਟੋਕਰੇ ਆਪਣੇ ਰਿਸ਼ਤੇਦਾਰਾਂ ਨੂੰ ਤੋਹਫ਼ੇ ਵਜੋਂ ਦੇਣੇ ਸ਼ੁਰੂ ਕਰਨਗੇ। ਉਨ੍ਹਾਂ ਭਾਅ ਦੱਸ-ਦੱਸ ਕੇ ਸਬਜ਼ੀਆਂ ਵੇਚਣ ਦਾ ਹੋਕਾ ਦਿੱਤਾ। ਉਨ੍ਹਾਂ ਕਿਹਾ,‘‘ਪੱਚੀ ਰੁਪਏ ਦਾ ਇੱਕ ਨਿੰਬੂ ਲੈ ਲਓ, ਢਾਈ ਸੌ ਰੁਪਏ ਕਿਲੋ ਹਰੀਆਂ ਮਿਰਚਾਂ, ਸੌ ਰੁਪਏ ਕਿਲੋ ਕਰੇਲਾ, ਸੌ ਰੁਪਏ ਕਿਲੋ ਤੋਰੀ, ਸੌ ਰੁਪਏ ਕਿਲੋ ਭਿੰਡੀ’’। ਉਸ ਨੇ ਆਖਿਆ ਕਿ ਜ਼ਹਿਰੀਲਾ ਦੁੱਧ ਜਦੋਂ 70 ਰੁਪਏ ਕਿਲੋ ਹੋਵੇ, ਸਰ੍ਹੋਂ ਦਾ ਤੇਲ 250 ਰੁਪਏ ਲਿਟਰ ਹੋਵੇ ਤਾਂ ਹਰੀਆਂ ਸਬਜ਼ੀਆਂ ਵੀ ਪਿੱਛੇ ਕਿਉਂ ਰਹਿਣ? ਉਨ੍ਹਾਂ ਬੇਲਗਾਮ ਮਹਿੰਗਾਈ ਲਈ ਸਰਕਾਰਾਂ ਦੇ ਨਾਲ-ਨਾਲ ਲੋਕਾਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰਾਂ ਫ਼ਰਜ਼ ਭੁੱਲ ਜਾਂਦੀਆਂ ਹਨ ਤਾਂ ਲੋਕ ਯਾਦ ਕਰਾਉਣ ਲਈ ਸੰਘਰਸ਼ ਕਰਦੇ ਹਨ। ਪਰ ਜਦੋਂ ਲੋਕ ਸੁੱਤੇ ਪਏ ਰਹਿਣ ਤਾਂ ਸੱਸੀਆਂ ਦੇ ਭੰਬੋਰ ਵੀ ਉੱਜੜ ਜਾਂਦੇ ਨੇ। ਉਨ੍ਹਾਂ ਲੋਕਾਂ ਨੂੰ ਹਲੂਣਦਿਆਂ ਆਖਿਆ ਕਿ ਆਏ ਦਿਨ ਜਦੋਂ ਡੀਜ਼ਲ, ਪੈਟਰੋਲ ਦੇ ਭਾਅ ਨੂੰ ਅੱਗ ਲੱਗਦੀ ਹੈ ਤਾਂ ਲੋਕ ਖ਼ਾਮੋਸ਼ੀ ਨਾਲ ਸਭ ਜਰਦੇ ਹਨ। ਉਨ੍ਹਾਂ ਕਿਹਾ ਕਿ ਜੇ ਲੋਕ ਇਕ ਦਿਨ ਲਈ ਵੀ ਆਪਣੇ ਵਾਹਨ ਨਾ ਚਲਾ ਕੇ ਵਿਰੋਧ ਦਰਜ ਕਰਵਾਉਣ ਤਾਂ ਯਕੀਨਨ ਸਰਕਾਰਾਂ ਇਸ ਮਹਿੰਗਾਈ ਦੀ ਮਾਰ ਸਬੰਧੀ ਸੋਚਣ ਲਈ ਮਜਬੂਰ ਹੋਣਗੀਆਂ।

Source link