ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਸਤੰਬਰ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਨਾਮ ਲਏ ਬਿਨਾਂ ਅੱਜ ਕਾਂਗਰਸ ਦੀ ਇੱਕ ਸੀਨੀਅਰ ਆਗੂ ਨੂੰ ਨਿਸ਼ਾਨੇ ’ਤੇ ਲਿਆ ਜਿਸ ਆਗੂ ਨੇ ਪੰਜਾਬੀਅਤ ਅਤੇ ਕਾਂਗਰਸ ਪਾਰਟੀ ਦੇ ਧਰਮ ਨਿਰਪੱਖ ਸਰੂਪ ਨੂੰ ਹੀ ਢਾਹ ਲਾ ਦਿੱਤੀ ਹੈ| ਜਾਖੜ ਨੇ ਕਿਹਾ ਕਿ ਕਾਂਗਰਸ ਧਰਮ ਨਿਰਪੱਖ ਸੋਚ ਵਾਲੀ ਪਾਰਟੀ ਹੈ ਅਤੇ ਇਸੇ ਤਰ੍ਹਾਂ ਪੰਜਾਬ ਵੀ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਵਾਲਾ ਸੂਬਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣਾਏ ਜਾਣ ਦੀ ਗੱਲ ਚੱਲੀ ਤਾਂ ਕਾਂਗਰਸ ਦੀ ਇੱਕ ਸੀਨੀਅਰ ਆਗੂ ਨੇ ਜਨਤਕ ਬਿਆਨ ਦਾਗ ਕੇ ਕਾਂਗਰਸ ਦੀ ਮੂਲ ਸੋਚ ਨੂੰ ਹੀ ਪਲੀਤ ਕਰ ਦਿੱਤਾ। ਸੁਨੀਲ ਜਾਖੜ ਨੇ ਕਿਹਾ ਕਿ ਉਸ ਸੀਨੀਅਰ ਆਗੂ ਨੂੰ ਫੌਰੀ ਪਾਰਟੀ ਪ੍ਰਧਾਨ ਅਤੇ ਪੰਜਾਬ ਦੇ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਜਿਸ ਨੇ ਧਰਮ ਨਿਰਪੱਖਤਾ ਦੇ ਸਿਧਾਂਤ ਨੂੰ ਢਾਹ ਲੈ ਕੇ ਆਪਣਾ ਅਸਲ ਕਿਰਦਾਰ ਦਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਧਰਮ ਨਿਰਪੱਖ ਸੋਚ ਵਜੋਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਵਜੋਂ ਅੱਗੇ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਜਾਤ-ਪਾਤ ਤੇ ਧਾਰਮਿਕ ਵਖਰੇਵਿਆਂ ਦੀ ਗੱਲ ਕਰਦੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਇਸੇ ਰਾਹ ’ਤੇ ਹੈ ਪਰ ਕਾਂਗਰਸ ਦੀ ਸੋਚ ਧਰਮ ਨਿਰਪੱਖ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਉਪਰ ਕੁਝ ਛੋਟੀ ਤੇ ਹਲਕੀ ਸੋਚ ਦੇ ਮਾਲਕ ਆਗੂ ਬੈਠੇ ਹਨ ਜੋ ਵੱਡੇ ਰੁਤਬੇ ’ਤੇ ਪੁੱਜ ਗਏ ਹਨ ਅਤੇ ਜਿਨ੍ਹਾਂ ਦੀ ਪਾਰਟੀ ਪ੍ਰਧਾਨ ਤੱਕ ਸਿੱਧੀ ਤੇ ਸੌਖੀ ਪਹੁੰਚ ਹੈ।

InterServer Web Hosting and VPS

ਜਾਖੜ ਨੇ ਕਿਹਾ ਕਿ ਇਸ ਨੇਤਾ ਨੇ ਨੈਤਿਕਤਾ ਦਾ ਵੀ ਖਿਆਲ ਨਹੀਂ ਰੱਖਿਆ ਅਤੇ ਪਾਰਟੀ ਦੀ ਸੋਚ ਦੇ ਉਲਟ ਡਟ ਗਈ। ਉਨ੍ਹਾਂ ਆਖਿਆ ਕਿ ਕਿਸੇ ਦੀ ਉਨ੍ਹਾਂ (ਜਾਖੜ) ਨਾਲ ਖੁੰਦਕ ਹੈ ਤਾਂ ਉਹ ਰੱਖਣ ਪਰ ਅਜਿਹੇ ਆਗੂ ਪੰਜਾਬੀਅਤ ਨੂੰ ਕਲੰਕਿਤ ਨਾ ਕਰਨ।

Source link