ਸ਼ਗਨ ਕਟਾਰੀਆ

ਬਠਿੰਡਾ, 22 ਨਵੰਬਰ

ਪਹਾੜੀ ਖੇਤਰਾਂ ਵਿਚ ਬਰਫਬਾਰੀ ਤੇ ਠੰਢੀਆਂ ਹਵਾਵਾਂ ਚੱਲਣ ਤੋਂ ਬਾਅਦ ਪੰਜਾਬ ਦੇ ਮੈਦਾਨੀ ਖੇਤਰਾਂ ਵਿਚ ਠੰਢ ਵਧ ਗਈ ਹੈ। ਪੰਜਾਬ ਵਿੱਚ ਰਾਤਾਂ ਹਿਮਾਚਲ ਪ੍ਰਦੇਸ਼ ਨਾਲੋਂ ਠੰਢੀਆਂ ਹੋ ਗਈਆਂ ਹਨ। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿਚ ਘੱਟੋ ਘੱਟ ਤਾਪਮਾਨ ਅੱਠ ਡਿਗਰੀ ਦੇ ਕਰੀਬ ਚਲ ਰਿਹਾ ਹੈ ਜਦਕਿ ਪੰਜਾਬ ਦੇ ਕਈ ਸ਼ਹਿਰਾਂ ਵਿਚ ਤਾਪਮਾਨ ਛੇ ਡਿਗਰੀ ਤੋਂ ਵੀ ਹੇਠਾਂ ਚਲਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਅੱਜ ਮੰਗਲਵਾਰ ਨੂੰ ਜਲੰਧਰ ਜ਼ਿਲ੍ਹਾ ਸਭ ਤੋਂ ਠੰਢਾ ਰਿਹਾ। ਇੱਥੇ ਘੱਟ ਤੋਂ ਘੱਟ ਤਾਪਮਾਨ 5.7 ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 25.3 ਜਦ ਕਿ ਘੱਟੋ-ਘੱਟ ਤਾਪਮਾਨ 8.4 ਰਿਹਾ। ਇਸੇ ਤਰ੍ਹਾਂ ਲੁਧਿਆਣਾ ਦਾ 26.2 ਅਤੇ 9.0, ਪਟਿਆਲਾ ਦਾ 27.6 ਤੇ 9.7, ਪਠਾਨਕੋਟ ਦਾ 26.5 ਤੇ 9.9, ਬਠਿੰਡਾ ਦਾ 27.0 ਤੇ 7.2, ਫ਼ਰੀਦਕੋਟ ਦਾ 27.0 ਤੇ 9.8, ਗੁਰਦਾਸਪੁਰ ਦਾ 23.5 ਤੇ 8.6, ਅੰਮ੍ਰਿਤਸਰ ਦਾ 27.2 ਤੇ 9.8, ਬਰਨਾਲਾ ਦਾ 25.4 ਤੇ 10.7, ਫ਼ਿਰੋਜ਼ਪੁਰ ਦਾ 26.2 ਤੇ 8.4, ਫ਼ਤਹਿਗੜ੍ਹ ਸਾਹਿਬ ਦਾ 26.3 ਤੇ 9.5, ਗੁਰਦਾਸਪੁਰ ਦਾ 23.7 ਤੇ 8.5, ਹੁਸ਼ਿਆਰਪੁਰ ਦਾ 27.2 ਤੇ 7.9, ਮੋਗਾ ਦਾ 25.4 ਤੇ 7.9, ਮੁਹਾਲੀ ਦਾ 26.6 ਤੇ 12.6, ਮੁਕਤਸਰ ਦਾ 26.6 ਤੇ 8.0, ਰੋਪੜ ਦਾ 26.6 ਤੇ 6.2 ਡਿਗਰੀ ਦਰਜ ਕੀਤਾ ਗਿਆ। ਵੇਰਵਿਆਂ ਅਨੁਸਾਰ ਨਵੰਬਰ ਮਹੀਨਾ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ ਪਰ ਸਵੇਰੇ-ਸ਼ਾਮ ਠੰਢ ਵਧੇਗੀ। 

ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਮੁੜ ਵਧਿਆ

ਨਵੀਂ ਦਿੱਲੀ (ਪੱਤਰ ਪ੍ਰੇਰਕ): ਸਿਸਟਮ ਆਫ ਏਅਰ ਕੁਆਲਿਟੀ ਐਂਡ ਵੈਦਰ ਫਾਰਕਾਸਟਿੰਗ ਐਂਡ ਰਿਸਰਚ (ਸਫਰ) ਅਨੁਸਾਰ ਕੌਮੀ ਰਾਜਧਾਨੀ ਦੀ ਹਵਾ ਦੀ ਗੁਣਵੱਤਾ ਮੰਗਲਵਾਰ ਸਵੇਰੇ 286 ਦਰਜ ਕੀਤੀ ਗਈ। ਇਥੇ ਓਵਰਆਲ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਮਾੜੀ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ। ਦਿੱਲੀ ਤੋਂ ਇਲਾਵਾ ਗੁਰੂਗ੍ਰਾਮ ਵਿੱਚ ਪ੍ਰਦੂਸ਼ਣ ਦਾ ਪੱਧਰ 266 ’ਤੇ ਰਿਹਾ। ਹਾਲਾਂਕਿ ਨੋਇਡਾ ਵਿੱਚ ਹਵਾ ਦੀ ਗੁਣਵੱਤਾ 312 ਏਕਿਊਆਈ ਰਹੀ। ਆਨੰਦ ਵਿਹਾਰ, ਦਵਾਰਕਾ, ਜਹਾਂਗੀਰਪੁਰੀ ਅਤੇ ਸ਼ਾਦੀਪੁਰ ਮੌਸਮ ਸਟੇਸ਼ਨਾਂ ’ਤੇ ਸਵੇਰੇ 9 ਵਜੇ ਏਕਿਊਆਈ ‘ਬਹੁਤ ਖਰਾਬ ਸ਼੍ਰੇਣੀ’ ਵਿੱਚ ਦਰਜ ਕੀਤਾ ਗਿਆ। ਦੱਸਣਾ ਬਣਦਾ ਹੈ ਕਿ 201 ਅਤੇ 300 ਦਰਮਿਆਨ ਏਕਿਊਆਈ ਨੂੰ ਮਾੜਾ, 301 ਅਤੇ 400 ਨੂੰ ਬਹੁਤ ਮਾੜਾ, ਅਤੇ 401 ਅਤੇ 500 ਨੂੰ ਗੰਭੀਰ ਮੰਨਿਆ ਜਾਂਦਾ ਹੈ।

Source link