ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਪਟਿਆਲਾ, 12 ਅਕਤੂਬਰ

InterServer Web Hosting and VPS

ਪੰਜਾਬ ਵਿੱਚ ਕੋਲੇ ਦੇ ਘਟਦੇ ਜਾ ਰਹੇ ਭੰਡਾਰ ਕਾਰਨ ਅਣਐਲਾਨੇ ਬਿਜਲੀ ਕੱਟ ਹਾਲ ਦੀ ਘੜੀ ਜਾਰੀ ਰਹਿਣਗੇ। ਪਾਵਰਕੌਮ ਵੱਲੋਂ ਸ਼ਹਿਰੀ ਖੇਤਰਾਂ ਵਿੱਚ ਦੋ ਤੋਂ ਲੈ ਕੇ ਪੰਜ ਘੰਟਿਆਂ ਅਤੇ ਪੇਂਡੂ ਖੇਤਰਾਂ ਵਿੱਚ ਲਗਭਗ ਛੇ ਘੰਟਿਆਂ ਲਈ ਬਿਜਲੀ ਕੱਟ ਲਗਾਏ ਜਾ ਰਹੇ ਹਨ। ਇਹ ਬਿਜਲੀ ਕੱਟ ਇਕ ਹਫਤਾ ਵੀ ਜਾਰੀ ਰਹਿ ਸਕਦੇ ਹਨ ਕਿਉਂਕਿ ਸੂਬੇ ਵਿੱਚ ਤਾਪ ਬਿਜਲੀ ਘਰ ਚਲਾਉਣ ਲਈ ਕੋਲੇ ਦੇ ਭੰਡਾਰ ਪੂਰੇ ਨਹੀਂ ਹਨ। ਇਸੇ ਦੌਰਾਨ ਕਿਸਾਨਾਂ ਨੇ ਕਿਹਾ ਕਿ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਨੂੰ ਛੇ ਘੰਟੇ ਬਿਜਲੀ ਦੀ ਨਿਰਵਿਘਨ ਸਪਲਾਈ ਮਿਲੇਗੀ। ਕਿਸਾਨ ਆਗੂ ਮਨਜੀਤ ਸਿੰਘ ਨਿਆਲ ਨੇ ਕਿਹਾ ਕਿ ਪਛੇਤੇ ਬੀਜੇ ਝੋਨੇ ਲਈ ਅਜੇ ਸਿੰਜਾਈ ਦੀ ਜ਼ਰੂਰਤ ਹੈ ਅਤੇ ਟਿਊਬਵੈੱਲਾਂ ਵਾਸਤੇ ਉਨ੍ਹਾਂ ਨੂੰ ਬਿਜਲੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਿਰਵਿਘਨ ਬਿਜਲੀ ਸਪਲਾਈ ਨਹੀਂ ਦੇ ਰਹੀ ਤੇ ਵਿੱਚ-ਵਿਚਾਲੇ ਪਾਵਰ ਕੱਟ ਵੀ ਲੱਗਦੇ ਹਨ। ਇਸੇ ਦੌਰਾਨ ਪਾਵਰਕੌਮ ਨੇ ਦਾਅਵਾ ਕੀਤਾ ਹੈ ਕਿ ਬਿਜਲੀ ਦੀ ਸਪਲਾਈ ਵਿੱਚ ਸੁਧਾਰ ਕੀਤਾ ਗਿਆ ਹੈ। ਪਾਵਰਕੌਮ ਨੇ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਮਹਿੰਗੇ ਰੇਟ ’ਤੇ ਬਿਜਲੀ ਖਰੀਦੀ ਹੈ। ਮੌਜੂਦਾ ਮਹੀਨੇ ਦੇ ਪਹਿਲੇ ਹਫਤੇ ਵਿੱਚ ਪਾਵਰਕੌਮ ਨੇ ਲਗਭਗ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਖਰੀਦੀ ਸੀ ਅਤੇ 6 ਅਕਤੂਬਰ ਤੋਂ ਬਾਅਦ ਪਾਵਰਕੌਮ ਨੂੰ 10 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਖਰੀਦਣੀ ਪਈ। ਪਾਵਰਕੌਮ ਅਨੁਸਾਰ ਬੀਤੇ ਮੰਗਲਵਾਰ ਨੂੰ 14.56 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 1600 ਮੈਗਾਵਾਟ ਬਿਜਲੀ ਖਰੀਦੀ ਗਈ ਹੈ।

Source link