ਜਗਮੋਹਨ ਸਿੰਘ

ਘਨੌਲੀ, 15 ਮਈ

920 ਮੈਗਾਵਾਟ ਬਿਜਲੀ ਪੈਦਾਵਾਰ ਸਮਰੱਥਾ ਵਾਲੇ ਸਰਕਾਰੀ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਥਰਮਲ ਦਾ ਅੱਜ 3 ਨੰਬਰ ਯੂਨਿਟ ਬੰਦ ਹੋਣ ਕਾਰਨ ਇਸ ਪਲਾਂਟ ਤੋਂ ਬਿਜਲੀ ਉਤਪਾਦਨ ਸਿਰਫ 166 ਮੈਗਾਵਾਟ ਰਹਿ ਗਿਆ ਹੈ। 4 ਯੂਨਿਟਾਂ ਵਾਲੇ ਇਸ ਥਰਮਲ ਪਲਾਂਟ ਦੇ 1 ਅਤੇ 2 ਨੰਬਰ ਯੂਨਿਟ ਬੀਤੇ ਦਿਨ ਬੰਦ ਹੋ ਹਨ ਅਤੇ 3 ਨੰਬਰ ਯੂਨਿਟ ਨੂੰ ਅੱਜ ਕਿਸੇ ਤਕਨੀਕੀ ਖ਼ਰਾਬੀ ਕਾਰਨ ਬੰਦ ਕਰਨਾ ਪੈ ਗਿਆ ਹੈ। ਹੁਣ ਇਸ ਥਰਮਲ ਪਲਾਂਟ ਦਾ ਸਿਰਫ 4 ਨੰਬਰ ਯੂਨਿਟ ਹੀ ਬਿਜਲੀ ਪੈਦਾ ਕਰ ਰਿਹਾ ਹੈ। ਉੱਧਰ ਥਰਮਲ ਪਲਾਂਟ ਰੂਪਨਗਰ ਦੇ 3 ਨੰਬਰ ਯੂਨਿਟ ਦੀ ਈਐੱਸਪੀ ਵਿੱਚ ਸੁਆਹ ਦਾ ਨਿਬੇੜਾ ਨਾ ਹੋਣ ਕਾਰਨ ਇਹ ਯੂਨਿਟ ਅੱਜ ਐਤਵਾਰ ਨੂੰ ਵੀ ਚਾਲੂ ਨਹੀਂ ਹੋ ਸਕਿਆ ਤੇ 6 ਨੰਬਰ ਯੂਨਿਟ ਨੂੰ ਕਾਫੀ ਘੱਟ ਸਮਰਥਾ ’ਤੇ ਚਲਾਇਆ ਜਾ ਰਿਹਾ ਹੈ। ਪਾਵਰਕਾਮ ਦੇ ਲੋਡ ਡਿਸਪੈਚ ਸੈਂਟਰ ਅਨੁਸਾਰ ਥਰਮਲ ਪਲਾਂਟ ਰੂਪਨਗਰ ਦੇ 4 ਨੰਬਰ ਯੂਨਿਟ ਤੋਂ 188, 5 ਨੰਬਰ ਤੋਂ 179 ਅਤੇ 6 ਨੰਬਰ ਯੂਨਿਟ ਤੋਂ 167 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਸੀ। ਪ੍ਰਾਈਵੇਟ ਥਰਮਲ ਪਲਾਂਟਾਂ ਵਿੱਚੋਂ ਰਾਜਪੁਰਾ ਥਰਮਲ ਪਲਾਂਟ ਦੇ 1400 ਮੈਗਾਵਾਟ ਸਮਰੱਥਾ ਵਾਲੇ ਦੋਵੇਂ ਯੂਨਿਟ 1314 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਹਨ, ਗੋਇੰਦਵਾਲ ਸਾਹਿਬ ਦੇ 2 ਨੰਬਰ ਯੂਨਿਟ ਰਾਹੀਂ 225 ਮੈਗਾਵਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਸੀ। 1980 ਮੈਗਾਵਾਟ ਵਾਲੇ ਤਲਵੰਡੀ ਸਾਬੋ ਦੇ ਪ੍ਰਾਈਵੇਟ ਥਰਮਲ ਪਲਾਂਟ ਦੇ ਯੂਨਿਟ ਨੰਬਰ 1 ਰਾਹੀਂ 512 ਅਤੇ ਯੂਨਿਟ ਨੰਬਰ 3 ਰਾਹੀਂ 536 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਸੀ। ਇਸ ਥਰਮਲ ਪਲਾਂਟ ਦਾ 2 ਨੰਬਰ ਯੂਨਿਟ ਵੀ ਪ੍ਰਬੰਧਕਾਂ ਵੱਲੋਂ ਚਾਲੂ ਕੀਤਾ ਗਿਆ ਸੀ ਪਰ ਤਕਨੀਕੀ ਖਰਾਬੀ ਆਉਣ ਕਾਰਨ 660 ਮੈਗਾਵਾਟ ਸਮਰੱਥਾ ਵਾਲੇ ਇਸ ਯੂਨਿਟ ਨੂੰ ਅਚਾਨਕ ਬੰਦ ਕਰਨਾ ਪੈ ਗਿਆ। ਥਰਮਲ ਪਲਾਂਟ ਰੂਪਨਗਰ ਦੇ ਪ੍ਰਬੰਧਕਾਂ ਅਨੁਸਾਰ 3 ਨੰਬਰ ਯੂਨਿਟ ਚੱਲਣ ਲਈ ਬਿਲਕੁਲ ਤਿਆਰ ਹੈ ਤੇ ਜਿਵੇਂ ਹੀ ਸੁਆਹ ਦਾ ਕੋਈ ਹੱਲ ਨਿਕਲੇਗਾ, ਉਸੀ ਸਮੇਂ ਯੂਨਿਟ ਬਿਜਲੀ ਉਤਪਾਦਨ ਸ਼ੁਰੂ ਕਰ ਦੇਵੇਗਾ।

Source link