ਲੰਡਨ, 24 ਨਵੰਬਰ

ਫੁਟਬਾਲ ਐਸੋਸੀਏਸ਼ਨ (ਐੱਫਏ) ਨੇ ਸਟਾਰ ਫੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਨੂੰ ਇਸ ਸਾਲ ਐਵਰਟਨ ਵਿੱਚ ਪ੍ਰਸ਼ੰਸਕ ਦੇ ਹੱਥ ਵਿੱਚੋਂ ਫੋਨ ਫੜ ਕੇ ਸੁੱਟਣ ਦੇ ਦੋਸ਼ ਹੇਠ ਦੋ ਮੈਚਾਂ ਲਈ ਮੁਅੱਤਲ ਕਰਦਿਆਂ ਪੰਜਾਹ ਹਜ਼ਾਰ ਪੌਂਡ ਜੁਰਮਾਨਾ ਲਗਾਇਆ ਹੈ। ਬੀਤੇ ਦਿਨ ਮੈਨਚੈਸਟਰ ਯੂਨਾਈਟਿਡ ਵੱਲੋਂ ਇਸ 37 ਸਾਲਾ ਖਿਡਾਰੀ ਨਾਲ ਇਕਰਾਰਨਾਮਾ ਖ਼ਤਮ ਕਰਨ ਮਗਰੋਂ ਰੋਨਾਲਡੋ ਹੁਣ ਕਿਸੇ ਵੀ ਕਲੱਬ ਨਾਲ ਨਹੀਂ ਜੁੜਿਆ ਹੋਇਆ। ਇਸ ਸਾਲ 9 ਅਪਰੈਲ ਨੂੰ ਐਵਰਟਨ ਦੇ ਗੁਡੀਸਨ ਪਾਰਕ ਵਿੱਚ 1-0 ਨਾਲ ਹਾਰਨ ਮਗਰੋਂ ਉਸ ਦੀ ਟੀਮ ਨੇ ਝਗੜਾ ਕੀਤਾ ਸੀ। ਸਕਾਈ ਸਪੋਰਟਸ ਅਨੁਸਾਰ ਉਸ ਨੂੰ ਮਰਸੀਸਾਈਡ ਪੁਲੀਸ ਨੇ ਚਿਤਾਵਨੀ ਦਿੱਤੀ ਸੀ। ਐੱਫਏ ਨੇ ਖਿਡਾਰੀ ’ਤੇ ਗਲਤ ਵਿਹਾਰ ਦੇ ਦੋਸ਼ ਲਾਏ ਹਨ। ਇੱਕ ਆਜ਼ਾਦ ਪੈਨਲ ਨੇ ਰੋਨਾਲਡੋ ਨੂੰ ਮੁਅੱਤਲ ਕਰਦਿਆਂ ਜੁਰਮਾਨਾ ਲਾਇਆ ਹੈ। ਖਿਡਾਰੀ ਨੇ ਵੀ ਮੰਨਿਆ ਹੈ ਕਿ ਉਸ ਦਾ ਵਿਹਾਰ ਗਲਤ ਸੀ। ਇਹ ਮੁਅੱਤਲੀ ਵਿਸ਼ਵ ਕੱਪ ਵਿੱਚ ਲਾਗੂ ਨਹੀਂ ਹੁੰਦੀ ਅਤੇ ਜਦੋਂ ਵੀ ਖਿਡਾਰੀ ਕਿਸੇ ਕਲੱਬ ਵਿੱਚ ਸ਼ਾਮਲ ਹੁੰਦਾ ਹੈ ਤਾਂ ਉਸ ਦਾ ਤਬਾਦਲਾ ਕੀਤਾ ਜਾਵੇਗਾ, ਭਾਵੇਂ ਕੋਈ ਵੀ ਦੇਸ਼ ਹੋਵੇ। ਹਾਦਸੇ ਬਾਰੇ ਰੋਨਾਲਡੋ ਨੇ ਇੰਸਟਾਗ੍ਰਾਮ ’ਤੇ ਮੁਆਫ਼ੀਨਾਮਾ ਸਾਂਝਾ ਕਰਦਿਆਂ ਕਿਹਾ, ‘‘ਮੁਸ਼ਕਲ ਪਲਾਂ ’ਚ ਆਪਣੀਆਂ ਭਾਵਨਾਵਾਂ ’ਤੇ ਕਾਬੂ ਪਾਉਣਾ ਸੌਖਾ ਨਹੀਂ ਹੁੰਦਾ ਜਿਵੇਂ ਅਸੀਂ ਸਾਹਮਣਾ ਕਰ ਰਹੇ ਹਾਂ। ਮੈਂ ਆਪਣੇ ਗੁੱਸੇ ਲਈ ਮੁਆਫ਼ੀ ਮੰਗਣਾ ਚਾਹਾਂਗਾ, ਜੇਕਰ ਸੰਭਵ ਹੋਵੇ ਤਾਂ ਮੈਂ ਇਸ ਸਮਰਥਕ ਨੂੰ ਓਲਡ ਟਰੈਫਰਡ ਵਿੱਚ ਖੇਡ ਨੂੰ ਨਿਰਪੱਖ ਖੇਡ ਦੇ ਪ੍ਰਤੀਕ ਵਜੋਂ ਦੇਖਣ ਲਈ ਸੱਦਾ ਦੇਣਾ ਚਾਹਾਂਗਾ।’’ ਰੋਨਾਲਡੋ ਨੇ ਐੱਫਆਈ ਵੱਲੋਂ ਲਗਾਏ ਜੁਰਮਾਨੇ ਨੂੰ ਮਨਜ਼ੂਰ ਕੀਤਾ ਹੈ ਪਰ ਮੁਅੱਤਲੀ ਖ਼ਿਲਾਫ਼ ਇੱਕ ਨਿੱਜੀ ਸੁਣਵਾਈ ਦਾ ਮੌਕਾ ਦੇਣ ਦੀ ਅਪੀਲ ਕੀਤੀ ਹੈ। -ਏਐੱਨਆਈ

Source link