ਸਰਬਜੀਤ ਸਿੰਘ ਭੰਗੂ

ਪਟਿਆਲਾ, 27 ਸਤੰਬਰ

InterServer Web Hosting and VPS

ਪੰਜਾਬ ਵਜ਼ਾਰਤ ’ਚ ਵੱਡੇ ਫੇਰ ਬਦਲ ਦੇ ਪਟਿਆਲਾ ਸ਼ਹਿਰ ਦੇ ਹਿੱਸੇ ਤਿੰਨ ਵਜ਼ੀਰੀਆਂ ਆਈਆਂ ਹਨ। ਪਟਿਆਲਾ ਦਿਹਾਤੀ ਹਲਕੇ ਦੇ ਵਿਧਾਇਕ ਬ੍ਰਹਮ ਮਹਿੰਦਰਾ ਐਤਕੀਂ ਫੇਰ ਵਜ਼ੀਰ ਬਣਨ ’ਚ ਸਫ਼ਲ ਰਹੇ ਹਨ, ਉਥੇ ਹੀ ਸੰਗਰੂਰ ਦੇ ਵਿਧਾਇਕ ਵਿਜੈਇੰਦਰ ਸਿੰਗਲਾ ਵੀ ਪਟਿਆਲਾ ਸ਼ਹਿਰ ਦੇ ਵਸਨੀਕ ਹਨ। ਉਂਜ ਭਾਵੇਂ ਕਿ ਉਨ੍ਹਾਂ ਦਾ ਪਰਿਵਾਰ ਜ਼ਿਲ੍ਹੇ ਦੇ ਸਮਾਣਾ ਖੇਤਰ ਵਿਚਲੇ ਗਾਜੇਵਾਸ ਪਿੰਡ ਦਾ ਮੂਲ ਵਸਨੀਕ ਹੈ, ਪਰ ਕਈ ਦਹਾਕਿਆਂ ਤੋਂ ਇਹ ਪਰਿਵਾਰ ਪਟਿਆਲਾ ਸ਼ਹਿਰ ਵਿਚ ਰਹਿ ਰਿਹਾ ਹੈ। ਵਿਜੈਇੰਦਰ ਸਿੰਗਲਾ ਦੇ ਪਿਤਾ ਸੰਤ ਰਾਮ ਸਿੰਗਲਾ, ਜਿੱਥੇ 1992 ’ਚ ਪਟਿਆਲਾ ਤੋਂ ਲੋਕ ਸਭਾ ਮੈਂਬਰ ਰਹੇ ਹਨ, ਉਥੇ ਹੀ ਉਹ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਵੀ ਰਹੇ ਹਨ। ਵਿਜੈਇੰਦਰ ਸਿੰਗਲਾ ਦੀ ਪੱਕੀ ਰਿਹਾਇਸ਼ ਪਟਿਆਲਾ ਸ਼ਹਿਰ ਦੀ ਗੁੜ ਮੰਡੀ ਇਲਾਕੇ ਵਿਚ ਸਥਿਤ ਹੈ।

ਉੱਧਰ ਅਮਲੋਹ ਦੇ ਵਿਧਾਇਕ ਵਜੋਂ ਮੰਤਰੀ ਮੰਡਲ ’ਚ ਸ਼ਾਮਲ ਕੀਤੇ ਗਏ ਕਾਕਾ ਰਣਦੀਪ ਸਿੰਘ ਵੀ ਮੂਲ ਰੂਪ ’ਚ ਪਟਿਆਲਾ ਜ਼ਿਲ੍ਹੇ ਦੇ ਨਾਭਾ ਸ਼ਹਿਰ ਨਾਲ ਸਬੰਧਤ ਹਨ। ਉਨ੍ਹਾਂ ਦੇ ਪਿਤਾ ਗੁਰਦਰਸ਼ਨ ਸਿੰਘ ਵੱਖ ਵੱਖ ਸਰਕਾਰਾਂ ’ਚ ਵਜ਼ੀਰ ਅਤੇ ਮਾਤਾ ਸਤਿੰਦਰ ਕੌਰ ਮਹਿਲਾ ਕਾਂਗਰਸ ਦੇ ਸੂਬਾਈ ਪ੍ਰਧਾਨ ਸਮੇਤ ਹੋਰ ਵੱਕਾਰੀ ਅਹੁਦਿਆਂ ’ਤੇ ਵੀ ਰਹੇ ਹਨ। ਕਾਕਾ ਰਣਦੀਪ ਸਿੰਘ ਪਹਿਲੀ ਵਾਰ ਨਾਭਾ ਤੋਂ ਹੀ ਵਿਧਾਇਕ ਬਣੇ ਸਨ। ਨਾਭਾ ਤੋਂ ਉਨ੍ਹਾਂ ਨੇ ਹੋਰ ਚੋਣਾਂ ਵੀ ਲੜੀਆਂ। ਪਰ 2017 ’ਚ ਨਾਭਾ ਹਲਕਾ ਅਨੁਸੂਚਿਤ ਜਾਤੀਆਂ ਲਈ ਰਾਖਵਾਂ ਹੋ ਗਿਆ। ਜਦਕਿ ਕਈ ਵਰਿ੍ਹਆਂ ਤੋਂ ਰਾਖਵਾਂ ਚੱਲਿਆ ਆ ਰਿਹਾ ਅਮਲੋਹ ਹਲਕਾ ਜਨਰਲ ਹੋ ਗਿਆ ਜਿਸ ਦੌਰਾਨ ਹੀ ਕਾਂਗਰਸ ਹਾਈਕਮਾਂਡ ਨੇ ਅਮਲੋਹ ਦੇ ਵਿਧਾਇਕ ਸਾਧੂ ਸਿੰਘ ਧਰਮਸੋਤ ਨੂੰ ਰਾਖਵੇਂ ਹਲਕੇ ਨਾਭਾ ਅਤੇ ਕਾਕਾ ਰਣਦੀਪ ਸਿੰਘ ਨੂੰ ਨਾਭਾ ਤੋਂ ਜਨਰਲ ਹਲਕੇ ਅਮਲੋਹ ਵਿੱਚ ਤਬਦੀਲ ਕਰ ਦਿੱਤਾ। ਇਸ ਮਗਰੋਂ ਦੋਵਾਂ ਹਲਕਿਆਂ ਦੀਆਂ ਹੋਈਆਂ ਦੋਵੇਂ ਚੋਣਾਂ ਦੌਰਾਨ ਧਰਮਸੋਤ ਅਤੇ ਰਣਦੀਪ ਸਿੰਘ ਚੋਣਾਂਂ ਜਿੱਤਦੇ ਆ ਰਹੇ ਹਨ।

Source link