ਕਰਮਜੀਤ ਸਿੰਘ ਚਿੱਲਾ

ਐਸਏਐਸ ਨਗਰ (ਮੁਹਾਲੀ), 2 ਫਰਵਰੀ

ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਸੂਬੇ ਵਿੱਚ ਅਤਿ-ਆਧਨਿਕ ਸਹੂਲਤਾਂ ਨਾਲ ਲੈਸ 20 ਸਨਅਤੀ ਹੱਬ ਵਿਕਸਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਹੱਬ ਸਨਅਤਕਾਰਾਂ ਲਈ ਸਨਅਤੀ ਇਕਾਈਆਂ ਸਥਾਪਤ ਕਰਨ ਵਾਸਤੇ ਬੇਹੱਦ ਮਦਦਗਾਰ ਸਾਬਤ ਹੋਣਗੇ। ਸ੍ਰੀ ਮਾਨ ਬੀਤੀ ਰਾਤ ਇਨਵੈਸਟ ਪੰਜਾਬ ਸੈਸ਼ਨ ਦੌਰਾਨ ਸਥਾਨਕ ਸਨਅਤਕਾਰਾਂ ਨਾਲ ਗੱਲਬਾਤ ਕਰਨ ਪਹੁੰਚੇ ਸਨ।ਮੁੱਖ ਮੰਤਰੀ ਨੇ ਇਸ ਮੌਕੇ ਸਥਾਨਕ ਸਨਅਤ ਨੂੰ ਦੁਨੀਆਂ ਭਰ ਵਿੱਚੋਂ ਸਨਅਤੀ ਹੱਬ ਵਜੋਂ ਉੱਭਰਦੇ ਸੂਬੇ ਦੇ ਬਰਾਂਡ ਅੰਬੈਸਡਰ ਬਣਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਵਿੱਚ ਸਨਅਤ ਦੇ ਪੱਖ ਵਿੱਚ ਸਭ ਤੋਂ ਢੁੱਕਵਾਂ ਮਾਹੌਲ ਮੁਹੱਈਆ ਕੀਤਾ ਹੈ। ਉਨ੍ਹਾਂ ਕਿਹਾ ਕਿ ਸਥਾਨਕ ਸਨਅਤਕਾਰਾਂ ਨੂੰ ਵੱਡੇ ਪੱਧਰ ’ਤੇ ਇਸ ਦਾ ਫਾਇਦਾ ਹੋ ਰਿਹਾ ਹੈ ਅਤੇ ਇਨ੍ਹਾਂ ਸਨਅਤਕਾਰਾਂ ਨੂੰ ਹੁਣ ਅੱਗੇ ਵੱਧ ਕੇ ਪੰਜਾਬ ਦੇ ਬਰਾਂਡ ਅੰਬੈਸਡਰ ਬਣਦਿਆਂ ਸੂਬੇ ਵਿੱਚ ਨਿਵੇਸ਼ ਵਧਾਉਣ ਲਈ ਸਹਾਈ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਨਅਤ ਨੂੰ ਵੱਡਾ ਹੁਲਾਰਾ ਦੇਣ ਦੇ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਸਿਰਜੇ ਜਾਣਗੇ। ਇਸ ਤਹਿਤ ਸੂਬਾ ਸਰਕਾਰ ਸਨਅਤਕਾਰਾਂ ਦੇ ਪ੍ਰਾਜੈਕਟਾਂ ਨੂੰ ਛੇਤੀ ਮਨਜ਼ੂਰੀ ਦੇਣ ਲਈ ਛੇਤੀ ਹੀ ਰੰਗਦਾਰ ਅਸ਼ਟਾਮ ਪੇਪਰ ਦੀ ਸਹੂਲਤ ਦੇਣ ਜਾ ਰਹੀ ਹੈ। ਇਸ ਦੇ ਨਾਲ ਹੀ ਸੂਬੇ ਵਿੱਚ ਸਨਅਤੀ ਵਿਕਾਸ ਦੇ ਮੱਦੇਨਜ਼ਰ ਆਦਮਪੁਰ, ਹਲਵਾਰਾ ਤੇ ਭੀਸੀਆਣਾ ਹਵਾਈ ਅੱਡਿਆਂ ਤੋਂ ਘਰੇਲੂ ਉਡਾਣਾਂ ਸ਼ੁਰੂ ਕਰਨ ਲਈ ਕੋਸ਼ਿਸ਼ਾਂ ਜੰਗੀ ਪੱਧਰ ’ਤੇ ਚੱਲ ਰਹੀਆਂ ਹਨ। ਸ੍ਰੀ ਮਾਨ ਨੇ ਇਸ ਮੌਕੇ ਸੂਬੇ ਵਿੱਚ ਫੂਡ ਪ੍ਰਾਸੈਸਿੰਗ ਸੈਕਟਰ ਨੂੰ ਹੁਲਾਰਾ ਦੇਣ ਦੀ ਗੱਲ ਵੀ ਆਖੀ। ਉਨ੍ਹਾਂ ਕਿਹਾ ਕਿ ਇੱਕ ਪਾਸੇ ਇਸ ਨਾਲ ਰੁਜ਼ਗਾਰ ਦੇ ਮੌਕੇ ਬਣਨਗੇ ਦੂਜਾ ਕਿਸਾਨਾਂ ਨੂੰ ਵੀ ਵੱਡੇ ਪੱਧਰ ’ਤੇ ਲਾਭ ਹੋਵੇਗਾ। 

Source link