ਪ੍ਰਿੰ. ਸਰਵਣ ਸਿੰਘ

ਪ੍ਰਿੰਸੀਪਲ ਹਰਭਜਨ ਸਿੰਘ ਦਾ ਨਾਂ ਲੈਂਦਿਆਂ ਮਾਹਿਲਪੁਰ ਯਾਦ ਆ ਜਾਂਦਾ ਹੈ, ਮਾਹਿਲਪੁਰ ਨਾਲ ਫੁੱਟਬਾਲ ਤੇ ਫੁੱਟਬਾਲ ਨਾਲ ਜਰਨੈਲ ਸਿੰਘ। ਮਾਹਿਲਪੁਰ ਨਾਲ ਪ੍ਰਿੰ. ਹਰਭਜਨ ਸਿੰਘ ਦਾ ਨਾਂ ਉਵੇਂ ਹੀ ਜੁੜਿਆ ਆ ਰਿਹਾ ਹੈ ਜਿਵੇਂ ਜਰਨੈਲ ਸਿੰਘ ਨਾਲ ਫੁੱਟਬਾਲ। ਜਿਵੇਂ ਸੰਸਾਰਪੁਰ ਨੂੰ ਹਾਕੀ ਦਾ ਘਰ ਕਿਹਾ ਜਾਂਦਾ, ਉਵੇਂ ਮਾਹਿਲਪੁਰ ਵੀ ਫੁੱਟਬਾਲ ਦਾ ਘਰ ਹੈ। ਮਾਹਿਲਪੁਰ ਨੂੰ ਫੁੱਟਬਾਲ ਦਾ ਘਰ ਬਣਾਉਣ ਵਿਚ ਸਭ ਤੋਂ ਵੱਡਾ ਯੋਗਦਾਨ ਖ਼ਾਲਸਾ ਹਾਈ ਸਕੂਲ ਮਾਹਿਲਪੁਰ ਦੇ ਹੈੱਡ ਮਾਸਟਰ ਰਹੇ ਤੇ ਪਿੱਛੋਂ ਸ਼੍ਰੀ ਗੁਰੂ ਗੋਬਿੰਦ ਖ਼ਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰਸੀਪਲ ਬਣੇ ਹਰਭਜਨ ਸਿੰਘ ਦਾ ਹੈ। ਕਵੀ ਤੇ ਗਾਇਕ ਪ੍ਰੋ. ਅਜੀਤ ਸਿੰਘ ਲੰਗੇਰੀ ਦੀ ਲਿਖੀ ਪਹਿਲੀ ਵਾਰਤਕ ਪੁਸਤਕ ਦਾ ਨਾਂ ‘ਪ੍ਰਿੰਸੀਪਲ ਹਰਭਜਨ ਸਿੰਘ ਜੀ ਦਾ ਵਿਦਿਅਕ ਤੇ ਖੇਡ ਸੰਸਾਰ’ ਹੈ ਜੋ ਜੁਲਾਈ 2021 ਵਿਚ ਛਪੀ। ਡੇਢ ਸੌ ਸਫ਼ੇ ਦੀ ਇਸ ਪੁਸਤਕ ਵਿਚ ਪ੍ਰਿੰ. ਹਰਿਭਜਨ ਸਿੰਘ ਜੀ ਦੇ ਵਿੱਦਿਆ ਤੇ ਖੇਡ ਖੇਤਰ ਵਿਚ ਪਾਏ ਯੋਗਦਾਨ ਦੀਆਂ ਗੱਲਾਂ ਬੜੇ ਵਿਸਥਾਰ ਨਾਲ ਲਿਖੀਆਂ ਹਨ।

InterServer Web Hosting and VPS

ਅਜੀਤ ਲੰਗੇਰੀ, ਸਿ਼ਵ ਕੁਮਾਰ ਤੇ ਸੁਰਜੀਤ ਪਾਤਰ ਵਾਂਗ ਇਕਹਿਰੇ ਜੁੱਸੇ ਦਾ ਕਵੀ ਹੈ ਜੋ ਉਮਰ ਦੀ ਪੌਣੀ ਸਦੀ ਦੀਆਂ ਲੋਹੜੀਆਂ, ਵਿਸਾਖੀਆਂ ਤੇ ਦੀਵਾਲੀਆਂ ਮਨਾਉਂਦਾ ਆਪਣੇ ਪਿੰਡ ਲੰਗੇਰੀ ਵਿਚ ਹੀ ਰਹਿ ਰਿਹਾ ਹੈ। ਕਹਿੰਦੇ ਹਨ ਕਿ ਕਵੀਆਂ ਦੀ ਕੋਈ ਨਾ ਕੋਈ ਗੱਲ ਅਲੋਕਾਰ ਹੁੰਦੀ ਹੈ। ਉਹ ਅਜੀਤ ਲੰਗੇਰੀ ਦੀ ਵੀ ਸੀ। ਜਦੋਂ ਜੁਆਨੀ ਦਾ ਜ਼ੋਰ ਸੀ ਵੇ ਬਾਲਮਾ, ਵੰਝਲੀ ਵਰਗਾ ਬੋਲ ਸੀ ਵੇ ਬਾਲਮਾ। ਜਿਥੇ ਉਹਦੀ ਕਵਿਤਾ ਤੇ ਗਾਇਕੀ ਚਰਚਿਤ ਰਹੀ ਉਥੇ ਜੁਆਨੀ ਵੀ ਚਰਚਿਤ ਹੋਈ। ਉਸ ਨੇ ਲਿਖਿਆ ਤੇ ਗਾਇਆ:

ਨੀ ਸੋਨ ਚਿੜੀਏ, ਨੀ ਸੋਨ ਚਿੜੀਏ

ਕੰਡਿਆਂ ਵਰਗੇ ਬੋਲਾਂ ਦੇ ਨਾਲ

ਚਾਰੇ ਪਾਸਿਓਂ ਘਿਰੀਏ, ਨੀ ਸੋਨ ਚਿੜੀਏ…

ਕਿਥੇ ਗਈਆਂ ਚਿੜੀਆਂ ਜੀ,

ਕਿਥੇ ਮੋਈਆਂ ਕੁੜੀਆਂ

ਕਿਥੇ ਗਈ ਬੋਹੜਾਂ ਵਾਲੀ ਛਾਂ

ਛਾਂਗੇ ਛਿੱਲੇ ਰੁੱਖ ਖੜ੍ਹੇ, ਪਰੇਸ਼ਾਨ ਪੁੱਤ ਬੜੇ

ਨਿਮੋਝੂਣੀ ਹੋਈ ਫਿਰੇ ਮਾਂ,

ਕਿਥੇ ਗਈਆਂ ਚਿੜੀਆਂ…

ਇਕ ਚੁੰਨੀ ਤੇਰਾ ਹਰਾ ਲਹਿਰੀਆ,

ਵਿਚ ਹਵਾ ਦੇ ਲਹਿਰੇ

ਹੰਝੂਆਂ ਦੇ ਨਾਲ ਧੋ ਧੋ ਲਾਹਵੀਂ,

ਦਾਗ ਤਾਂ ਪੈ ਗਏ ਗਹਿਰੇ

ਏਸ ਚੁੰਨੀ ਨਾਲ ਤੋਹਮਤਾਂ ਤੁਰੀਆਂ,

ਤੁਰੀਆਂ ਬੰਨ੍ਹ ਕਤਾਰਾਂ

’ਕੱਲੀ ਕਾਰੀ ਜਿੰਦ ਨਿਮਾਣੀ,

ਘਿਰ ਗਈ ਵਿਚ ਕਟਾਰਾਂ

ਜਿੰਦ ਮਲੂਕ ਜਿਹੀ ਦੇ ਪੈ ਗਏ,

ਨਾਲ ਡਾਢਿਆਂ ਖਹਿੜੇ

ਇਕ ਚੁੰਨੀ ’ਤੇ ਹਰਾ ਲਹਿਰੀਆ…

ਨੀ ਤੂੰ ਧੁੱਪ ਵਰਗੀ, ਨੀ ਤੂੰ ਛਾਂ ਵਰਗੀ

ਕਦੀ ਚੁੱਪ ਕਦੀ ਸ਼ੂਕਦੇ ਝਨਾਂ ਵਰਗੀ,

ਨੀ ਤੂੰ ਧੁੱਪ ਵਰਗੀ…

ਕਦੀ ਖਿੜ ਖਿੜ ਹੱਸੇਂ ਕਦੀ ਘੂਰੀ ਵੱਟ ਤੱਕੇਂ

ਕਦੀ ਡੁੱਲ੍ਹ ਡੁੱਲ੍ਹ ਪੈਂਦੀ ਕਦੀ ਬੁੱਲ੍ਹੀਆਂ ਨੂੰ ਟੁੱਕੇਂ

ਸਜ਼ਾ ਦੇਵੇਂ ਕਿਸੇ ਡਾਢੇ ਦੇ ਨਿਆਂ ਵਰਗੀ,

ਨੀ ਤੂੰ ਧੁੱਪ ਵਰਗੀ…

ਮੈਂ ਉਹ ਚਿਣਗ ਜੋ ਵਿਚ ਸਿਆਲੇ

ਧੂਣੀਆਂ ਤਾਈਂ ਮਚਾਵੇ

ਜੋ ਲੋਰੀ ਦਾ ਗੀਤ ਜਿਹਨੂੰ

ਕੋਈ ਮਾਂ ਗਾਉਂਦੀ ਸੌਂ ਜਾਵੇ

ਦਾਦੀ ਮਾਂ ਦੇ ਗੋਡੇ ਲੱਗਾ ਹੂੰ ਹੂੰ ਦਾ ਹੁੰਗਾਰਾ

ਮੈਂ ਸਰਘੀ ਦਾ ਤਾਰਾ…

ਅਜੀਤ ਮੁੱਢੋਂ ਹੀ ਪੜ੍ਹਾਈ ਵਿਚ ਹੁਸਿ਼ਆਰ ਸੀ। ਉਸ ਨੇ 1959 ਵਿਚ ਖ਼ਾਲਸਾ ਹਾਈ ਸਕੂਲ ਮਾਹਿਲਪੁਰ ਤੋਂ ਮੈਟ੍ਰਿਕ ਤੇ 1964 ਵਿਚ ਖ਼ਾਲਸਾ ਕਾਲਜ ਮਾਹਿਲਪੁਰ ਤੋਂ ਬੀਏ ਪਾਸ ਕੀਤੀ। ਸੀਮਤ ਸਾਧਨਾਂ ਦੇ ਬਾਵਜੂਦ ਅੰਗਰੇਜ਼ੀ ਦੀ ਐੱਮਏ ਅੰਗਰੇਜ਼ੀ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕਰ ਕੇ 1969 ਵਿਚ ਉਹ ਆਪਣੇ ਮਾਹਿਲਪੁਰ ਵਾਲੇ ਕਾਲਜ ਵਿਚ ਹੀ ਪੜ੍ਹਾਉਣ ਲੱਗ ਗਿਆ। ਉਥੇ ਉਹ 34 ਸਾਲ ਅੰਗਰੇਜ਼ੀ ਪੜ੍ਹਾ ਕੇ ਤੇ ਗੀਤ ਗਾ ਕੇ 2003 ਵਿਚ ਰਿਟਾਇਰ ਹੋਇਆ। ਇਉਂ ਉਹ 1950ਵਿਆਂ ਤੋਂ ਮਾਹਿਲਪੁਰ ਦੇ ਖ਼ਾਲਸਾ ਸਕੂਲ ਤੇ ਕਾਲਜ ਨਾਲ ਜੁੜਿਆ ਆ ਰਿਹਾ। ਇਸ ਪੁਸਤਕ ਦੇ ਮੁਖਬੰਦ ਵਿਚ ਉਹ ਲਿਖਦਾ ਹੈ:

ਪ੍ਰਿੰਸੀਪਲ ਹਰਭਜਨ ਸਿੰਘ ਜੀ ਦੀ ਅਗਵਾਈ ਵਿਚ ਮਾਹਿਲਪੁਰ ਵਿਖੇ ਵਿੱਦਿਆ ਦੇ ਦੋ ਚਾਨਣ ਮਿਨਾਰੇ, ਖ਼ਾਲਸਾ ਸਕੂਲ ਮਾਹਿਲਪੁਰ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਸਥਾਪਤ ਕੀਤੇ ਗਏ। ਇਹ ਦੋਵੇਂ ਸੰਸਥਾਵਾਂ ਮਾਹਿਲਪੁਰ ਇਲਾਕੇ ਲਈ ਵਰਦਾਨ ਸਾਬਤ ਹੋਈਆਂ। ਇਹਨਾਂ ਨੇ ਇਲਾਕੇ ਦੀ ਨੁਹਾਰ ਬਦਲ ਕੇ ਰੱਖ ਦਿੱਤੀ। ਜੇ ਇਹਨਾਂ ਸੰਸਥਾਵਾਂ ਦੀ ਉਸਾਰੀ ਸਮੇਂ ਦੇ ਤੇ ਅੱਜ ਦੇ ਮਾਹਿਲਪੁਰ ਦਾ ਟਾਕਰਾ ਕਰੀਏ ਤਾਂ ਜ਼ਮੀਨ ਅਸਮਾਨ ਦਾ ਫਰਕ ਨਜ਼ਰ ਆਏਗਾ। ਅੱਜ ਇਹ ਇਲਾਕਾ ਬਹੁਪੱਖੀ ਉਨਤੀ ਕਰਕੇ ਦੇਸ਼ ਦੇ ਮੋਹਰੀ ਖੇਤਰਾਂ ਵਿਚੋਂ ਇਕ ਹੈ। ਇਹ ਉਨਤੀ ਉਪਰੋਕਤ ਦੋ ਸੰਸਥਾਵਾਂ ਦੀ ਬਰਕਤ ਦੀ ਦੇਣ ਹੈ…।

ਸਕੂਲ ਤੇ ਕਾਲਜ ਦਾ ਇਹ ਵਿਸ਼ਾਲ ਪਸਾਰਾ ਮਾਹਿਲਪੁਰ ਦੇ ਬੈਂਸ ਭਾਈਚਾਰੇ ਵੱਲੋਂ ਦਾਨ ਕੀਤੀ ਜ਼ਮੀਨ ਉੱਤੇ ਫੈਲਿਆ ਹੋਇਆ ਹੈ। ਇਹ ਸੰਸਥਾਵਾਂ ਲੋਕਾਈ ਲਈ, ਪੜ੍ਹਾਈ, ਖੇਡਾਂ ਤੇ ਸਭਿਆਚਾਰਕ ਗਤੀਵਿਧੀਆਂ ਲਈ ਖਿੱਚ ਦਾ ਕੇਂਦਰ ਬਣ ਗਈਆਂ ਤੇ 1909 ਤੋਂ ਹੁਣ ਤਕ ਆਪਣਾ ਰੋਲ ਨਿਭਾ ਰਹੀਆਂ ਹਨ। ਇਲਾਕੇ ਦੇ ਲੋਕਾਂ ਨੇ ਹਰ ਖੇਤਰ ਵਿਚ ਇਨ੍ਹਾਂ ਦਾ ਲਾਭ ਉਠਾਇਆ। ਇਲਾਕਾ ਨਿਵਾਸੀਆਂ ਨੂੰ ਵਿਦਿਅਕ ਮਹਿਕਮੇ, ਬੈਂਕਾਂ, ਫੌਜ, ਪੁਲਿਸ, ਖੇਡ ਵਿਭਾਗ ਤੇ ਹੋਰ ਵਿਭਾਗਾਂ ਵਿਚ ਸਰਵਿਸ ਮਿਲੀ। ਉਹ ਫੌਜ ਵਿਚ ਵੱਡੇ ਅਫ਼ਸਰ, ਡਾਕਟਰ, ਇੰਜਨੀਅਰ, ਸਾਇੰਸਦਾਨ, ਵਕੀਲ, ਲੇਖਕ ਤੇ ਰਾਜਨੀਤਕ ਲੀਡਰ ਬਣੇ। ਲੇਖਕ 1975 ਤੋਂ ਸਿੱਖ ਵਿਦਿਅਕ ਕੌਂਸਲ, ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਦਾ ਮੈਂਬਰ ਹੈ। ਲੇਖਕ ਨੇ ਅਨੇਕਾਂ ਵਾਰ ਪ੍ਰਿੰਸੀਪਲ ਹਰਭਜਨ ਸਿੰਘ ਜੀ ਦੇ ਦਰਸ਼ਨ ਕੀਤੇ ਜੋ 1962 ਵਿਚ ਸਵਰਗਵਾਸ ਹੋਏ। ਉਹ 1892 ਤੋਂ 1962 ਤਕ ਜੀਵੇ। ਲੇਖਕ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਸੀ। ਜਦੋਂ ਵੀ ਆਮ ਸਮਾਗਮਾਂ, ਇਕੱਠਾਂ ਤੇ ਉਹਨਾਂ ਦੇ ਨਾਂ ਉਤੇ ਚੱਲ ਰਹੇ ਟੂਰਨਾਮੈਂਟਾਂ ਵਿਚ ਉਹਨਾਂ ਦੀ ਸੋਭਾ ਹੁੰਦੀ ਹੈ ਤਾਂ ਬਹੁਤ ਖ਼ੁਸ਼ੀ ਹੁੰਦੀ ਹੈ। ਉਥੋਂ ਹੀ ਮੈਨੂੰ ਉਤਸ਼ਾਹ ਮਿਲਿਆ ਕਿ ਪ੍ਰਿੰਸੀਪਲ ਹਰਭਜਨ ਸਿੰਘ ਬਾਰੇ ਕੁਝ ਲਿਖਤੀ ਪੇਸ਼ ਕੀਤਾ ਜਾਵੇ। 2015 ਵਿਚ ਛੋਟੀ ਜਿਹੀ ਕੋਸਿ਼ਸ਼ ਕੀਤੀ ਗਈ ਤੇ ਕਿਤਾਬਚਾ ਲਿਖਿਆ ਗਿਆ। ਹੁਣ ਇਹ ਪੂਰੀ ਪੁਸਤਕ ਵਜੂਦ ਵਿਚ ਆਈ ਹੈ ਜੋ ਅਜੇ ਵੀ ਅਧੂਰੀ ਹੈ। ਅਗਲੇ ਸੰਸਕਰਨ ਵਿਚ ਹੋਰ ਵਾਧਾ ਕੀਤਾ ਜਾਵੇਗਾ।

ਮੈਨੂੰ ਇਸ ਪੁਸਤਕ ਦੀ ਦੱਸ ਗੁਲਜ਼ਾਰ ਸਿੰਘ ਸੰਧੂ ਨੇ ਪਾਈ ਜੋ ਖ਼ੁਦ ਮਾਹਿਲਪੁਰ ਦੇ ਇਨ੍ਹਾਂ ਵਿਦਿਅਕ ਅਦਾਰਿਆਂ ਦਾ ਵਿਦਿਆਰਥੀ ਰਹਿ ਚੁੱਕਾ ਸੀ। ਉਸ ਨੂੰ ਪਤਾ ਹੈ ਕਿ ਮੈਂ ਪੰਜਾਬੀ ਵਿਚ ਲਿਖੀਆਂ ਖੇਡ ਪੁਸਤਕਾਂ ਦੀ ਭਾਲ ਟੋਲ ਵਿਚ ਹਾਂ ਤੇ ਪੰਜਾਬੀ ਖੇਡ ਸਾਹਿਤ ਦੀਆਂ ਗੱਲਾਂ ਕਰਦਾ ਰਹਿੰਦਾ ਹਾਂ। ਗੁਲਜ਼ਾਰ ਸਿੰਘ ਸੰਧੂ ਨੇ ਖ਼ੁਦ ਪ੍ਰਿੰ. ਹਰਭਜਨ ਸਿੰਘ ਤੇ ਮਾਹਿਲਪੁਰ ਦੇ ਵਿਦਿਅਕ ਮਾਹੌਲ ਬਾਰੇ ਲਿਖਿਆ:

ਕੰਢੀ ਦੇ ਇਸ ਪਛੜੇ ਹੋਏ ਖੇਤਰ ਵਿਚ ਮਾਹਿਲਪੁਰ ਵਿੱਦਿਆ ਦਾ ਗੜ੍ਹ ਸੀ। ਏਥੋਂ ਦੇ ਬੈਂਸ ਗ਼ਦਰ ਪਾਰਟੀ ਦੇ ਜਨਮ ਸਮੇਂ ਤੋਂ ਥੋੜ੍ਹਾ ਅੱਗੇ ਪਿੱਛੇ ਮਾਹਿਲਪੁਰ ਵਿਚ ਹੀ ਮਿਡਲ ਸਕੂਲ ਕਿਰਾਏ ਦੀ ਥਾਂ `ਤੇ ਚਲਾ ਰਹੇ ਸਨ। 1924 ਵਿਚ ਉਹਨਾਂ ਨੇ ਇਸ ਸਕੂਲ ਨੂੰ ਪੁੱਟ ਕੇ

ਸੜਕ ਪਾਰ ਲੈ ਆਂਦਾ। ਅੱਜ ਵਾਲੀ ਥਾਂ। ਬੱਸ ਅੱਡੇ ਦੇ ਨੇੜੇ। ਇਹਦੇ ਲਈ ਇਮਾਰਤ ਵੀ ਬਣ ਗਈ ਤੇ ਛੇਤੀ ਇਸ ਦਾ ਪੱਧਰ ਵੀ ਉੱਚਾ ਹੋ ਗਿਆ। ਇਹ ਚਾਰ ਪੰਜ ਸਾਲ ਦੇ ਅੰਦਰ ਮੈਟ੍ਰਿਕ ਤਕ ਪਹੁੰਚ ਗਿਆ। ਇਹ ਉੱਨਤੀ ਹਰਭਜਨ ਸਿੰਘ ਦੇ ਮਾਸਟਰ ਹੁੰਦਿਆਂ ਹੋਈ। ਉਹਨਾਂ ਦੇ ਹੈੱਡ ਮਾਸਟਰ ਬਣਨ ਪਿੱਛੋਂ ਇਸ ਸਕੂਲ ਨੇ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕੀਤੀ।

ਖ਼ਾਸ ਕਰਕੇ ਖੇਡਾਂ ਦੇ ਪੱਖ ਤੋਂ। ਹਰਭਜਨ ਸਿੰਘ ਖ਼ੁਦ ਵੀ ਜੁੱਸੇ ਦੇ ਤਕੜੇ ਸਨ।

ਮਾਸਟਰ ਹਰਭਜਨ ਸਿੰਘ ਮਾਹਿਲਪੁਰ ਆਉਣ ਤੋਂ ਪਹਿਲਾਂ ਅੰਬਾਲੇ ਦੇ ਸਕੂਲ ਵਿਚ ਪੜ੍ਹਾਉਂਦੇ ਰਹੇ ਸਨ। ਸੁਤੰਤਰ ਭਾਰਤ ਦਾ ਪ੍ਰਥਮ ਡਿਫੈਂਸ ਮਨਿਸਟਰ ਬਲਦੇਵ ਸਿੰਘ ਉਹਨਾਂ ਦਾ ਵਿਦਿਆਰਥੀ ਰਿਹਾ ਸੀ। ਬਲਦੇਵ ਸਿੰਘ ਨੇ ਰਾਜਨੀਤਕ ਜੀਵਨ ਵਿਚ ਹਰਭਜਨ ਸਿੰਘ ਜੀ ਦੀ ਖ਼ੂਬ ਇਜ਼ਤ ਕੀਤੀ। ਹਰਭਜਨ ਸਿੰਘ ਦਾ ਵੱਡਾ ਯੋਗਦਾਨ ਇਹ ਸੀ ਕਿ ਉਨ੍ਹਾਂ ਨੇ ਕਾਲਜ ਦੀ ਵਿੱਦਿਆ ਪ੍ਰਾਪਤ ਕਰਨ ਲਈ ਧੀਆਂ-ਭੈਣਾਂ ਨੂੰ ਪਿੱਛੇ ਨਹੀਂ ਰਹਿਣ ਦਿੱਤਾ। ਕੁੜੀਆਂ ਵੱਲੋਂ ਮੁੰਡਿਆਂ ਦੇ ਬਰਾਬਰ ਬੈਠ ਕੇ ਪੜ੍ਹਨ ਦੀ ਪਿਰਤ ਪਾਉਣ ਲਈ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੀ ਭਾਣਜ ਨੂੰਹ ਅਮਰਜੀਤ ਕੌਰ ਨੂੰ ਦਾਖਲਾ ਦਿੱਤਾ। ਉਹ ਜਿ਼ਲ੍ਹਾ ਸਿੱਖਿਆ ਅਫ਼ਸਰ ਬਣ ਕੇ ਸੇਵਾ ਮੁਕਤ ਹੋਈ। ਵਿਦਿਆਰਥੀ ਮੁੰਡੇ ਵਿਦਿਆਰਥਣਾਂ ਦੀ ਨਜ਼ਰੇ ਚੜ੍ਹਨ ਲਈ ਚੰਗਾ ਪੜ੍ਹਦੇ ਤੇ ਚੰਗਾ ਪਹਿਨਦੇ। ਇਕ-ਦੋਂਹ ਨੂੰ ਛੱਡ ਕੇ ਉਹਨਾਂ ਕੋਲੋਂ ਲੰਘਦੇ ਸਮੇਂ ਨੀਵੀਂ ਪਾ ਲੈਂਦੇ। ਉਹਨਾਂ ਨੂੰ ਪ੍ਰਿੰਸੀਪਲ ਦੀ ਡਾਂਟ ਤੋਂ ਡਰ ਲੱਗਦਾ ਸੀ। ਉਹਨਾਂ ਦੇ ਰੋਅਬ ਦਾਬ ਦਾ ਕੋਈ ਜਵਾਬ ਨਹੀਂ ਸੀ। ਹਰਭਜਨ ਸਿੰਘ ਕਾਲਜ ਦੇ ਉਸਰਈਏ ਸਨ, ਹੈੱਡ ਮਾਸਟਰ ਤੋਂ ਕਾਲਜ ਦੇ ਪ੍ਰਿੰਸੀਪਲ ਬਣੇ ਸਨ…।

ਉਥੇ ਇਕ ਹਰਮਨ ਪਿਆਰੇ ਪ੍ਰੋਫ਼ੈਸਰ ਸੁਰਜੀਤ ਹਾਂਸ ਵੀ ਸਨ। ਉਹ ਅੰਗਰੇਜ਼ੀ ਦੇ ਪ੍ਰੋਫ਼ੈਸਰ ਸਨ। ਉਥੋਂ ਉਹ ਇੰਗਲੈਂਡ ਚਲੇ ਗਏ ਤੇ ਇੰਗਲੈਂਡੋਂ ਮੁੜ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਆ ਗਏ ਅਤੇ ਬੜਾ ਖੋਜ ਕਾਰਜ ਕੀਤਾ। ਉਹ ਸਿੱਖ ਇਤਿਹਾਸ ਦੇ ਵੱਡੇ ਵਿਦਵਾਨ ਵਜੋਂ ਜਾਣੇ ਜਾਣ ਲੱਗੇ। ਉਹਨਾਂ ਨੇ ਕਵਿਤਾ ਤੇ ਵਾਰਤਕ ਦੀਆਂ ਅਨੇਕਾਂ ਕਿਤਾਬਾਂ ਲਿਖੀਆਂ। ਪਿੱਛੋਂ ਉਨ੍ਹਾਂ ਨੇ ਸ਼ੇਕਸਪੀਅਰ ਦੇ ਸਾਰੇ ਨਾਟਕਾਂ ਦਾ ਪੰਜਾਬੀ ਵਿਚ ਅਨੁਵਾਦ ਕੀਤਾ ਜੋ ਪੰਜਾਬੀ ਸਾਹਿਤ ਲਈ ਬੜੀ ਵੱਡੀ ਦੇਣ ਹੈ।

ਅਜੀਤ ਲੰਗੇਰੀ ਨੂੰ ਮੈਂ ਪਹਿਲੀ ਵਾਰ ਸਵਰਗੀ ਜਰਨੈਲ ਸਿੰਘ ਦੇ ਸ਼ਰਧਾਂਜਲੀ ਸਮਾਗਮ `ਚ ਮਿਲਿਆ ਸਾਂ। ਏਸ਼ੀਆ ਫੁੱਟਬਾਲ ਦੀ ਜਰਨੈਲੀ ਕਰਨ ਵਾਲੇ ਜਰਨੈਲ ਸਿੰਘ ਦੀ ਦੇਹ, ਸਸਕਾਰ ਕਰਨ ਤੋਂ ਪਹਿਲਾਂ ਕੁਝ ਘੰਟਿਆਂ ਲਈ ਖ਼ਾਲਸਾ ਕਾਲਜ ਮਾਹਿਲਪੁਰ ਦੇ ਫੁੱਟਬਾਲ ਗਰਾਊਂਡ ਵਿਚ ਰੱਖੀ ਗਈ ਸੀ ਤਾਂ ਜੋ ਇਲਾਕੇ ਦੇ ਲੋਕ ਅੰਤਮ ਦਰਸ਼ਨ ਕਰ ਸਕਣ। ਉਥੇ ਅਜੀਤ ਲੰਗੇਰੀ ਨੂੰ ਮੈਂ ਪਹਿਲੀ ਵਾਰ ਹੰਝੂਆਂ ਨਾਲ ਡਬਡਬਾਈਆਂ ਅੱਖਾਂ ਵਾਲੇ ਸਟੇਜ ਸਕੱਤਰ ਵਜੋਂ ਵੇਖਿਆ ਸੀ। ਉਹਦੇ ਬੋਲਾਂ ਵਿਚ ਸ਼ਾਇਰੀ ਘੁਲੀ ਮਿਲੀ ਸੀ। ਉਹ ਪਿੰਡਾਂ ਸ਼ਹਿਰਾਂ ਤੇ ਸਕੂਲਾਂ ਕਾਲਜਾਂ ਦੇ ਸਭਿਆਚਾਰਕ ਸਮਾਗਮਾਂ ਤੋਂ ਲੈ ਕੇ ਲਾਲ ਕਿਲ੍ਹੇ ਦੇ ਮੁਸ਼ਾਇਰਿਆਂ ਤਕ ਬੱਲੇ ਬੱਲੇ ਕਰਵਾ ਚੁੱਕਾ ਸੀ। 1980 ਵਿਚ ਪੰਜਾਬੀ ਦੀ ਪਹਿਲੀ ਵਿਸ਼ਵ ਕਾਨਫਰੰਸ ਸਮੇਂ ਯੂਕੇ ਜਾ ਆਇਆ ਸੀ ਤੇ ਵਲਾਇਤੀਆਂ ਨੂੰ ਨਿਹਾਲ ਕਰ ਆਇਆ ਸੀ। ਉਹ ਅਦਬੀ ਮਹਿਫ਼ਲਾਂ ਦੀ ਜਿੰਦ ਜਾਨ ਸੀ।

ਇਸ ਕਿਤਾਬ ਵਿਚ ਮੈਂ ਉਸ ਨੂੰ ਕਵੀ ਹੋਣ ਦੇ ਨਾਲ ਖੇਡ ਲੇਖਕ ਵਜੋਂ ਵੀ ਜਾਣਿਆ। ਉਹ ਖੁਦ ਫੁੱਟਬਾਲ ਖੇਡਦਾ ਰਿਹਾ ਤੇ ਫੁੱਟਬਾਲ ਟੂਰਨਾਮੈਂਟਾਂ ਦਾ ਭਾਈਵਾਲ ਰਿਹਾ। ਮੈਂ ਉਸ ਨੂੰ ਪਹਿਲੀ ਵਾਰ ਵੇਖਿਆ ਤਾਂ ਮੈਨੂੰ ਉਹਦਾ ਚਿਹਨ ਚੱਕਰ ਆਲਮੀ ਪ੍ਰਸਿੱਧੀ ਵਾਲੇ ਫੁੱਟਬਾਲ ਖਿਡਾਰੀ ਇੰਦਰ ਸਿੰਘ ਨਾਲ ਮੇਲ ਖਾਂਦਾ ਲੱਗਾ ਸੀ। ਕਦੇ ਮੈਂ ਲਿਖਿਆ ਸੀ: ਇੰਦਰ ਸਿੰਘ ਫੁੱਟਬਾਲ ਦੀ ਖੇਡ ਵਿਚ ਪੰਜਾਬ ਦਾ ਪੇਲੇ ਹੈ ਪਰ ਫੁੱਟਬਾਲ ਦੇ ਇਸ ਲਾਸਾਨੀ ਖਿਡਾਰੀ ਨੂੰ ਜੇ ਕੋਈ ਰਾਹ ਖਹਿੜੇ ਮਿਲੇ ਤਾਂ ਯਕੀਨ ਨਾ ਕਰੇ ਕਿ ਇਹ ਇੰਦਰ ਸਿੰਘ ਹੈ। ਏਸਿ਼ਆਈ ਖੇਡਾਂ ਚੋਂ ਦੋ ਸੋਨ ਤਗ਼ਮੇ ਜਿੱਤਣ ਵਾਲਾ ਹਰੀ ਚੰਦ ਜਿਵੇਂ ਹਰੀ ਚੰਦ ਨਹੀਂ ਲੱਗਦਾ, ਜਿਵੇਂ ਚਾਰ ਓਲੰਪਿਕਸ ਵਿਚੋਂ ਚਾਰ ਮੈਡਲ ਜਿੱਤਣ ਵਾਲਾ ਊਧਮ ਸਿੰਘ, ਊਧਮ ਸਿੰਘ ਨਹੀਂ ਸੀ ਲੱਗਦਾ, ਉਵੇਂ ਲੱਖਾਂ ਲੋਕਾਂ ਦਾ ਫੁੱਟਬਾਲ ਹੀਰੋ ਇੰਦਰ ਸਿੰਘ ਰੇਲ ਗੱਡੀ ’ਚ ਸਫ਼ਰ ਕਰਦਾ ਇੰਦਰ ਸਿੰਘ ਨਹੀਂ ਲੱਗਦਾ। ਇਸੇ ਕਰਕੇ ਉਹ ਗੱਡੀ ਜਾਂ ਬੱਸ ’ਚ ਖੜ੍ਹਾ ਹੋਵੇ ਤਾਂ ਬਹਿਣ ਨੂੰ ਕੋਈ ਸੀਟ ਨਹੀਂ ਦਿੰਦਾ। ਅਜੀਤ ਲੰਗੇਰੀ ਮੰਨੇ ਨਾ ਮੰਨੇ, ਹੁੰਦਾ ਉਹਦੇ ਨਾਲ ਵੀ ਇਹੀ ਕੁਝ ਹੋਊ! ਉਹ ਜਿੰਨਾ ਧਰਤੀ ’ਚ ਹੈਗਾ, ਓਨਾ ਉਪਰ ਨਹੀਂ ਦਿਸਦਾ। ਅੱਜ ਕੱਲ੍ਹ ਉਹ ਮਾਹਿਲਪੁਰ ਵਿਖੇ ਪ੍ਰਾਈਵੇਟ ਹਾਈ ਸਕੂਲ ਚਲਾ ਰਿਹਾ ਹੈ ਅਤੇ ਇਲਾਕੇ ਦੀਆਂ ਵਿਦਿਅਕ, ਸਮਾਜਿਕ ਤੇ ਸਭਿਆਚਾਰਕ ਸਰਗਰਮੀਆਂ ਵਿਚ ਭਾਗ ਲੈ ਰਿਹਾ ਹੈ। ਅਦਬੀ ਮਹਿਫ਼ਲਾਂ ਦੀ ਉਹ ਵੀ ਹਾਲੇ ਜਿੰਦ ਜਾਨ ਹੈ।

ਉਸ ਨੇ ਲਿਖਿਆ: ਮਾਹਿਲਪੁਰ ਵਿਚ ਕਾਲਜ ਸਥਾਪਤ ਹੋਣ ਬਾਅਦ ਸਕੂਲ ਤੇ ਕਾਲਜ ਵਿਚਕਾਰ ਕੋਈ ਪਰਦਾ ਜਾਂ ਦੀਵਾਰ ਨਹੀਂ ਸੀ। ਸਕੂਲ ਦੇ ਬੱਚੇ ਘਰ ਵਾਂਗ ਕਾਲਜ ਦੀਆਂ ਗਰਾਊਂਡਾਂ ਵਿਚ ਘੁੰਮ ਫਿਰ ਆਉਂਦੇ ਸਨ। ਕਾਲਜ ਗਰਾਊਂਡ ਵਿਚ ਖੇਡੇ ਜਾਂਦੇ ਫੁੱਟਬਾਲ ਮੈਚ ਦੇਖਣ ਦੀ ਸਕੂਲ ਵਿਦਿਆਰਥੀਆਂ ਨੂੰ ਪੂਰੀ ਖੁੱਲ੍ਹ ਸੀ। ਕਾਲਜ ਵਿਚ ਕਰਵਾਏ ਜਾਂਦੇ ਸਭਿਆਚਾਰਕ ਪ੍ਰੋਗਰਾਮਾਂ ਵਿਚ ਸਕੂਲੀ ਬੱਚਿਆਂ ਨੂੰ ਸ਼ਾਮਲ ਹੋਣ ਦੀ ਪੂਰੀ ਇਜਾਜ਼ਤ ਸੀ। ਲੇਖਕ ਵੀ ਅਜਿਹੇ ਬੱਚਿਆਂ ’ਚੋਂ ਇਕ ਸੀ ਜੋ ਮੈਟ੍ਰਿਕ ਕਰਨ ਬਾਅਦ ਕਾਲਜ ਵਿਚ ਦਾਖਲ ਹੋਇਆ ਸੀ।

ਕਾਲਜ ਵਿਚ ਫੁੱਟਬਾਲ ਦੀ ਚੜ੍ਹਤ

ਫੁੱਟਬਾਲ ਦਾ ਜੋ ਬੂਟਾ ਪ੍ਰਿੰ. ਹਰਭਜਨ ਸਿੰਘ ਹੋਰਾਂ ਨੇ ਸਕੂਲ ਵਿਚ ਲਾਇਆ ਸੀ ਉਸ ਦੀਆਂ ਜੜ੍ਹਾਂ ਲੱਗ ਗਈਆਂ ਤੇ ਪੁੰਗਰ ਪਿਆ। ਫਿਰ ਇਹੀ ਫੁੱਟਬਾਲ ਕਾਲਜ ਵਿਚ ਪਹੁੰਚ ਗਿਆ। ਸਕੂਲ ਵਿਚ ਤਿਆਰ ਹੋਏ ਫੁੱਟਬਾਲ ਦੇ ਖਿਡਾਰੀ ਕਾਲਜ ਵਿਚ ਦਾਖਲ ਹੋਏ। ਇਹ ਨਾਮੀ ਫੁੱਟਬਾਲਰ ਸਨ: ਰਾਮ ਕਿਸ਼ਨ ਬਿੱਲਾ, ਸਤਵੰਤ ਸਿੰਘ ਬੈਂਸ, ਕੇਵਲ ਸਿੰਘ ਮਾਲੀ, ਉਜਾਗਰ ਸਿੰਘ ਹਕੂਮਤਪੁਰ, ਉਜਾਗਰ ਸਿੰਘ ਬੈਂਸ, ਜਗਤਾਰ ਸਿੰਘ ਬੈਂਸ ਤੇ ਬਹੁਤ ਸਾਰੇ ਹੋਰ…। ਫੈਸਲਾ ਹੋਇਆ ਕਿ ਕਿਸੇ ਨਾਮੀ ਟੀਮ ਵਿਰੱਧ ਖੇਡਿਆ ਜਾਵੇ। ਉਹਨੀਂ ਦਿਨੀਂ ਅੰਬਾਲਾ ਸ਼ਹਿਰ ਵਿਚ ਫੁੱਟਬਾਲ ਦੀ ਖੇਡ ਦਾ ਕਾਫੀ ਨਾਮ ਸੀ ਤੇ ਉਥੇ ਫੁੱਟਬਾਲ ਦੇ ਕਈ ਕਲੱਬ ਸਨ। ਹਰਦਿਆਲ ਸਿੰਘ ਡੀਪੀਈ ਤੇ ਸਹਾਇਕ ਤਰਸੇਮ ਸਿੰਘ ਟੀਮ ਲੈ ਕੇ ਅੰਬਾਲੇ ਚਲੇ ਗਏ। ਤਾਲਮੇਲ ਕਰਨ ਤੇ ਪਤਾ ਲੱਗਾ ਕਿ ਕਿਸੇ ਨੇ ਮਾਹਿਲਪੁਰ ਦੀ ਫੁੱਟਬਾਲ ਟੀਮ ਬਾਰੇ ਕੁਝ ਸੁਣਿਆ ਹੀ ਨਹੀਂ ਸੀ ਲੱਗਦਾ। ਸੋ ਕੋਈ ਵੀ ਟੀਮ ਖੇਡਣ ਨੂੰ ਤਿਆਰ ਨਾ ਹੋਈ। ਇਧਰ ਉਧਰ ਦੌੜ ਭੱਜ ਕਰਨ `ਤੇ ਪਤਾ ਲੱਗਾ ਕਿ ਇਕ ਟੀਮ ਹੈ ਜੋ ਬਹੁਤ ਛੋਟੇ ਪੱਧਰ ਦੀ ਹੈ। ਸ਼ਾਇਦ ਉਹ ਖੇਡਣਾ ਮੰਨ ਜਾਵੇ। ਇਸ ਟੀਮ ਦੀ ਸਰਪ੍ਰਸਤ ਸੀ ਰਿਕਸ਼ਾ

ਯੂਨੀਅਨ। ਉਸ ਟੀਮ ਨਾਲ ਖੇਡਣਾ ਕਾਲਜ ਦੀ ਟੀਮ ਨੇ ਆਪਣੀ ਹੇਠੀ ਸਮਝੀ ਪਰ ਕਿਸੇ ਤਰ੍ਹਾਂ ਮਨਾ ਲਿਆ ਗਿਆ। ਮੈਚ ਹੋਇਆ ਤਾਂ ਸਾਡੀ ਟੀਮ ਨੂੰ ਸ਼ਾਨਦਾਰ ਜਿੱਤ ਮਿਲੀ। ਅੰਬਾਲੇ ਦੇ ਫੁੱਟਬਾਲ ਪ੍ਰੇਮੀਆਂ ਵਿਚ ਹਲਚਲ ਪੈਦਾ ਹੋ ਗਈ।

ਮਾਹਿਲਪੁਰ ਦੀ ਟੀਮ ਨੇ ਇਕ ਮੈਚ ਹੋਰ ਜਿੱਤ ਲਿਆ। ਸਾਰੇ ਅੰਬਾਲੇ ਸ਼ਹਿਰ ਵਿਚ ਮਾਹਿਲਪੁਰ ਦੀ ਟੀਮ ਤਕੜੀ ਹੋਣ ਦਾ ਪਤਾ ਲੱਗ ਗਿਆ। ਉਥੇ ਫੁੱਟਬਾਲ ਦਾ ਮਸ਼ਹੂਰ ਕਲੱਬ ਸੀ ਹੀਰੋ ਕਲੱਬ। ਉਹ ਕਿਸੇ ਤੋਂ ਹਾਰਦਾ ਨਹੀਂ ਸੀ। ਉਹਦੇ ਵਿਰੁੱਧ ਮਾਹਿਲਪੁਰ ਦੀ ਟੀਮ ਨੇ ਪਹਿਲਾ ਗੋਲ ਕੀਤਾ ਤਾਂ ਦਰਸ਼ਕਾਂ ਚੋਂ ਹੈਰਾਨੀ ਦੀਆਂ ਆਵਾਜ਼ਾਂ ਆਉਣ ਲੱਗੀਆਂ। ਗੋਲ ਹੁੰਦੇ ਰਹੇ, ਉਤਰਦੇ ਰਹੇ ਪਰ ਅੰਤਮ ਜਿੱਤ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਮਾਹਿਲਪੁਰ ਦੀ ਹੋਈ। ਇਹ ਤਾਂ ਕਮਾਲ ਹੀ ਹੋ ਗਈ। ਮਾਹਿਲਪੁਰੀਆਂ ਦੇ ਪੈਰ ਨਾ ਭੋਇੰ ਤੇ ਲੱਗਣ। ਟੀਮ ਜੈਕਾਰੇ ਬੁਲਾਉਂਦੀ ਕਾਲਜ ਪਹੁੰਚੀ ਤਾਂ ਉਹਦਾ ਸ਼ਾਹੀ ਸਵਾਗਤ ਹੋਇਆ। ਫਿਰ ਕਾਲਜ ਦੀ ਟੀਮ ਨੇ 1953-54 ਵਿਚ ਪੰਜਾਬ ਯੂਨੀਵਰਸਿਟੀ ਦੀ ਅੰਤਰ-ਕਾਲਜ ਫੁੱਟਬਾਲ ਚੈਂਪੀਅਨਸਿ਼ਪ ਜਿੱਤ ਲਈ। ਉਸ ਪਿੱਛੋਂ ਤਾਂ ਹਰ ਸਾਲ ਹੀ ਯੂਨੀਵਰਸਿਟੀ ਦੇ ਅੰਤਰ ਕਾਲਜ ਮੁਕਾਬਲਿਆਂ ਵਿਚ ਜੇਤੂ ਬਣਨ ਲੱਗ ਪਈ ਜਿਸ ਨਾਲ ਫੁੱਟਬਾਲ ਹਲਕਿਆਂ ਵਿਚ ਮਾਹਿਲਪੁਰ ਮਾਹਿਲਪੁਰ ਹੋਣ ਲੱਗੀ। ਜਦੋਂ ਟੀਮ ਯੂਨੀਵਰਸਿਟੀ ਵਿਚ ਵਾਰ ਵਾਰ ਜੇਤੂ ਰਹਿਣ ਲੱਗੀ ਤਾਂ ਕਿਹਾ ਜਾਣ ਲੱਗਾ ਕਿ ਹੁਣ ਫੁੱਟਬਾਲ ਦੀ ਟਰਾਫੀ ਮਾਹਿਲਪੁਰ ਦੀ ਰੇਤ ਵਿਚ ਏਨੀ ਧਸ ਗਈ ਹੈ ਕਿ ਇਸ ਨੂੰ ਏਥੋਂ ਕੱਢਣਾ ਮੁਸ਼ਕਿਲ ਹੀ ਨਹੀਂ ਅਸੰਭਵ ਹੈ।

ਗਰਾਊਂਡਾਂ ਦੀ ਰੌਣਕ

ਰੀਸੈੱਸ ਵੇਲੇ ਗਰਾਊਂਡਾਂ ਵਿਦਿਆਰਥੀਆਂ ਨਾਲ ਪੂਰੀਆਂ ਭਰ ਜਾਂਦੀਆਂ ਸਨ। ਪਤਾ ਨਹੀਂ ਇਕੋ ਵੇਲੇ ਗਰਾਊਂਡਾਂ ਵਿਚ ਕਿੰਨੀਆਂ ਟੀਮਾਂ ਖੇਡ ਰਹੀਆਂ ਹੁੰਦੀਆਂ ਸਨ। ਬੱਚੇ ਪੂਰੀ ਰਫ਼ਤਾਰ ਨਾਲ ਦੌੜਦੇ ਪਰ ਉਹ ਕਦੇ ਇਕ ਦੂਜੇ ਨਾਲ ਨਾ ਟਕਰਾਉਂਦੇ। ਹਰ ਇਕ ਦੀ ਨਿਗ੍ਹਾ ਆਪਣੇ ਬਾਲ ਵਿਚ ਰਹਿੰਦੀ ਸੀ। ਕਦੇ ਕਿਸੇ ਖਿਡਾਰੀ ਨੂੰ ਦੂਜੀ ਬਾਲ ਦਾ ਭੁਲੇਖਾ ਨਹੀਂ ਸੀ ਪੈਂਦਾ। ਇਕ ਪਾਸੇ ਇਕੋ ਵੇਲੇ ਦੋ ਦੋ ਗੋਲ ਵੀ ਹੋ ਜਾਂਦੇ ਸਨ। ਟੀਮਾਂ ਜਿੱਤਦੀਆਂ ਸਨ, ਟੀਮਾਂ ਹਾਰਦੀਆਂ ਸਨ। ਮਧੂ-ਮੱਖੀ ਦੇ ਛਿੜੇ ਹੋਏ ਛੱਤੇ ਵਾਂਗ ਉਹ ਅਜਬ ਨਜ਼ਾਰਾ ਵੇਖਣ ਵਾਲਾ ਹੁੰਦਾ ਸੀ। ਇਹਨਾਂ ਹੀ ਗਰਾਊਂਡਾਂ ਵਿਚ ਸ਼ਾਮ ਨੂੰ ਫੁੱਟਬਾਲ, ਹਾਕੀ ਤੇ ਰੱਸਾ-ਕਸ਼ੀ ਦੀਆਂ ਟੀਮਾਂ ਦੇ ਖਿਡਾਰੀ ਹਾਜ਼ਰ ਹੁੰਦੇ ਸਨ। ਉਨ੍ਹਾਂ ਦੀ ਖੇਡ ਦੇਖਣ ਲਈ ਪ੍ਰਿੰ. ਹਰਭਜਨ ਸਿੰਘ ਤੇ ਹੋਰ ਅਧਿਆਪਕ ਹਾਜ਼ਰ ਰਹਿੰਦੇ ਸਨ।

ਕਾਲਜ ਤੇ ਕਲੱਬਾਂ ਵਿਚ ਖੇਡਣ ਵਾਲੇ ਨਾਮੀ ਖਿਡਾਰੀ ਇਨ੍ਹਾਂ ਗਰਾਊਂਡਾਂ ਦੀ ਦੇਣ ਹਨ। ਓਲੰਪਿਕ ਹਾਕੀ ਖਿਡਾਰੀ ਬਲਬੀਰ ਸਿੰਘ ਜੂਨੀਅਰ ਇਨ੍ਹਾਂ ਗਰਾਊਂਡਾਂ ਵਿਚੋਂ ਹੀ ਉਭਰਿਆ ਸੀ। ਗੁਲਬਰਗ ਸਿੰਘ, ਜਗਤਾਰ ਸਿੰਘ, ਰਾਮ ਕਿਸ਼ਨ ਬਿੱਲਾ, ਸਤਵੰਤ ਸਿੰਘ, ਬਲਕਾਰ ਸਿੰਘ, ਅਵਤਾਰ ਸਿੰਘ ਦਾਦੂਵਾਲ, ਕੇਵਲ ਸਿੰਘ ਮਾਲੀ ਖੈਰੜ ਅੱਛਰਵਾਲ, ਨਿਰਮਲ ਬਾਬਾ, ਪਿਆਰਾ ਸਿੰਘ ਹਵੇਲੀ ਆਦਿ ਇਹਨਾਂ ਗਰਾਊਂਡਾਂ ਵਿਚ ਤਰਾਸ਼ੇ ਗਏ ਸਨ।

ਰੱਸਾ ਟੀਮ ਦੀ ਪ੍ਰੈਕਟਿਸ ਲਈ ਰੱਸੇ ਦਾ ਇਕ ਸਿਰਾ ਗਰਾਊਂਡ ਕੰਢੇ ਖੜ੍ਹੀ ਟਾਹਲੀ ਨਾਲ ਬੰਨ੍ਹਿਆ ਜਾਂਦਾ ਜਿਸ ਨਾਲ ਘੰਟਿਆਂ ਬੱਧੀ ਖਿਡਾਰੀਆਂ ਦਾ ਜ਼ੋਰ ਅਜ਼ਮਾਇਆ ਜਾਂਦਾ ਸੀ। ਅੰਮ੍ਰਿਤਸਰ ਵਿਚ ਦੀਵਾਲੀ ਦੇ ਮੁਬਾਰਕ ਮੇਲੇ ਉਤੇ ਪੰਜਾਬ ਭਰ ਦੀਆਂ ਫੁੱਟਬਾਲ, ਹਾਕੀ ਤੇ ਰੱਸਾਕਸ਼ੀ ਦੀਆਂ ਟੀਮਾਂ ਪਹੁੰਚਦੀਆਂ ਸਨ ਤੇ ਝੰਡੀ ਅਕਸਰ ਮਾਹਿਲਪੁਰ ਸਕੂਲ ਕਾਲਜ ਦੀ ਝੁਲਦੀ ਸੀ। ਸਾਰਾ ਇਲਾਕਾ ਉਡੀਕ ਕਰਦਾ ਸੀ ਤੇ ਜਿੱਤ ਦੇ ਜਸ਼ਨ ਮਨਾਉਂਦਾ ਸੀ। ਇਹਨਾਂ ਖੇਡ ਮੈਦਾਨਾਂ ਨੇ ਮਾਹਿਲਪੁਰ ਦੇ ਖੇਡ ਪਸਾਰੇ ਵਿਚ ਮੁੱਖ ਯੋਗਦਾਨ ਪਾਇਆ ਜਿਸ ਦੇ ਸਰਪ੍ਰਸਤ ਪਿ੍ਰੰ. ਹਰਭਜਨ ਸਿੰਘ ਸਨ। ਫੁੱਟਬਾਲ ਵਿਚ ਵਿਸ਼ੇਸ਼ ਤੌਰ ’ਤੇ ਜਰਨੈਲ ਸਿੰਘ ਤੇ ਗੁਰਦੇਵ ਸਿੰਘ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਿਨ੍ਹਾਂ ਕਰਕੇ ਦੋਹਾਂ ਨੂੰ ਭਾਰਤ ਦੇ ਸਰਬਉੱਚ ਖੇਡ ਪੁਰਸਕਾਰ ਅਰਜਨਾ ਅਵਾਰਡ ਨਾਲ ਸਨਮਾਨਿਆ ਗਿਆ। ਮਾਹਿਲਪੁਰ ਦੇ ਖਿਡਾਰੀ ਦੇਸ਼ ਦੇ ਨਾਮੀ ਕਲੱਬਾਂ ’ਚ ਖੇਡੇ ਤੇ ਖੇਡ ਰਹੇ ਹਨ। ਮਾਹਿਲਪੁਰ ਵਿਚ ਜਿਥੇ ਪਹਿਲਾਂ ਫੁੱਟਬਾਲ ਦਾ ਮੈਂਗੋ ਸੀਜ਼ਨ ਟੂਰਨਾਮੈਂਟ ਹੁੰਦਾ ਸੀ ਉਥੇ ਪੰਜਾਹ ਸਾਲਾਂ ਤੋਂ ਪ੍ਰਿੰ. ਹਰਭਜਨ ਸਿੰਘ ਫੁੱਟਬਾਲ ਟੂਰਨਾਮੈਂਟ ਵੀ ਹੋ ਰਿਹੈ ਜਿਸ ਵਿਚ ਨਾਮੀ ਟੀਮਾਂ ਭਾਗ ਲੈਂਦੀਆਂ ਹਨ।

ਨਾਮੀ ਕੁਨਾਮੀ ਫੁੱਟਬਾਲਰ

ਜਦੋਂ ਫੁੱਟਬਾਲਰਾਂ ਬਾਰੇ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਸੀ ਤਾਂ ਇਕ ਬੜਾ ਅਜੀਬ ਜਿਹਾ ਤੱਥ ਸਾਹਮਣੇ ਆਇਆ। ਕਈ ਨਾਮੀ ਫੁੱਟਬਾਲਰਾਂ ਦੇ ਨਾਵਾਂ ਨਾਲ ਅਜੀਬ ਜਿਹੇ ਪੜਨਾਂਵ ਜੁੜੇ ਹੋਏ ਸਨ ਜਿਵੇਂ ਭੂਤਨਾ, ਕਾਂ, ਮਾਲੀ, ਮਾੜੂ ਆਦਿ। ਸੋਚਿਆ ਇਹ ਪੜਨਾਂਵ ਅਸਲੀ ਨਾਵਾਂ ਨਾਲ ਨਾ ਲਿਖੇ ਜਾਣ ਪਰ ਤਜਰਬੇਕਾਰ ਤੇ ਸਿਆਣੇ ਫੁੱਟਬਾਲ ਫੈਨ ਕਹਿਣ ਲੱਗੇ ਕਿ ਇਹ ਪੜਨਾਂਵ ਤਾਂ ਤਖ਼ੱਲਸਾਂ ਤੇ ਖਿ਼ਤਾਬਾਂ ਵਾਂਗ ਹਨ ਜੋ ਦਰਸ਼ਕਾਂ ਨੇ ਸੁਭਾਵਿਕ ਹੀ ਖਿਡਾਰੀਆਂ ਨੂੰ ਬਖ਼ਸ਼ੇ ਹਨ। ਖਿਡਾਰੀ ਦੀ ਅਸਲੀ ਪਛਾਣ ਹੀ ਇਨ੍ਹਾਂ ਨਾਵਾਂ-ਕੁਨਾਵਾਂ ਕਰਕੇ ਹੈ। ਆਓ ਭੂਤਨਾ ਪੜਨਾਂਵ ਦੀ ਗੱਲ ਕਰੀਏ। ਇਹ ਖਿਡਾਰੀ ਸਕਰੂਲੀ ਦਾ ਜੋਗਿੰਦਰ ਸਿੰਘ ਹੈ। ਜਦੋਂ ਤਕ ਉਹਦੇ ਨਾਮ ਨਾਲ ਭੂਤਨਾ ਨਾ ਲਾਓ, ਉਹਦੀ ਕੋਈ ਪਛਾਣ ਹੀ ਨਹੀਂ। ਇਹ ਵੀ ਦੱਸ ਦੇਈਏ ਕਿ ਇਥੇ ਭੂਤਨਾ ਉਪਨਾਂਵ ਦਾ ਕੀ ਅਰਥ ਹੈ। ਜਦੋਂ ਜੋਗਿੰਦਰ ਪਾਸ ਬਾਲ ਆ ਜਾਂਦਾ ਸੀ, ਉਹਦਾ ਹੋਰ ਹੀ ਰੰਗ-ਰੂਪ ਹੋ ਜਾਂਦਾ ਸੀ, ਜਿਵੇਂ ਕੋਈ ਗ਼ੈਬੀ ਸ਼ਕਤੀ ਉਸ ਵਿਚ ਆ ਗਈ ਹੋਵੇ। ਸੋ ਉਹ ਭੂਤ ਨਹੀਂ ਸੀ ਸਗੋਂ ਉਸ ਵਿਚ ਭੂਤਨੇ ਵਰਗੀ ਤਾਕਤ ਆ ਜਾਂਦੀ ਸੀ ਜਿਸ ਕਾਰਨ ਦਰਸ਼ਕਾਂ ਨੇ ਉਹਦਾ ਨਾਂ ਭੂਤਨਾ ਰੱਖ ਲਿਆ।

ਇਸੇ ਤਰ੍ਹਾਂ ਜੇ ਕਿਸੇ ਖਿਡਾਰੀ ਨੂੰ ‘ਕਾਂ’ ਕਹੀਏ ਤਾਂ ਲੜਾਈ ਮੁੱਲ ਲੈਣ ਵਾਲੀ ਗੱਲ ਬਣ ਜਾਂਦੀ ਹੈ ਪਰ ਹਵੇਲੀ ਦੇ ਖਿਡਾਰੀ ਪਿਆਰਾ ਸਿੰਘ ਨੂੰ ‘ਕਾਂ’ ਨਾ ਕਹੀਏ ਤਾਂ ਉਹ ਹੁੰਗਾਰਾ ਹੀ ਨਹੀਂ ਭਰਦਾ। ਉਹਦੀ ਖੇਡ ਦੇ ਪ੍ਰਸ਼ੰਸਕਾਂ ਲਈ ਪਿਆਰਾ ਸਿੰਘ ਨੂੰ ‘ਕਾਂ’ ਕਹਿ ਕੇ ਵਡਿਆਉਣ ਬਿਨਾ ਤਾਂ ਉਹ ਬੋਲਦਾ ਹੀ ਨਹੀਂ! ਉਸ ਦਾ ‘ਕਾਂ’ ਨਾਂ ਇਸ ਕਰਕੇ ਪਿਆ ਕਿ ਉਹ ਵਿਰੋਧੀ ਖਿਡਾਰੀ ਕੋਲੋਂ ਬਾਲ ਇਸ ਤਰ੍ਹਾਂ ਖੋਹ ਲੈਂਦਾ ਸੀ, ਜਿਵੇਂ ਕਾਂ ਬੱਚੇ ਕੋਲੋਂ ਰੋਟੀ ਦਾ ਟੁਕੜਾ। ਫਿਰ ਉਹ ਬਾਲ ਲੈ ਕੇ ਕਾਂ ਵਾਂਗ ਉਡੰਤਰ ਹੋ ਜਾਂਦਾ ਸੀ। ਇਸੇ ਤਰ੍ਹਾਂ ਪਹਿਲੀ ਪੀੜ੍ਹੀ ਦਾ ਖਿਡਾਰੀ ਜਗਤਾਰ ਮਾੜੂ ਮਾਹਿਲਪੁਰ ਦਾ ਸੀ। ਮਾੜੂ ਸ਼ਬਦ ਵੀ ਕੋਈ ਚੰਗੇ ਅਰਥ ਨਹੀਂ ਰੱਖਦਾ। ਉਹਦਾ ਜੁੱਸਾ ਪਤਲਾ ਪਤੰਗ ਸੀ ਪਰ ਖਿਡਾਰੀ ਬੜਾ ਤਕੜਾ ਸੀ। ਇਸੇ ਤਰ੍ਹਾਂ ਗੁਰਦੇਵ ਗਿੱਲ ਅਰਜਨਾ ਅਵਾਰਡੀ ਨੂੰ ਕਾਲਜ ਵੇਲੇ ਤੋਂ ਦਰਸ਼ਕ ਕੋਚ ਕਹਿੰਦੇ ਸਨ ਕਿਉਂਕਿ ਉਹ ਖੇਡਦਾ ਹੋਇਆ ਆਪਣੇ ਸਾਥੀਆਂ ਨੂੰ ਮੱਤਾਂ ਦੇਣੋਂ ਨਹੀਂ ਸੀ ਟਲਦਾ। ਇਸੇ ਤਰ੍ਹਾਂ ਦੋ ਖਿਡਾਰੀਆਂ ਦੇ ਉਪਨਾਮ ਘੋਗੇ ਸਨ, ਇਕ ਛੋਟਾ ਘੋਗਾ, ਦੂਜਾ ਵੱਡਾ ਘੋਗਾ! ਇਕ ਸਿਖਰਾਂ ਛੋਂਹਦਾ ਖਿਡਾਰੀ ਸੀ ਲੱਭੀ। ਅਸੀਂ ਲੱਭੀ ਦਾ ਅਸਲੀ ਨਾਂ ਲੱਭ ਲੱਭ ਹਾਰ ਗਏ ਪਰ ਲੱਭੀ ਦਾ ਅਸਲੀ ਨਾਮ ਨਾ ਲੱਭਿਆ!

ਜਰਨੈਲ ਸਿੰਘ ਤੇ ਗੁਰਦੇਵ ਗਿੱਲ

ਜਰਨੈਲ ਸਿੰਘ ਕਮਾਲ ਦਾ ਫੁੁੱਟਬਾਲਰ ਸੀ। ਉਸ ਨੂੰ ਪੰਜਾਬ ਦਾ ਪੇਲੇ, ਮੈਰਾਡੋਨਾ ਜਾਂ ਰਨਾਲਡੋ ਕੁਝ ਵੀ ਕਿਹਾ ਜਾ ਸਕਦਾ ਹੈ। ਉਸ ਨੇ ਦੋ ਸਾਲ ਏਸ਼ੀਅਨ ਆਲ ਸਟਾਰਜ਼ ਟੀਮ ਦੀ ਕਪਤਾਨੀ ਕੀਤੀ। ਤਿੰਨ ਸਾਲ ਉਹ ਭਾਰਤੀ ਫੁੱਟਬਾਲ ਟੀਮਾਂ ਦਾ ਕਪਤਾਨ ਰਿਹਾ। 1960 ਵਿਚ ਉਹ ਰੋਮ ਦੀਆਂ ਓਲੰਪਿਕ ਖੇਡਾਂ ਵਿਚ ਸ਼ਾਮਲ ਹੋਇਆ। ਉਸ ਨੂੰ ਵਿਸ਼ਵ ਫੁੱਟਬਾਲ ਟੀਮ ਦਾ ਸੈਂਟਰ ਫੁੱਲ ਬੈਕ ਨਾਮਜ਼ਦ ਕੀਤਾ ਗਿਆ। ਏਸ਼ੀਆ ਮਹਾਂਦੀਪ ਚੋਂ ਇਹ ਮਾਣ ਇਕ ਪੰਜਾਬੀ ਖਿਡਾਰੀ ਨੂੰ ਹੀ ਮਿਲਿਆ। ਕੁਆਲਾਲੰਪਰ ਦੇ ਮਰਦੇਕਾ ਟੂਰਨਾਮੈਂਟ ਸਮੇਂ ਫੀਫਾ ਦੇ ਪ੍ਰਧਾਨ ਸਰ ਸਟੈਨਲੇ ਰਾਊਜ਼ ਨੇ ਏਸ਼ੀਆ ਦੇ ਫੁੱਟਬਾਲ ਅਧਿਕਾਰੀਆਂ ਨੂੰ ਕਿਹਾ ਸੀ, “ਤੁਹਾਡੇ ਪਾਸ ਜਰਨੈਲ ਸਿੰਘ ਐਸਾ ਖਿਡਾਰੀ ਹੈ ਜਿਹੜਾ ਦੁਨੀਆ ਦੀ ਕਿਸੇ ਵੀ ਟੀਮ ਵਿਚ ਖੇਡਣ ਲਈ ਚੁਣੇ ਜਾਣ ਦੇ ਯੋਗ ਹੈ।”

ਦਸ ਸਾਲ ਉਹ ਏਸ਼ੀਆ ਦਾ ਸਭ ਤੋਂ ਤਕੜਾ ਫੁੱਲ ਬੈਕ ਖਿਡਾਰੀ ਰਿਹਾ। ਜਿੰਨੇ ਸਾਲ ਉਹ ਕਲਕੱਤੇ ਦੀ ਮੋਹਨ ਬਾਗਾਨ ਕਲੱਬ ਵਿਚ ਖੇਡਿਆ, ਉਹਨੂੰ ਪੈਸੇ ਵੀ ਸਭ ਤੋਂ ਵੱਧ ਮਿਲੇ ਤੇ ਸ਼ੋਹਰਤ ਵੀ ਸਭ ਤੋਂ ਵੱਧ। ਸ਼ਾਇਦ ਹੀ ਕੋਈ ਬੰਗਾਲੀ ਹੋਵੇ ਜਿਹੜਾ ਜਰਨੈਲ ਸਿੰਘ ਦੇ ਨਾਂ ਤੋਂ ਵਾਕਫ਼ ਨਾ ਹੋਵੇ। ਕਲਕੱਤੇ ਦੇ ਬਾਜ਼ਾਰਾਂ ਤੇ ਬੀਹੀਆਂ ਵਿਚ ਜਰਨੈਲ ਸਿੰਘ ਨੂੰ ਸਲਾਮਾਂ ਹੁੰਦੀਆਂ ਰਹੀਆਂ। ਉਹਦੀ ਮੌਤ ਉਤੇ ਸਭ ਤੋਂ ਵੱਧ ਹੰਝੂ ਬੰਗਾਲ ਦੇ ਫੁੱਟਬਾਲ ਪ੍ਰੇਮੀਆਂ ਨੇ ਕੇਰੇ।

ਗੁਰਦੇਵ ਗਿੱਲ 1967 ਤੋਂ 71 ਤਕ ਮਾਹਿਲਪੁਰ ਕਾਲਜ ਵਿਚ ਪੜ੍ਹਿਆ। ਕਾਲਜ ਵੱਲੋਂ ਖੇਡਦਿਆਂ ਉਹ ਹਰ ਸਾਲ ਪੰਜਾਬ ਯੂਨੀਵਰਸਿਟੀ ਦੇ ਚੈਂਪੀਅਨ ਬਣਦੇ। 1971 ਵਿਚ ਉਹ ਪੰਜਾਬ ਯੂਨੀਵਰਸਿਟੀ ਟੀਮ ਦਾ ਕਪਤਾਨ ਸੀ। ਉਹ ਸਾਲਾਂ ਬੱਧੀ ਲੀਡਰ ਕਲੱਬ

ਜਲੰਧਰ, ਕਲਕੱਤੇ ਦੀ ਈਸਟ ਬੰਗਾਲ ਕਲੱਬ ਤੇ ਪੰਜਾਬ ਪੁਲੀਸ ਵੱਲੋਂ ਖੇਡਦਾ ਰਿਹਾ। ਉਹ ਭਾਰਤੀ ਫੁੱਟਬਾਲ ਟੀਮ ਦਾ ਕਪਤਾਨ ਵੀ ਰਿਹਾ ਅਤੇ ਮਹਾਰਾਜਾ ਰਣਜੀਤ ਸਿੰਘ ਤੇ ਅਰਜਨਾ ਅਵਾਰਡ ਨਾਲ ਸਨਮਾਨਿਆ ਗਿਆ। ਮਾਹਿਲਪੁਰ ਦੀਆਂ ਫੁੱਟਬਾਲ ਪ੍ਰਾਪਤੀਆਂ ਪਿੱਛੇ ਵਿਦਿਅਕ ਤੇ ਖੇਡ ਸ਼ਖ਼ਸੀਅਤ ਪ੍ਰਿੰ. ਹਰਭਜਨ ਸਿੰਘ ਜੀ ਦਾ ਸਭ ਤੋਂ ਵੱਧ ਯੋਗਦਾਨ ਹੈ। ਤਦੇ ਮਾਹਿਲਪੁਰ ਦਾ ਨਾਂ ਲੈਂਦਿਆਂ ਪ੍ਰਿੰ. ਹਰਭਜਨ ਸਿੰਘ ਤੇ ਪ੍ਰਿੰ. ਹਰਭਜਨ ਸਿੰਘ ਦਾ ਨਾਂ ਲੈਂਦਿਆਂ ਮਾਹਿਲਪੁਰ ਯਾਦ ਆ ਜਾਂਦਾ ਹੈ।

ਸੰਪਰਕ: principalsarwansingh@gmail.com

Source link