ਜਗਜੀਤ ਸਿੰਘ
ਮੁਕੇਰੀਆਂ, 24 ਜਨਵਰੀ

ਨਹਿਰੀ ਵਿਭਾਗ ਨੇ ਕਰੀਬ ਨੌਂ ਮਹੀਨੇ ਪਹਿਲਾਂ ਬਣੀ ਸ਼ਾਹ ਨਹਿਰ ਨਵੀਨੀਕਰਨ ਲਈ ਮੁੜ ਪੁੱਟਣੀ ਸ਼ੁਰੂ ਕਰ ਦਿੱਤੀ ਹੈ ਜਿਸ ਦਾ ਸ਼ਾਹ ਨਹਿਰ ਯੂਬੀਡੀਸੀ ਮੁਲਾਜ਼ਮ ਦਲ ਦੇ ਪ੍ਰਧਾਨ ਜਸਪਾਲ ਸਿੰਘ ਨੇ ਵਿਰੋਧ ਕੀਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮੁਕੇਰੀਆਂ ਅਧੀਨ ਆਉਂਦੀ ਸ਼ਾਹ ਨਹਿਰ ਲੋਅਰ ਡਿਸਟਰੀਬਿਊਟਰੀ ਦੀ ਆਰਡੀ ਨੰਬਰ-0 ਤੋਂ 1500 ਆਰਡੀ ਤੱਕ ਨਹਿਰ ਦੀ ਲਾਈਨਿੰਗ ਮਾਰਚ ਅਪਰੈਲ 2022 ਵਿੱਚ ਕਰਵਾਈ ਗਈ ਸੀ। ਇਸ ਦੌਰਾਨ ਆਰਡੀ ਨੰਬਰ 11000 ਤੋਂ 11500 ਆਰਡੀ ਤੱਕ ਵੀ ਲਾਈਨਿੰਗ ਦਾ ਕੰਮ ਕਰਵਾਇਆ ਗਿਆ ਸੀ, ਜਿਸ ਦੀ ਲੰਬਾਈ ਦੋ ਬੁਰਜੀਆਂ ਭਾਵ ਕਰੀਬ 2000 ਫੁੱਟ ਬਣਦੀ ਹੈ। ਇਹ ਕੰਮ ਨਹਿਰੀ ਵਿਭਾਗ ਵੱਲੋਂ ਵਾਟਰ ਸੈੱਸ ਦੇ ਆਬਿਆਨੇ ਵਜੋਂ ਪ੍ਰਾਪਤ ਹੋਏ ਫੰਡ ਨਾਲ ਕਰਵਾਇਆ ਗਿਆ ਸੀ ਤੇ ਇਹ ਕੰਮ ਅਪਰੈਲ, 2022 ਦੇ ਅਖੀਰ ਤੱਕ ਚੱਲਦਾ ਰਿਹਾ ਸੀ ਪਰ ਵਿਭਾਗੀ ਅਧਿਕਾਰੀਆਂ ਨੇ ਇਸ ਕੰਮ ਦੇ ਬਿੱਲ ਮਾਰਚ 2022 ’ਚ ਅੰਦਰਖਾਤੇ ਐਡਵਾਂਸ ਪਾਸ ਕਰਵਾ ਲਏ ਸਨ।

ਸ਼ਾਹ ਨਹਿਰ ਯੂਬੀਡੀਸੀ ਮੁਲਾਜ਼ਮ ਦਲ ਦੇ ਪ੍ਰਧਾਨ ਜਸਪਾਲ ਸਿੰਘ ਨੇ ਦੱਸਿਆ ਕਿ ਉਦੋਂ ਇਹ ਕੰਮ ਮਗਨਰੇਗਾ ਅਧੀਨ ਕੰਮ ਕਰਦੇ ਮੁਲਾਜ਼ਮਾਂ ਤੇ ਵਿਭਾਗੀ ਮੁਲਾਜ਼ਮਾਂ ਕੋਲੋਂ ਕਰਵਾਇਆ ਗਿਆ ਸੀ ਅਤੇ ਰਾਜ ਮਿਸਤਰੀ ਮਗਨਰੇਗਾ ਅਧੀਨ ਨਾ ਮਿਲਣ ਕਾਰਨ ਪ੍ਰਾਈਵੇਟ ਤੌਰ ’ਤੇ ਰੱਖੇ ਗਏ ਸਨ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਵਿਭਾਗੀ ਅਧਿਕਾਰੀਆਂ ਨੇ ਇਹ ਕੰਮ ਠੇਕੇਦਾਰ ਨੂੰ ਅਲਾਟ ਕਰਨ ਮਗਰੋਂ ਕਥਿਤ ਮਿਲੀਭੁਗਤ ਰਾਹੀਂ ਮਗਨਰੇਗਾ ਅਤੇ ਵਿਭਾਗੀ ਮੁਲਾਜ਼ਮਾਂ ਕੋਲੋਂ ਕਰਵਾਇਆ ਸੀ। ਇਸ ਕੰਮ ਵਿੱਚ ਵਰਤੀ ਗਈ ਇੱਟ, ਮਿੱਟੀ, ਰੋਜ਼ਾਨਾ ਲੱਗੇ ਸੀਮਿੰਟ-ਰੇਤਾ ਅਤੇ ਪਾਣੀ ਦੇ ਟੈਂਕਰਾਂ ਸਮੇਤ ਹੋਰ ਸਾਮਾਨ ਦਾ ਰਿਕਾਰਡ ਉਨ੍ਹਾਂ ਕੋਲ ਮੌਜੂਦ ਹੈ, ਜਿਸ ਅਦਾਇਗੀ ਵੀ ਵਿਭਾਗੀ ਮੁਲਾਜ਼ਮਾਂ ਰਾਹੀਂ ਤਤਕਾਲੀ ਨਹਿਰੀ ਅਧਿਕਾਰੀ ਨੇ ਖੁਦ ਕੀਤੀ ਸੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਹਿਲਾਂ ਕੀਤੇ ਕੰਮ ’ਤੇ ਮੁੜ ਫੰਡ ਖਪਾਉਣੇ ਜਾਇਜ਼ ਨਹੀਂ ਹਨ ਅਤੇ ਮੁੜ ਕਰਵਾਏ ਜਾ ਰਹੇ ਕੰਮ ਦੀ ਨਿਗਰਾਨੀ ਵੀ ਉਸੇ ਅਧਿਕਾਰੀ ਵੱਲੋਂ ਕਰਨਾ ਸਵਾਲ ਖੜ੍ਹੇ ਕਰਦਾ ਹੈ।

ਐਕਸੀਅਨ ਨੇ ਭ੍ਰਿਸ਼ਟਾਚਾਰ ਦੇ ਦੋਸ਼ ਨਕਾਰੇ

ਨਹਿਰੀ ਵਿਭਾਗ ਦੇ ਐਕਸੀਅਨ ਦਿਨੇਸ਼ ਕੁਮਾਰ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ 10 ਮਹੀਨੇ ਪਹਿਲਾਂ ਕਰਵਾਇਆ ਗਿਆ ਨਹਿਰ ਦਾ ਕੰਮ ਉਨ੍ਹਾਂ ਤੋਂ ਪਹਿਲਾਂ ਦੇ ਅਧਿਕਾਰੀ ਨੇ ਕਰਵਾਇਆ ਹੈ ਅਤੇ ਕੇਂਦਰੀ ਫੰਡਾਂ ਨਾਲ ਕਰਵਾਈ ਜਾ ਰਹੀ ਲਾਈਨਿੰਗ ਦੇ ਨਿਯਮਾਂ ਵਿੱਚ ਤਬਦੀਲੀ ਕਾਰਨ ਇਹ ਕੰਮ ਮੁੜ ਕਰਵਾਉਣਾ ਪੈ ਰਿਹਾ ਹੈ। ਹਾਲਾਂਕਿ ਤਤਕਾਲੀ ਐਕਸੀਅਨ ਵਿਨੈ ਕੁਮਾਰ ਨੇ ਕਿਹਾ ਕਿ ਪਹਿਲਾਂ ਠੇਕੇਦਾਰ ਰਾਹੀਂ ਕੰਮ ਕਰਵਾਇਆ ਗਿਆ ਸੀ।  

Source link