ਆਤਿਸ਼ ਗੁਪਤਾ

ਚੰਡੀਗੜ੍ਹ, 28 ਮਈ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੱਡਾ ਕਦਮ ਚੁੱਕਦਿਆਂ ਸੂਬੇ ਦੇ ਸਾਬਕਾ ਵਿਧਾਇਕਾਂ, ਮੌਜੂਦਾ ਤੇ ਸਾਬਕਾ ਪੁਲੀਸ ਅਧਿਕਾਰੀਆਂ ਸਣੇ ਕਈ ਵੀਆਈਪੀਜ਼ ਦੀ ਸੁਰੱਖਿਆ ’ਚ ਕਟੌਤੀ ਕਰ ਦਿੱਤੀ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਕਈ ਧਾਰਮਿਕ ਆਗੂਆਂ ਦੀ ਸੁਰੱਖਿਆ ਵਿੱਚ ਵੀ ਕਟੌਤੀ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ, ਜਿਨ੍ਹਾਂ ਦੀ ਸੁਰੱਖਿਆ ਘਟਾਈ ਗਈ ਹੈ, ਉਨ੍ਹਾਂ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ,3 ਮੌਜੂਦਾ ਏਡੀਜੀਪੀ ਤੇ ਡੇਰਾ ਮੁਖੀ ਸ਼ਾਮਲ ਹਨ। ਸਰਕਾਰ ਨੇ ਡੇਰਾ ਰਾਧਾ ਸੁਆਮੀ ਬਿਆਸ ਦੀ ਸੁਰੱਖਿਆ ਤੋਂ 10 ਮੁਲਾਜ਼ਮ ਵੀ ਵਾਪਸ ਲੈ ਲਏ ਗਏ ਹਨ। ਮਜੀਠਾ ਤੋਂ ਵਿਧਾਇਕਾ ਗਨੀਵ ਕੌਰ ਮਜੀਠੀਆ ਦੀ ਸੁਰੱਖਿਆ ‘ਚੋਂ ਦੋ ਮੁਲਾਜ਼ਮ ਵਾਪਸ ਲੈ ਲਏ ਗਏ ਹਨ। ਪੰਜਾਬ ਦੇ ਸਾਬਕਾ ਡੀਜੀਪੀ ਪੀਸੀ ਡੋਗਰਾ ਦੀ ਸੁਰੱਖਿਆ ਵਿੱਚੋਂ ਇੱਕ ਮੁਲਾਜ਼ਮ ਵਾਪਸ ਲੈ ਲਿਆ ਗਿਆ ਹੈ। ਉਹ ਏਡੀਜੀਪੀ ਗੌਰਵ ਯਾਦਵ ਦਾ ਸਹੁਰਾ ਹੈ, ਜੋ ਵਰਤਮਾਨ ਵਿੱਚ ਸੀਐੱਮਓ ਵਿੱਚ ਤਾਇਨਾਤ ਹੈ। ਵਾਪਸ ਲਏ ਗਏ ਸਾਰੇ ਕਰਮਚਾਰੀ ਅੱਜ ਜਲੰਧਰ ਕੈਂਟ ਵਿਖੇ ਵਿਸ਼ੇਸ਼ ਡੀਜੀਪੀ ਨੂੰ ਰਿਪੋਰਟ ਕਰਨਗੇ। ਕੁੱਝ ਦਿਨ ਪਹਿਲਾਂ ਵੀ ਪੰਜਾਬ ਸਰਕਾਰ ਨੇ ਕਈ ਸਾਬਕਾ ਵਿਧਾਇਕਾਂ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਸੀ।

Source link