ਮਲੋਟ (ਨਿੱਜੀ ਪੱਤਰ ਪ੍ਰੇਰਕ): ਪਿੰਡ ਅਬੁਲਖੁਰਾਣਾ ਨੇੜੇ ਕੁਝ ਵਿਅਕਤੀਆਂ ਵੱਲੋਂ ਪੀਆਰਟੀਸੀ ਦੀ ਇਕ ਬੱਸ ’ਤੇ ਪਥਰਾਅ ਕੀਤਾ ਗਿਆ, ਜਿਸ ਵਿੱਚ ਇਕ ਮਹਿਲਾ ਪੁਲੀਸ ਮੁਲਾਜ਼ਮ ਸਣੇ ਸਵਾਰੀਆਂ ਤੇ ਬੱਸ ਦਾ ਡਰਾਈਵਰ ਜ਼ਖ਼ਮੀ ਹੋ ਗਿਆ। ਮਲੋਟ ਤੋਂ ਡੱਬਵਾਲੀ ਜਾਣ ਵਾਲੀ ਪੀਆਰਟੀਸੀ ਦੀ ਬੱਸ ਨੰਬਰ ਪੀਬੀ03ਏਪੀ-6381 ਜਦੋਂ ਰਾਹ ਵਿੱਚ ਪੈਂਦੇ ਪਿੰਡ ਅਬੁਲਖੁਰਾਣਾ ਪਹੁੰਚੀ ਤਾਂ ਪਿੱਛੋਂ ਆਏ ਮੋਟਰਸਾਈਕਲ ਨੰਬਰ ਪੀਬੀ30-1541 ’ਤੇ ਸਵਾਰ ਤਿੰਨ ਨੌਜਵਾਨਾਂ ਨੇ ਬੱਸ ਨੂੰ ਰੋਕ ਲਿਆ ਅਤੇ ਡਰਾਈਵਰ ਤੇ ਕੰਡਕਟਰ ਨਾਲ ਮਾੜਾ ਵਿਵਹਾਰ ਕਰਨ ਲੱਗੇ। ਉਕਤ ਵਿਅਕਤੀਆਂ ਦਾ ਕਹਿਣਾ ਸੀ ਕਿ ਦਾਨੇਵਾਲਾ ਚੌਕ ਵਿੱਚ ਬੱਸ ਨੇ ਉਨ੍ਹਾਂ ਨੂੰ ਦਰੜ ਦੇਣਾ ਸੀ। ਕੰਡਕਟਰ-ਡਰਾਈਵਰ ਤੇ ਉਨ੍ਹਾਂ ਲੜਕਿਆਂ ਵਿਚਾਲੇ ਤਲਖ਼ੀ ਐਨੀ ਵਧ ਗਈ ਕਿ ਲੜਕਿਆਂ ਨੇ ਸੜਕ ਦੇ ਨਿਰਮਾਣ ਕਾਰਜਾਂ ਲਈ ਪਏ ਪੱਥਰ ਚੁੱਕ ਕੇ ਬੱਸ ਵੱਲ ਮਾਰਨੇ ਸ਼ੁਰੂ ਕਰ ਦਿੱਤੇ। ਇਸ ਪਥਰਾਅ ਵਿੱਚ ਇਕ ਮਹਿਲਾ ਪੁਲੀਸ ਮੁਲਾਜ਼ਮ ਸਣੇ ਕੁਝ ਸਵਾਰੀਆਂ ਅਤੇ ਡਰਾਈਵਰ ਜ਼ਖ਼ਮੀ ਹੋ ਗਿਆ। ਨੌਜਵਾਨ ਬੱਸ ਦੇ ਸ਼ੀਸ਼ੇ ਭੰਨ ਕੇ ਫਰਾਰ ਹੋ ਗਏ।

Source link