ਚਰਨਜੀਤ ਭੁੱਲਰ

ਚੰਡੀਗੜ੍ਹ, 29 ਜਨਵਰੀ

ਪੰਜਾਬ ’ਚ ਹੁਣ ਨਵੇਂ ਮੋਬਾਈਲ ਕੁਨੈਕਸ਼ਨ ਲੈਣ ਦਾ ਚਾਅ ਮੱਠਾ ਪੈਣ ਲੱਗਿਆ ਹੈ। ਵਰ੍ਹਿਆਂ ਮਗਰੋਂ ਅਜਿਹਾ ਪੁੱਠਾ ਗੇੜ ਸ਼ੁਰੂ ਹੋਇਆ ਹੈ। ਇੱਕ ਵੇਲੇ ਮੋਬਾਈਲ ਕੁਨੈਕਸ਼ਨ ਲੈਣ ਦੇ ਮਾਮਲੇ ਵਿੱਚ ਰਿਕਾਰਡ ਤੋੜਨ ਵਾਲੇ ਪੰਜਾਬੀਆਂ ਵਿੱਚ ਖੇਤੀ ਅੰਦੋਲਨ ਖ਼ਤਮ ਹੋਣ ਮਗਰੋਂ ਇਹ ਰੁਝਾਨ ਵਿੱਚ ਕਾਫ਼ੀ ਗਿਰਾਵਟ ਆਈ ਹੈ। ਤਿੰਨ ਵਰ੍ਹੇ ਪਹਿਲਾਂ ਪੰਜਾਬ ’ਚ ਪ੍ਰਤੀ ਘਰ ਔਸਤਨ ਸੱਤ ਮੋਬਾਈਲ ਕੁਨੈਕਸ਼ਨ ਸਨ, ਜੋ ਹੁਣ ਛੇ ਹੋ ਗਏ ਹਨ। 

ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ ਵੱਲੋਂ 28 ਜਨਵਰੀ ਨੂੰ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਇਸ ਵੇਲੇ ਪੰਜਾਬ ਵਿੱਚ ਮੋਬਾਈਲ ਕੁਨੈਕਸ਼ਨਾਂ ਦੀ ਗਿਣਤੀ 3.57 ਕਰੋੜ ਹੈ, ਜਦਕਿ ਨਵੰਬਰ 2019 ਵਿੱਚ ਇਹ ਅੰਕੜਾ 4.06 ਕਰੋੜ ਕੁਨੈਕਸ਼ਨਾਂ ਦਾ ਸੀ। ਬੀਤੇ ਤਿੰਨ ਸਾਲਾਂ ਦੌਰਾਨ 49 ਹਜ਼ਾਰ ਮੋਬਾਈਲ ਕੁਨੈਕਸ਼ਨ ਘਟੇ ਹਨ। 

ਪ੍ਰਾਪਤ ਵੇਰਵਿਆਂ ਅਨੁਸਾਰ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸ਼ੁਰੂ ਹੋਏ ਕਿਸਾਨ ਅੰਦੋਲਨ ਮਗਰੋਂ ਨਵੰਬਰ 2021 ਵਿੱਚ ਮੋਬਾਈਲ ਕੁਨੈਕਸ਼ਨਾਂ ਦੀ ਗਿਣਤੀ 3.81 ਕਰੋੜ ਰਹਿ ਗਈ ਸੀ। ਇਹ ਅੰਕੜਾ ਨਵੰਬਰ 2022 ਵਿੱਚ 3.57 ਕਰੋੜ ’ਤੇ ਆ ਗਿਆ ਹੈ। 

ਕਿਸਾਨ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਖੇਤੀ ਅੰਦੋਲਨ ’ਚ ਕਿਸਾਨ ਆਗੂਆਂ ਨੇ ਕਾਰਪੋਰੇਟਾਂ ਨੂੰ ਨਿਸ਼ਾਨੇ ’ਤੇ ਰੱਖਿਆ ਸੀ ਤੇ ਖੇਤੀ ਕਾਨੂੰਨਾਂ ਦੇ ਹਮਾਇਤੀ ਕਾਰਪੋਰੇਟਾਂ ਦੇ ਕਾਰੋਬਾਰ ਦਾ ਬਾਈਕਾਟ ਵੀ ਕੀਤਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਨੇ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਕਬੂਲ ਕੀਤਾ ਹੈ, ਜਿਸ ਵਜੋਂ ਕੁਨੈਕਸ਼ਨਾਂ ਦੀ ਗਿਣਤੀ ਘਟੀ ਹੈ।

ਸਰਕਾਰੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਇਸ ਵੇਲੇ ਰਿਲਾਇੰਸ ਜੀਓ ਦੇ ਮੋਬਾਈਲ ਕੁਨੈਕਸ਼ਨਾਂ ਦੀ ਗਿਣਤੀ 1.11 ਕਰੋੜ ਹੈ, ਜੋ ਨਵੰਬਰ 2020 ਵਿੱਚ 1.40 ਕਰੋੜ ਸੀ। ਅਕਤੂਬਰ 2019 ਤੋਂ ਨਵੰਬਰ 2020 ਦਰਮਿਆਨ ਇਸ ਕੰਪਨੀ ਦੇ ਕਰੀਬ ਸੱਤ ਲੱਖ ਕੁਨੈਕਸ਼ਨ ਵਧੇ ਸਨ, ਪਰ ਕਿਸਾਨ ਅੰਦੋਲਨ ਮਗਰੋਂ ਇਨ੍ਹਾਂ ਕੁਨੈਕਸ਼ਨਾਂ ਦੀ ਗਿਣਤੀ 29 ਲੱਖ ਤੱਕ ਘਟੀ ਹੈ। ਇਸੇ ਤਰ੍ਹਾਂ ਵੋਡਾਫੋਨ ਕੰਪਨੀ ਦੇ ਕੁਨੈਕਸ਼ਨਾਂ ਦੀ ਗਿਣਤੀ ਨਵੰਬਰ 2020 ’ਚ 86.42 ਲੱਖ ਸੀ, ਜੋ ਨਵੰਬਰ 2022 ਵਿੱਚ 74.67 ਲੱਖ ਰਹਿ ਗਈ ਹੈ। ਬੀਐੱਸਐੱਨਐੱਲ ਦੇ ਕੁਨੈਕਸ਼ਨ, ਜੋ ਨਵੰਬਰ 2020 ’ਚ 58.04 ਲੱਖ ਸਨ, ਘੱਟ ਕੇ 49.87 ਲੱਖ ਰਹਿ ਗਏ ਹਨ। 

ਇੱਕ ਪ੍ਰਾਈਵੇਟ ਕੰਪਨੀ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਘਰਾਂ ਤੱਕ ਹਾਈਸਪੀਡ ਇੰਟਰਨੈੱਟ ਬਰਾਡਬੈਂਡ (ਫਾਈਬਰ-ਟੂ-ਹੋਮ) ਪਹੁੰਚਣ ਮਗਰੋਂ ਪਰਿਵਾਰਕ ਜੀਆਂ ਵੱਲੋਂ ਸਿਰਫ਼ ਇੰਟਰਨੈੱਟ ਵਾਸਤੇ ਵਰਤੇ ਜਾਂਦੇ ਮੋਬਾਈਲ ਕੁਨੈਕਸ਼ਨ ਬੰਦ ਕਰਵਾ ਦਿੱਤੇ ਗਏ ਹਨ, ਜਿਸ ਕਰਕੇ ਇਹ ਗਿਣਤੀ ਘਟੀ ਹੈ। ਦੱਸਣਯੋਗ ਹੈ ਕਿ ਪੰਜਾਬੀ ਹਰ ਵਰ੍ਹੇ ਕਰੀਬ ਇੱਕ ਹਜ਼ਾਰ ਕਰੋੜ ਰੁਪਏ ਮੋਬਾਈਲ ਰੀਚਾਰਜ ਕਰਾਉਣ ਜਾਂ ਬਿੱਲਾਂ ’ਤੇ ਖ਼ਰਚ ਕਰ ਦਿੰਦੇ ਹਨ।

ਸੂਬੇ ਵਿੱਚ ਇੰਟਰਨੈੱਟ ਬਰਾਡਬੈਂਡ ਕੁਨੈਕਸ਼ਨ ਵਧੇ

ਪੰਜਾਬ ਵਿਚ ਇੰਟਰਨੈੱਟ ਬਰਾਡਬੈਂਡ ਕੁਨੈਕਸ਼ਨਾਂ ਦਾ ਰੁਝਾਨ ਵਧਣ ਲੱਗਾ ਹੈ। ਸੂਬੇ ਵਿੱਚ ਇਸ ਵੇਲੇ 10.92 ਲੱਖ ਬਰਾਡਬੈਂਡ ਕੁਨੈਕਸ਼ਨ ਹਨ, ਜੋ ਨਵੰਬਰ 2021 ਵਿੱਚ 7.97 ਲੱਖ ਤੇ ਨਵੰਬਰ 2020 ’ਚ 6.87 ਲੱਖ ਸਨ। ਨਵੰਬਰ 2019 ਵਿੱਚ ਇਹ ਅੰਕੜਾ 7.39 ਲੱਖ ਕੁਨੈਕਸ਼ਨਾਂ ਦਾ ਸੀ। ਤਿੰਨ ਵਰ੍ਹਿਆਂ ਵਿੱਚ 3.53 ਲੱਖ ਕੁਨੈਕਸ਼ਨ ਵਧੇ ਹਨ। ਜ਼ਿਕਰਯੋਗ ਹੈ ਕਿ ਬਰਾਡਬੈਂਡ ਤੋਂ ਪਹਿਲਾਂ ਲੋਕ ਆਪਣੇ ਘਰਾਂ ਵਿੱਚੋਂ ਲੈਂਡਲਾਈਨ ਕੁਨੈਕਸ਼ਨ ਬੰਦ ਕਰਾਉਣ ਲੱਗ ਪਏ ਸਨ ਤੇ ਲੈਂਡਲਾਈਨ ਕੁਨੈਕਸ਼ਨ ਤਾਂ ਹੁਣ ਸਰਕਾਰੀ ਦਫ਼ਤਰਾਂ ਤੱਕ ਹੀ ਸੀਮਤ ਰਹਿ ਗਏ ਹਨ।

Source link