ਚਰਨਜੀਤ ਭੁੱਲਰ

ਚੰਡੀਗੜ੍ਹ, 14 ਜਨਵਰੀ

ਪੰਜਾਬ ’ਚ ਸੰਘਣੀ ਧੁੰਦ ਅਤੇ ਵਧ ਰਹੀ ਠੰਢ ਨੂੰ ਦੇਖਦਿਆਂ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ। ਆਉਂਦੇ ਤਿੰਨ ਦਿਨਾਂ ਦੌਰਾਨ ਪੰਜਾਬ ਵਿਚ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਪਵੇਗੀ। ਪਹਾੜੀ ਖੇਤਰਾਂ ’ਚ ਭਾਰੀ ਬਰਫ਼ਬਾਰੀ ਹੋਣ ਕਰਕੇ ਪੰਜਾਬ ’ਚ ਪਾਰਾ ਹੋਰ ਡਿੱਗਣ ਦੇ ਆਸਾਰ ਹਨ। ਮੌਸਮ ਵਿਭਾਗ ਨੇ ‘ਯੈਲੋ ਅਲਰਟ’ ਜਾਰੀ ਕਰਦਿਆਂ ਹਦਾਇਤ ਕੀਤੀ ਹੈ ਕਿ ਮੌਸਮ ਦੀ ਸਥਿਤੀ ਨੂੰ ਜਾਣਨ ਮਗਰੋਂ ਹੀ ਲੋਕ ਘਰਾਂ ’ਚੋਂ ਬਾਹਰ ਨਿਕਲਣ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ 19 ਜਨਵਰੀ ਨੂੰ ਮੁੜ ਕਿਤੇ-ਕਿਤੇ ਮੀਂਹ ਪੈ ਸਕਦਾ ਹੈ।

ਪੰਜਾਬ ਅਤੇ ਹਰਿਆਣਾ ਵਿਚ ਲੰਘੇ 24 ਘੰਟਿਆਂ ਵਿਚ ਤਾਪਮਾਨ ਇੱਕ ਡਿਗਰੀ ਹੋਰ ਡਿੱਗਿਆ ਹੈ। ਦੋਵੇਂ ਸੂਬਿਆਂ ਵਿਚ ਸੰਘਣੀ ਧੁੰਦ ਬਣੇ ਰਹਿਣ ਦਾ ਅਨੁਮਾਨ ਹੈ ਅਤੇ ਬੱਦਲਵਾਈ ਵੀ ਰਹੇਗੀ। ਪੰਜਾਬ ਵਿਚ ਅੱਜ ਦਿਨ ਭਰ ਬਹੁਤ ਘੱਟ ਥਾਵਾਂ ’ਤੇ ਸੂਰਜ ਨਿਕਲਿਆ। ਆਉਂਦੇ ਤਿੰਨ ਦਿਨਾਂ ਦੌਰਾਨ ਵੀ ਤਾਪਮਾਨ ਇਹੋ ਬਣਿਆ ਰਹੇਗਾ ਅਤੇ ਉਸ ਮਗਰੋਂ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਤਾਪਮਾਨ ਵਧਣ ਦਾ ਅਨੁਮਾਨ ਹੈ। ਪੰਜਾਬ ਵਿਚ ਬਠਿੰਡਾ ਸਭ ਤੋਂ ਠੰਢਾ ਰਿਹਾ ਹੈ ਜਿੱਥੇ ਘੱਟੋ ਘੱਟ ਤਾਪਮਾਨ 4.2 ਡਿਗਰੀ ਸੈਲਸੀਅਸ ਰਿਹਾ ਜਦੋਂ ਕਿ ਹਰਿਆਣਾ ਵਿਚ ਹਿਸਾਰ ਦਾ ਤਾਪਮਾਨ 4.3 ਡਿਗਰੀ ਸੈਲਸੀਅਸ ਦਰਜ ਹੋਇਆ। ਗੁਰਦਾਸਪੁਰ ਵਿਚ ਤਾਪਮਾਨ 5.2 ਡਿਗਰੀ, ਮੋਗਾ ਵਿਚ 5.9 ਅਤੇ ਮੁਕਤਸਰ ਵਿਚ 8.1 ਡਿਗਰੀ ਸੈਲਸੀਅਸ ਰਿਹਾ ਜਦਕਿ ਪਟਿਆਲਾ ਵਿਚ ਸਭ ਤੋਂ ਵਧ ਤਾਪਮਾਨ 11.9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਅਗਲੇ ਪੰਜ ਦਿਨਾਂ ਤੱਕ ਮੌਸਮ ਖ਼ੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ। ਪੰਜਾਬ ਵਿਚ ਤਾਪਮਾਨ ਡਿੱਗਣ ਕਰਕੇ ਜਨਜੀਵਨ ਵੀ ਪ੍ਰਭਾਵਿਤ ਹੋਇਆ ਹੈ। ਰੇਲਾਂ ਵੀ ਦੇਰੀ ਨਾਲ ਆਪਣੇ ਟਿਕਾਣਿਆਂ ’ਤੇ ਪੁੱਜ ਰਹੀਆਂ ਹਨ ਅਤੇ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਠੰਢੇ ਮੌਸਮ ਦੀ ਸਭ ਤੋਂ ਵੱਡੀ ਮਾਰ ਗ਼ਰੀਬ ਤਬਕੇ ਨੂੰ ਪੈ ਰਹੀ ਹੈ ਜਿਨ੍ਹਾਂ ਨੂੰ ਕੜਾਕੇ ਦੀ ਠੰਢ ਵਿਚ ਜ਼ਿੰਦਗੀ ਬਸਰ ਕਰਨ ਲਈ ਘਰਾਂ ’ਚੋਂ ਮਿਹਨਤ-ਮਜ਼ਦੂਰੀ ਲਈ ਨਿਕਲਣਾ ਪੈ ਰਿਹਾ ਹੈ। ਬੇਸ਼ੱਕ ਠੰਢੇ ਮੌਸਮ ਅਤੇ ਧੁੰਦ ਨੇ ਜ਼ਿੰਦਗੀ ਰੋਕ ਦਿੱਤੀ ਹੈ ਪ੍ਰੰਤੂ ਫ਼ਸਲਾਂ ਲਈ ਇਹ ਠੰਢ ਫ਼ਾਇਦੇਮੰਦ ਦੱਸੀ ਜਾ ਰਹੀ ਹੈ। ਖੇਤੀ ਮਾਹਿਰ ਡਾ. ਗੁਰਜਿੰਦਰ ਸਿੰਘ ਰੋਮਾਣਾ ਨੇ ਕਿਹਾ ਕਿ ਅਜਿਹਾ ਮੌਸਮ ਫ਼ਸਲਾਂ ਲਈ ਲਾਭ ਵਾਲਾ ਹੈ ਪ੍ਰੰਤੂ ਕੋਰਾ ਫ਼ਸਲਾਂ ਲਈ ਮਾੜਾ ਹੈ। ਉਨ੍ਹਾਂ ਕਿਹਾ ਕਿ ਧੁੰਦ ਪਿੱਛੋਂ ਹਲਕੀ ਧੁੱਪ ਵੀ ਕਣਕ ਦੀ ਫ਼ਸਲ ਲਈ ਜ਼ਰੂਰੀ ਹੈ। ਚੇਤੇ ਰਹੇ ਕਿ ਪਿਛਲੇ ਦਿਨਾਂ ਵਿਚ ਕਈ ਥਾਵਾਂ ’ਤੇ ਹਲਕੀ ਬਾਰਸ਼ ਵੀ ਹੋਈ ਸੀ ਜਿਸ ਕਰਕੇ ਫ਼ਸਲਾਂ ਵਿਚ ਪਾਣੀ ਖੜਨ ਕਰਕੇ ਕਣਕ ਦੀ ਫ਼ਸਲ ਪੀਲੀ ਪੈਣੀ ਸ਼ੁਰੂ ਹੋ ਗਈ ਸੀ।

ਵਾਦੀ ’ਚ ਪਾਰਾ ਮਨਫ਼ੀ ਤੋਂ ਹੇਠਾਂ 

ਕਸ਼ਮੀਰ ਵਾਦੀ ’ਚ ਤੇਜ਼ ਸੀਤ ਹਵਾਵਾਂ ਚੱਲ ਰਹੀਆਂ ਹਨ ਅਤੇ ਕਈ ਥਾਵਾਂ ’ਤੇ ਘੱਟੋ ਘੱਟ ਤਾਪਮਾਨ ਮਨਫ਼ੀ ਤੋਂ ਬਹੁਤ ਹੇਠਾਂ ਚਲਾ ਗਿਆ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਵਾਦੀ ’ਚ ਅਗਲੇ ਕੁਝ ਦਿਨਾਂ ਤੱਕ ਮੌਸਮ ਮੁੱਖ ਤੌਰ ’ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਸ੍ਰੀਨਗਰ ’ਚ ਪਾਰਾ ਮਨਫ਼ੀ 3.4, ਪਹਿਲਗਾਮ ’ਚ ਮਨਫ਼ੀ 10.3, ਕਾਜ਼ੀਗੁੰਡ ’ਚ ਮਨਫ਼ੀ 7.8, ਕੋਕਰਨਾਗ ’ਚ ਮਨਫ਼ੀ 7.5, ਕੁਪਵਾੜਾ ’ਚ ਮਨਫ਼ੀ 4.2 ਅਤੇ ਗੁਲਮਰਗ ’ਚ ਮਨਫ਼ੀ 10.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ।

ਰਾਜਸਥਾਨ ’ਚ ਵੀ ਠੰਢ ਦਾ ਕਹਿਰ

ਰਾਜਸਥਾਨ ਦੇ ਚਿਤੌੜਗੜ੍ਹ ’ਚ ਤਾਪਮਾਨ 0.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੂਬੇ ਦੀਆਂ ਜ਼ਿਆਦਾਤਰ ਥਾਵਾਂ ’ਤੇ ਘੱਟੋ ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਰਿਹਾ। ਕਰੌਲੀ ’ਚ 2.9, ਭੀਲਵਾੜਾ ’ਚ 3, ਸੀਕਰ ’ਚ 4, ਸਵਾਈ ਮਾਧੋਪੁਰ ’ਚ 4.7, ਸਿਰੋਹੀ, ਢੋਲਪੁਰ ਤੇ ਬੂੰਦੀ ’ਚ 4.8, ਬਨਸਥਲੀ ਤੇ ਇਰਾਨਪੁਰਾ ’ਚ 5 ਡਿਗਰੀ ਅਤੇ ਸੰਗਰੀਆ ’ਚ 5.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਹੋਇਆ ਹੈ। ਮੌਸਮ ਵਿਭਾਗ ਨੇ ਕਿਹਾ ਕਿ ਜੈਪੁਰ ’ਚ ਵੀਰਵਾਰ ਰਾਤ ਤਾਪਮਾਨ 6.1 ਡਿਗਰੀ ਸੈਲਸੀਅਸ ਰਿਹਾ।  

Source link