ਜਸਵੰਤ ਜੱਸ

ਫਰੀਦਕੋਟ, 4 ਅਗਸਤ

ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਦੀ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ 29 ਜੁਲਾਈ ਦੀ ਫੇਰੀ ਤੋਂ ਬਾਅਦ ਭਾਵੇਂ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਪਰ ਜਿਨ੍ਹਾਂ ਗੱਦਿਆਂ ਨੂੰ ਲੈ ਕੇ ਵਿਵਾਦ ਪੈਦਾ ਹੋਇਆ ਸੀ, ਉਹ ਅਜੇ ਵੀ ਵਾਰਡਾਂ ਵਿੱਚ ਉਵੇਂ ਹੀ ਪਏ ਹਨ। ਜਾਣਕਾਰੀ ਅਨੁਸਾਰ ਹਸਪਤਾਲ ਦੇ ਦਸ ਵਾਰਡਾਂ ਵਿੱਚ 25 ਫ਼ੀਸਦੀ ਤੋਂ ਵੱਧ ਗੱਦੇ ਨਾ ਵਰਤਣਯੋਗ ਤੇ ਖਸਤਾ ਹਾਲ ਹਨ। ਇਸ ਵੇਲੇ ਹਸਪਤਾਲ ਵਿੱਚ ਕਰੀਬ 1200 ਬੈੱਡ ਹਨ। ਇਸੇ ਦਰਮਿਆਨ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਬਾਬਾ ਫਰੀਦ ਯੂਨੀਵਰਸਿਟੀ ਅਤੇ ਹਸਪਤਾਲ ਦੇ ਮੁਲਾਜ਼ਮਾਂ ਨਾਲ ਮੀਟਿੰਗ ਕੀਤੀ ਅਤੇ ਭਰੋਸਾ ਦਿੱਤਾ ਕਿ ਹਸਪਤਾਲ ਵਿੱਚ ਮਿਆਰੀ ਸਿਹਤ ਸਹੂਲਤਾਂ ਹਰ ਹਾਲ ਵਿੱਚ ਮੁਹੱਈਆ ਕਰਵਾਈਆਂ ਜਾਣਗੀਆਂ। ਮੁਲਾਜ਼ਮਾਂ ਦੇ ਵਫ਼ਦ ਤੋਂ ਮਿਲੀ ਜਾਣਕਾਰੀ ਅਨੁਸਾਰ ਸਿਹਤ ਮੰਤਰੀ ਜਲਦ ਹੀ ਫ਼ਰੀਦਕੋਟ ਹਸਪਤਾਲ ਦਾ ਫਿਰ ਦੌਰਾ ਕਰਨ ਆ ਰਹੇ ਹਨ। ਇਸੇ ਦਰਮਿਆਨ ਸਿਹਤ ਮੰਤਰੀ ਨੇ ਆਪਣੇ ਪੱਲਿਓਂ 200 ਗੱਦੇ ਨਵੇਂ ਖਰੀਦ ਕੇ ਹਸਪਤਾਲ ਵਿੱਚ ਭੇਜੇ ਹਨ ਤਾਂ ਜੋ ਇਲਾਜ ਲਈ ਆਏ ਮਰੀਜ਼ਾਂ ਨੂੰ ਸਾਫ਼-ਸੁਥਰੇ ਗੱਦੇ ਮੁਹੱਈਆ ਕਰਵਾਏ ਜਾ ਸਕਣ। ਯੂਨੀਅਨ ਦੇ ਆਗੂ ਵਿਕਾਸ ਅਰੋੜਾ, ਯਸ਼ਪਾਲ ਸਾਂਬਰੀਆ, ਹਰਜਿੰਦਰ ਸਿੰਘ ਅਤੇ ਜਸਬੀਰ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦੇ ਮੁਲਾਜ਼ਮ ਸ਼ੁੱਕਰਵਾਰ ਨੂੰ ਸਿਹਤ ਮੰਤਰੀ ਦੇ ਹੱਕ ਵਿੱਚ ਸ਼ਹਿਰ ਵਿੱਚ ਚੇਤਨਾ ਮਾਰਚ ਕਰਨਗੇ। ਮੁਲਾਜ਼ਮ ਯੂਨੀਅਨ ਨੇ ਯੂਨੀਵਰਸਿਟੀ ਵਿੱਚ ਹੋਈਆਂ ਨਿਯੁਕਤੀਆਂ ਅਤੇ ਖਰੀਦੇ ਗਏ ਸਾਜ਼ੋ-ਸਾਮਾਨ ਸਬੰਧੀ ਮੰਗ ਪੱਤਰ ਮੁੱਖ ਮੰਤਰੀ ਨੂੰ ਭੇਜਿਆ ਹੈ। ਉਨ੍ਹਾਂ ਅਪੀਲ ਕੀਤੀ ਕਿ ਪੂਰੇ ਮਾਮਲੇ ਦੀ ਪੜਤਾਲ ਕਰਵਾਈ ਜਾਵੇ। ਮੈਡੀਕਲ ਕਾਲਜ ਦੇ ਸੁਪਰਡੈਂਟ ਡਾ. ਸੁਲੇਖ ਮਿੱਤਲ ਨੇ ਕਿਹਾ ਕਿ ਹਸਪਤਾਲ ਦੇ ਹਰ ਵਾਰਡ ਵਿੱਚ ਸਾਫ਼ ਸੁਥਰੇ ਬੈੱਡ ਅਤੇ ਗੱਦੇ ਲਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਾਰਡ ਵਿੱਚ ਹੁਣ ਬੈੱਡ ਦਾ ਗੱਦਾ ਖਸਤਾ ਹਾਲ ਨਹੀਂ ਦਿੱਸੇਗਾ।

Source link