ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 13 ਜਨਵਰੀ

ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਧੀਆਂ ਦੀ ਲੋਹੜੀ ਮਨਾਈ ਅਤੇ ਮਠਿਆਈਆਂ ਤੇ ਖਿਡੌਣੇ ਵੰਡੇ ਗਏ, ਜਿਸ ਦੌਰਾਨ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ। ਡੀਸੀ ਨੇ ਕਿਹਾ ਕਿ ਧੀਆਂ ਦਾ ਸਮਾਜ ਵਿੱਚ ਅਹਿਮ ਰੋਲ ਹੈ ਜਿਨ੍ਹਾਂ ਨੂੰ ਚੰਗੀ ਸਿਹਤ, ਉੱਚ ਸਿੱਖਿਆ ਤੇ ਪੂਰਾ ਮਾਣ-ਸਨਮਾਨ ਦੇਣਾ ਸਾਡਾ ਸਭ ਦਾ ਪਹਿਲਾ ਫਰਜ਼ ਹੈ। ਸਮਾਗਮ ਦੌਰਾਨ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੀ ਭੰਗੜਾ ਟੀਮ ਨੇ ਸ਼ਾਨਦਾਰ ਭੰਗੜਾ ਪੇਸ਼ ਕੀਤਾ ਜਦੋਂਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਦੀਆਂ ਲੜਕੀਆਂ ਨੇ ਗਿੱਧੇ ਦੀ ਪੇਸ਼ਕਾਰੀ ਕੀਤੀ। ਇਸ ਮੌਕੇ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਲੜਕੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।

ਪ੍ਰਭ ਆਸਰਾ ਸੰਸਥਾ ਵਿੱਚ ਲੋਹੜੀ ਮਨਾਉਂਦੇ ਬਾਬਾ ਗਾਜ਼ੀ ਦਾਸ ਕਲੱਬ ਦੇ ਮੈਂਬਰ ਤੇ ਹੋਰ।

ਨੂਰਪੁਰ ਬੇਦੀ (ਨਿੱਜੀ ਪੱਤਰ ਪ੍ਰੇਰਕ): ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂਰਪੁਰ ਬੇਦੀ ਵੱਲੋਂ ਸੀਡੀਪੀਓ ਜਸਵੀਰ ਕੌਰ ਦੀ ਅਗਵਾਈ ਵਿੱਚ ਅੱਜ ਪਿੰਡ ਸੈਣੀਮਾਜਰਾ ਵਿੱਚ ਲੋਹੜੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪਿੰਡ ਦੀਆਂ ਨਵਜੰਮੀਆਂ ਲੜਕੀਆਂ ਦੀਆਂ ਮਾਂਵਾਂ ਨੂੰ ਲੋਹੜੀ ਪਾਈ ਗਈ। ਸਰਕਲ ਸੁਪਰਵਾਈਜ਼ਰ ਸੰਤੋਸ਼ ਸੈਣੀ ਨੇ ਇਕੱਤਰ ਔਰਤਾਂ ਨੂੰ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ। ਇਸ ਮੌਕੇ ਨਵਜੰਮੀ ਲੜਕੀ ਨਵਰੀਤ ਕੌਰ ਦੀ ਮਾਤਾ ਰਾਜ ਕੁਮਾਰੀ ਤੇ ਕਿਰਨਪ੍ਰੀਤ ਕੌਰ ਦੀ ਮਾਤਾ ਰਜਨੀ ਦੇਵੀ ਨੂੰ ਲੋਹੜੀ ਪਾ ਕੇ ਸਨਮਾਨਤ ਕੀਤਾ ਗਿਆ। ਆਂਗਣਵੜੀ ਵਿਭਾਗ ਦੀਆਂ ਵਰਕਰਾਂ ਅਤੇ ਹੋਰ ਔਰਤਾਂ ਨੇ ਮਿਲ ਕੇ ਲੋਹੜੀ ਦੇ ਗੀਤ ਵੀ ਗਾਏ।

ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਵਿੱਚ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਪੰਚਕੂਲਾ ਦੇ ਇਤਿਹਾਸਿਕ ਗੁਰਦੁਆਰਾ ਨਾਢਾ ਸਾਹਿਬ ਵਿੱਚ ਲੋਹੜੀ ਦੇ ਮੱਦੇਨਜ਼ਰ ਸ਼ਰਧਾਲੂਆਂ ਦੀ ਭੀੜ ਰਹੀ। ਇਸੇ ਤਰ੍ਹਾਂ ਮਾਤਾ ਮਨਸਾ ਦੇਵੀ ਮੰਦਰ ਵਿੱਚ ਵੀ ਸਵੇਰ ਤੋਂ ਹੀ ਸ਼ਰਧਾਲੂ ਪਹੁੰਚਣੇ ਸ਼ੁਰੂ ਹੋ ਗਏ ਸਨ। ਵੱਖ-ਵੱਖ ਸਭਾ ਸੁਸਾਇਟੀਆਂ ਵੱਲੋਂ ਵੀ ਭਾਈਚਾਰਕ ਸਾਂਝ ਬਣਾਉਂਦਿਆਂ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਪੰਚਕੂਲਾ ਦੇ ਸੈਕਟਰ-15 ਦੇ ਸ਼ੀਸ਼ੂ ਗ੍ਰਹਿ ਵਿੱਚ ਵੀ ਲੋਹੜੀ ਮਨਾਈ ਗਈ ਜਿੱਥੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।

ਖਰੜ (ਪੱਤਰ ਪ੍ਰੇਰਕ): ਸੀਨੀਅਰ ਸਿਟੀਜ਼ਨ (ਸੱਥ) ਵਲੋਂ ਰੇਲਵੇ ਸਟੇਸ਼ਨ ਵਿੱਚ ਸੱਥ ਦੇ ਪ੍ਰਧਾਨ ਕਿਰਪਾਲ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸ਼ੀਤਲ ਸਿੰਘ, ਮਦਨ ਲਾਲ, ਮੋਹਨ ਸਿੰਘ, ਜਸਵੀਰ ਸਿੰਘ, ਅਜੀਤ ਸਿੰਘ, ਕਰਨੈਲ ਸਿੰਘ ਕਰਮ ਸਿੰਘ, ਸੁਰਮੁੱਖ ਸਿੰਘ ਅਤੇ ਇਕਬਾਲ ਸਿੰਘ ਹਾਜ਼ਰ ਸਨ। ਇਸੇ ਦੌਰਾਨ ਏਪੀਜੇ ਸਮਾਰਟ ਸਕੂਲ ਵਿੱਚ ਵੀ ਅੱਜ ਲੋਹੜੀ ਦੇ ਤਿਉਹਾਰ ਮੌਕੇ ਸਮਾਗਮ ਕਰਵਾਇਆ ਗਿਆ।

ਕੁਰਾਲੀ (ਪੱਤਰ ਪ੍ਰੇਰਕ): ਸਥਾਨਕ ਕੌਂਸਲ ਦੀ ਹੱਦ ’ਚ ਪੈਂਦੇ ਪਿੰਡ ਪਡਿਆਲਾ ਵਿੱਚ ਲਾਵਾਰਿਸਾਂ ਦੀ ਦੇਖਭਾਲ ਕਰ ਰਹੀ ‘ਪ੍ਰਭ ਆਸਰਾ’ ਸੰਸਥਾ ’ਚ ਬਾਬਾ ਗਾਜ਼ੀ ਦਾਸ ਕਲੱਬ ਰੋਡਮਾਜਰਾ-ਚੱਕਲਾਂ ਵੱਲੋਂ ਲੋਹੜੀ ਮਨਾਈ ਗਈ। ਇਸ ਮੌਕੇ ਗਾਇਕਾਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਕਲੱਬ ਮੈਂਬਰਾਂ ਵੱਲੋਂ ਸੰਸਥਾ ਵਿੱਚ ਲੰਗਰ ਲਗਾਇਆ ਗਿਆ। ਇਸ ਦੌਰਾਨ ਲੋਹੜੀ ਬਾਲੀ ਗਈ ਅਤੇ ਸੰਸਥਾ ਵਿੱਚ ਰਹਿ ਰਹੇ ਵਿਅਕਤੀਆਂ ਨਾਲ ਲੋਹੜੀ ਦੀ ਖੁਸ਼ੀ ਸਾਂਝੀ ਕੀਤੀ ਗਈ। ਇਸੇ ਦੌਰਾਨ ਦਵਿੰਦਰ ਸਿੰਘ ਬਾਜਵਾ ਤੇ ਸਤਨਾਮ ਸਿੰਘ ਦਾਊਂ ਨੇ ਪ੍ਰਭ ਆਸਰਾ ਸੰਸਥਾ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਗਾਇਕ ਸਤਿੰਦਰ ਸੱਤੀ, ਸੁੱਖੀ ਮੈਡਮ, ਰਵਿੰਦਰ ਮੰਡ, ਉਮਿੰਦਰ ਓਮਾ ਤੇ ਸੰਗੀਤ ਗਰੁੱਪ, ਜਸਮੇਰ ਮੀਆਂਪੁਰ, ਤਰਿੰਦਰ ਤਾਰਾ, ਰਤਨ ਬਾਈ ਨੇ ਕਈ ਘੰਟੇ ਗੀਤ ਗਾ ਕੇ ਸਭਨਾਂ ਦਾ ਮਨੋਰੰਜਨ ਕੀਤਾ।

ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਮੁੱਲਾਂਪੁਰ ਗਰੀਬਦਾਸ, ਨਵਾਂ ਗਾਉਂ ਤੇ ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡਾਂ ਵਿੱਚ ਅੱਜ ਲੋਹੜੀ ਮਨਾਈ ਗਈ। ਕਈ ਥਾਵਾਂ ਉੱਤੇ ਨਵਜੰਮੀਆਂ ਲੜਕੀਆਂ ਤੇ ਲੜਕਿਆਂ ਦੀ ਲੋਹੜੀ ਮਨਾਈ ਗਈ।

ਡੇਰਾਬੱਸੀ (ਪੱਤਰ ਪ੍ਰੇਰਕ): ਸ੍ਰੀ ਸੁਖਮਨੀ ਗਰੁੱਪ ਅਤੇ ਸ੍ਰੀ ਸੁਖਮਨੀ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ, ਸ੍ਰੀ ਸੁਖਮਨੀ ਪੋਲੀਟੈਕਨਿਕ ਅਤੇ ਹੋਰ ਵੀ ਗਰੁੱਪ ਦੇ ਫੈਕਲਟੀ, ਸਟਾਫ ਅਤੇ ਵਿਦਿਆਰਥੀ ਸਮੇਤ ਮੈਨੇਜਮੈਂਟ ਵੱਲੋਂ ਡੇਰਾਬੱਸੀ ਕਾਲਜ ਕੈਂਪਸ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਸ੍ਰੀ ਸੁਖਮਨੀ ਗਰੁੱਪ ਦੇ ਚੇਅਰਮੈਨ ਕੰਵਲਜੀਤ ਸਿੰਘ ਅਤੇ ਡਾਇਰੈਕਟਰ ਦਮਨਜੀਤ ਸਿੰਘ, ਮੁੱਖ ਪ੍ਰਸ਼ਾਸਕ ਪ੍ਰੋ. ਰਸ਼ਪਾਲ ਸਿੰਘ, ਵੱਖ-ਵੱਖ ਥਾਵਾਂ ਦੇ ਪ੍ਰਿੰਸੀਪਲਾਂ ਅਤੇ ਹੋਰ ਫੈਕਲਟੀ ਸਟਾਫ ਮੈਂਬਰਾਂ ਵੱਲੋਂ ਲੋਹੜੀ ਪੂਜਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ।

ਖਮਾਣੋਂ (ਪੱਤਰ ਪ੍ਰੇਰਕ): ਇੱਥੋਂ ਦੇ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਲੋਹੜੀ ਦਾ ਤਿਉਹਾਰ ਰਵਾਇਤੀ ਢੰਗ ਨਾਲ ਮਨਾਇਆ ਗਿਆ। ਇਸ ਤਿਉਹਾਰ ਦਾ ਸਮੁੱਚਾ ਪ੍ਰਬੰਧ ਪ੍ਰਿੰਸੀਪਲ ਗੁਰਪ੍ਰੀਤ ਕੌਰ ਦੀ ਦੇਖ-ਰੇਖ ਹੇਠ ਅਧਿਆਪਕਾਂ ਵੱਲੋਂ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਜਤਿੰਦਰ ਸ਼ਰਮਾ, ਪ੍ਰਿੰਸੀਪਲ ਗੁਰਪ੍ਰੀਤ ਕੌਰ ਅਤੇ ਸਟਾਫ਼ ਮੈਂਬਰਾਂ ਨੇ ਲੋਹੜੀ ਬਾਲ ਕੇ ਬੱਚਿਆਂ ਨੂੰ ਮੂੰਗਫਲੀ ਅਤੇ ਰਿਊੜੀਆਂ ਵੰਡੀਆਂ। ਇਸ ਤੋਂ ਇਲਾਵਾ ਗੁਰ ਸ਼ਕਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਖਮਾਣੋਂ ਵਿੱਚ ਵੀ ਲੋਹੜੀ ਮਨਾਈ ਗਈ।

ਬਨੂੜ (ਪੱਤਰ ਪ੍ਰੇਰਕ): ਬਨੂੜ ਦੇ ਸੀਐੱਚਸੀ ਦੀ ਐੱਸਐੱਮਓ ਡਾ. ਰਵਨੀਤ ਕੌਰ ਦੀ ਅਗਵਾਈ ਹੇਠ ਅੱਜ ਸ਼ਹਿਰ ਦੀਆਂ ਨਵਜੰਮੀਆਂ ਨੌਂ ਧੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ ਹਸਪਤਾਲ ਸਟਾਫ਼ ਤੋਂ ਇਲਾਵਾ ਧੀਆਂ ਦੇ ਮਾਪੇ ਵੀ ਹਾਜ਼ਰ ਸਨ।

ਐੱਸਐੱਮਓ ਡਾ. ਰਵਨੀਤ ਕੌਰ ਵੱਲੋਂ ਭਰੂਣ ਹੱਤਿਆ, ਬੇਟੀ ਬਚਾਓ-ਬੇਟੀ ਪੜ੍ਹਾਓ ਅਤੇ ਧੀਆਂ ਦੀ ਲੋਹੜੀ ਮਨਾਉਣ ਬਾਬਤ ਜਾਣਕਾਰੀ ਦਿੱਤੀ ਗਈ। ਨਵਜੰਮੀਆਂ ਬੱਚੀਆਂ ਨੂੰ ਸ਼ਗਨ ਦੇ ਕੇ ਵੀ ਸਨਮਾਨਿਤ ਕੀਤਾ ਗਿਆ। 

Source link