ਜੋਗਿੰਦਰ ਸਿੰਘ ਮਾਨ

ਮਾਨਸਾ, 14 ਮਈ

ਬਿਜਲੀ ਸੰਕਟ ਨਾਲ ਜੂਝ ਰਹੇ ਪੰਜਾਬ ਲਈ ਅੱਜ ਉਸ ਵੇਲੇ ਨਵੀਂ ਕਸੂਤੀ ਸਥਿਤੀ ਪੈਦਾ ਹੋ ਗਈ, ਜਦੋਂ ਰਾਜ‌ ਦੇ ਸਰਕਾਰੀ ਖੇਤਰ ਹੇਠਲੇ ਗੁਰੂ ਹਰਿਗੋਬਿੰਦ ਤਾਪਘਰ ਲਹਿਰਾ ਮੁਹਬੱਤ ਦਾ ਇੱਕ ਹੋਰ ਯੂਨਿਟ ਬੰਦ ਹੋ ਗਿਆ। ਇਸ ਤਾਪਘਰ ਦਾ ਇੱਕ ਯੂਨਿਟ ਪਹਿਲਾਂ ਹੀ ਬੰਦ ਹੈ। ਇਸ ਤਾਪਘਰ ਦੇ ਜਿਹੜੇ ਦੋ ਯੂਨਿਟ ਚੱਲ ਰਹੇ ਹਨ, ਉਹ ਵੀ ਸਮਰੱਥਾ ਨਾਲੋਂ ਘੱਟ ਬਿਜਲੀ ਪੈਦਾ ਕਰ ਰਹੇ ਹਨ। ਇਸ ਤਾਪਘਰ ਦੀ ਕੁੱਲ ਸਮਰੱਥਾ 920 ਮੈਗਾਵਾਟ ਦੀ ਹੈ, ਜਿਸ ਵਿਚੋਂ ਚੱਲ ਰਹੇ ਦੋਵੇਂ ਯੂਨਿਟ (3 ਅਤੇ 4) ਸਿਰਫ 312 ਮੈਗਾਵਾਟ ਹੀ ਬਿਜਲੀ ਪੈਦਾਵਾਰ ਕਰ ਰਹੇ ਹਨ। ਇਸ ਤਾਪਘਰ ਵਿਚ ਅਚਾਨਕ ਪਏ ਤਕਨੀਕੀ ਨੁਕਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਭੇਲ ਤੋਂ ਟੈਕਨੀਕਲ ਮਾਹਿਰਾਂ ਦੀ ਵਿਸ਼ੇਸ਼ ਟੀਮ ਬੁਲਾ ਲਈ ਗਈ ਹੈ। ਪਾਵਰਕੌਮ ਦੇ ਸੀਨੀਅਰ ਅਧਿਕਾਰੀ ਵੀ ਮੌਕੇ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਪਟਿਆਲਾ ਤੋਂ ਪੁੱਜ ਗਏ ਹਨ। ਇਹ ਵੀ ਪਤਾ ਲੱਗਿਆ ਹੈ ਕਿ ਤਾਪਘਰ‌ ਵਿਚ ਸੁਆਹ ਨੂੰ ਵੱਖ ਕਰਨ ਵਾਲਾ ਵੱਡਾ ਯੰਤਰ‌ ਅਚਾਨਕ ਡਿੱਗ ਪਿਆ, ਜਿਸ ਨਾਲ ਯੂਨਿਟ ਨੰਬਰ 2 ਵਿਚ ਵੱਡਾ ਨੁਕਸ ਪੈ ਗਿਆ ਹੈ।

Source link