ਮੁੱਲਾਂਪੁਰ-ਦਾਖਾ (ਪੱਤਰ ਪ੍ਰੇਰਕ): ਥਾਣਾ ਦਾਖਾ ਅਧੀਨ ਪਿੰਡ ਪਮਾਲ ਦੇ 17 ਸਾਲਾ ਕਬੱਡੀ ਖਿਡਾਰੀ ਸ਼ਾਨਵੀਰ ਸਿੰਘ ਦੀ ਨਸ਼ੇ ਦਾ ਟੀਕਾ ਲਾਉਣ ਕਾਰਨ ਮੌਤ ਹੋ ਗਈ। ਜਾਂਚ ਅਫ਼ਸਰ ਅਨੁਸਾਰ ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨਾਂ ’ਤੇ ਥਾਣਾ ਦਾਖਾ ਦੀ ਪੁਲੀਸ ਨੇ ਮ੍ਰਿਤਕ ਦੇ ਦੋਸਤ ਸੁਖਰਾਜ ਸਿੰਘ ਵਾਸੀ ਪਮਾਲ ਅਤੇ ਕਥਿਤ ਨਸ਼ਾ ਤਸਕਰ ਦਰਸ਼ਨਾਂ ਕੌਰ ਉਰਫ਼ ਦਰਸ਼ੋ, ਕਰਮਜੀਤ ਕੌਰ ਅਤੇ ਬੂਟਾ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਪਿੰਡ ਕੁੱਲ ਗਹਿਣਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਸੁਖਰਾਜ ਸਿੰਘ ਅਤੇ ਨਸ਼ਾ ਤਸਕਰ ਬੂਟਾ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਕੀਤੀ ਹੈ। ਮ੍ਰਿਤਕ ਦੇ ਪਿਤਾ ਅਨੁਸਾਰ ਸ਼ਾਨਵੀਰ ਦੇ ਨਸ਼ੇ ਦਾ ਟੀਕਾ ਉਸ ਦੇ ਦੋਸਤ ਸੁਖਰਾਜ ਸਿੰਘ ਨੇ ਹੀ ਲਾਇਆ ਸੀ। ਸ਼ਾਨਵੀਰ ਤੇ ਸੁਖਰਾਜ ਮੋਟਰਸਾਈਕਲ ’ਤੇ ਗਏ ਸਨ ਪਰ ਦੇਰ ਰਾਤ ਤੱਕ ਘਰ ਨਾ ਆਇਆ।
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
ਚੇਤਨਪੁਰਾ (ਪੱਤਰ ਪ੍ਰੇਰਕ): ਵਿਧਾਨ ਸਭਾ ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਕੋਟਲਾ ਗੁੱਜਰਾਂ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਇੰਦਰਜੀਤ ਸਿੰਘ (23) ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਇੰਦਰਜੀਤ ਅੱਜ ਸਵੇਰੇ ਬਾਹਰੋਂ ਨਸ਼ਾ ਕਰਕੇ ਘਰ ਆਇਆ ਸੀ ਤੇ ਘਰ ਆਉਣ ਮਗਰੋਂ ਉਹ ਅਚਾਨਕ ਬੇਹੋਸ਼ ਹੋ ਕੇ ਡਿੱਗ ਗਿਆ। ਉਨ੍ਹਾਂ ਉਸ ਨੂੰ ਉਠਾਉਣ ਦਾ ਯਤਨ ਕੀਤਾ ਤਾਂ ਉਸ ਦੀ ਮੌਤ ਹੋ ਚੁੱਕੀ ਸੀ।