ਜੈਸਮੀਨ ਭਾਰਦਵਾਜ
ਨਾਭਾ, 19 ਦਸੰਬਰ

ਸਥਾਨਕ ਨਾਭਾ-ਮਾਲੇਰਕੋਟਲਾ ਸੜਕ ’ਤੇ ਪਿੰਡ ਹਰਿਗੜ੍ਹ ਨੇੜੇ ਅੱਜ ਸਵੇਰੇ ਸੰਘਣੀ ਧੁੰਦ ਕਰ ਕੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਤੇ ਛੇ ਹੋਰ ਜ਼ਖ਼ਮੀ ਹੋ ਗਏ। ਇਸ ਮੌਕੇ ਪੀੜਤਾਂ ਦੀ ਮਦਦ ਕਰਨ ਵਾਲੇ ਰਾਹਗੀਰਾਂ ਵਿੱਚ ਵੀ ਇੱਕ ਗੱਡੀ ਆ ਕੇ ਵੱਜੀ, ਜਿਸ ਕਾਰਨ ਦੋ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੜਕ ਦੇ ਇੱਕ ਪਾਸੇ ਗੰਨਿਆਂ ਨਾਲ ਭਰੀ ਇੱਕ ਟਰਾਲੀ ਖੜ੍ਹੀ ਸੀ, ਜਿਸ ਵਿੱਚ ਫ਼ਤਹਿਗੜ੍ਹ ਸਾਹਿਬ ਤੋਂ ਮਾਲੇਰਕੋਟਲਾ ਦੇ ਥਾਣਾ ਸੰਦੌੜ ਦੇ ਇਲਾਕੇ ’ਚ ਪੈਂਦੇ ਪਿੰਡ ਹੱਥਨਾ ਵੱਲ ਜਾ ਰਿਹਾ ਇੱਕ ਛੋਟਾ ਹਾਥੀ ਆ ਵੱਜਿਆ। ਇਸ ਵਿੱਚ 12 ਸ਼ਰਧਾਲੂ ਸਵਾਰ ਸਨ। ਇਸ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਸੁਰਿੰਦਰ ਸਿੰਘ, ਗੁਰਦੀਪ ਸਿੰਘ ਤੇ ਸ਼ੇਰ ਖਾਂ ਵਜੋਂ ਹੋਈ ਹੈ। ਧੁੰਦ ਐਨੀ ਸੰਘਣੀ ਸੀ ਕਿ ਜਦੋਂ ਉੱਥੇ ਮੌਜੂਦ ਲੋਕ ਜ਼ਖ਼ਮੀਆਂ ਨੂੰ ਸੰਭਾਲ ਰਹੇ ਸਨ ਤਾਂ ਇੱਕ ਹੋਰ ਕਾਰ ਉਨ੍ਹਾਂ ਵਿੱਚ ਆ ਕੇ ਵੱਜੀ, ਜਿਸ ਕਾਰਨ ਦੋ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਮੌਕੇ ’ਤੇ ਮੌਜੂਦ ਲੋਕਾਂ ਨੇ ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਅੱਠ ਵਿਅਕਤੀਆਂ ਨੂੰ ਨਾਭਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਇੱਕ ਨੌਜਵਾਨ ਦੀ ਲੱਤ ’ਤੇ ਪਲਸਤਰ ਕੀਤਾ ਗਿਆ ਹੈ। ਨਾਭਾ ਦੇ ਥਾਣਾ ਸਦਰ ਦੀ ਪੁਲੀਸ ਮੁਤਾਬਕ ਹਾਦਸੇ ਮਗਰੋਂ ਟਰਾਲੀ ਚਾਲਕ ਟਰਾਲੀ ਸਮੇਤ ਫਰਾਰ ਹੋ ਗਿਆ। ਪੁਲੀਸ ਵੱਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਕੇ ਪੜਤਾਲ ਆਰੰਭ ਦਿੱਤੀ ਗਈ ਹੈ।

ਮ੍ਰਿਤਕਾਂ ਦੀਆਂ ਪੁਰਾਣੀਆਂ ਤਸਵੀਰਾਂ।

ਸ੍ਰੀ ਮੁਕਤਸਰ ਸਾਹਿਬ/ਗਿੱਦੜਬਾਹਾ (ਗੁਰਸੇਵਕ ਸਿੰਘ ਪ੍ਰੀਤ): ਇਲਾਕੇ ਵਿੱਚ ਸਵੇਰ ਵੇਲੇ ਪਈ ਸੰਘਣੀ ਧੁੰਦ ਕਾਰਨ ਅੱਜ ਸਵੇਰੇ ਗਿੱਦੜਬਾਹਾ-ਮਲੋਟ ਸੜਕ ’ਤੇ ਪਿੰਡ ਥੇੜ੍ਹੀ ਨੇੜੇ ਫਲਾਈਓਵਰ ’ਤੇ ਨੌਂ ਵਾਹਨ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਿਹਾ, ਪਰ ਸਾਰੇ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕੁਰਾਈਵਾਲਾ ਦਾ ਵਸਨੀਕ ਪ੍ਰਿਥੀ ਸਿੰਘ ਹਰੇ ਪੱਠਿਆਂ ਨਾਲ ਭਰੀ ਆਪਣੀ ਟਰੈਕਟਰ-ਟਰਾਲੀ ’ਤੇ ਕੁਰਾਈਵਾਲਾ ਤੋਂ ਗਿੱਦੜਬਾਹਾ ਵੱਲ ਆ ਰਿਹਾ ਸੀ। ਇਸ ਦੌਰਾਨ ਸੰਘਣੀ ਧੁੰਦ ਕਾਰਨ ਮਲੋਟ ਤੋਂ ਗਿੱਦੜਬਾਹਾ ਆ ਰਹੀ ਪੀਆਰਟੀਸੀ ਦੀ ਬੱਸ ਦੀ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ। ਇਸੇ ਦੌਰਾਨ ਅਬੋਹਰ ਤੋਂ ਗਿੱਦੜਬਾਹਾ ਵੱਲ ਆ ਰਹੀ ਬਰੇਜ਼ਾ ਗੱਡੀ ਵੀ ਇਨ੍ਹਾਂ ਵਾਹਨਾਂ ਵਿੱਚ ਆ ਵੱਜੀ। ਹਾਲੇ ਇਨ੍ਹਾਂ ਵਾਹਨਾਂ ਦੇ ਚਾਲਕਾਂ ਨੂੰ ਹਾਲਾਤ ਸਮਝ ਨਹੀਂ ਆਏ ਸਨ ਕਿ ਗਿੱਦੜਬਾਹਾ ਵੱਲ ਆ ਰਹੀ ਇੱਕ ਐਕਸਯੂਵੀ ਕਾਰ ਵੀ ਹਾਦਸਾਗ੍ਰਸਤ ਵਾਹਨਾਂ ਵਿੱਚ ਆ ਵੱਜੀ ਤੇ ਫਿਰ ਇੱਕ ਤੋਂ ਬਾਅਦ ਇੱਕ ਵਾਹਨ ਆਪਸ ਵਿੱਚ ਟਕਰਾਉਂਦੇ ਗਏ। ਕਿਸੇ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਮਿਲੀ ਹੈ। ਮੌਕੇ ’ਤੇ ਪਹੁੰਚੇ ਥਾਣਾ ਗਿੱਦੜਬਾਹਾ ਦੇ ਏਐੱਸਆਈ ਬਾਜ਼ ਸਿੰਘ ਤੇ ਏਐੱਸਆਈ ਸਰਬਜੀਤ ਸਿੰਘ ਨੇ ਵਾਹਨਾਂ ਨੂੰ ਸੜਕ ਤੋਂ ਹਟਵਾ ਕੇ ਆਵਾਜਾਈ ਬਹਾਲ ਕਰਵਾਈ।

ਭੁੱਚੋ ਮੰਡੀ (ਪਵਨ ਗੋਇਲ): ਸਥਾਨਕ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਰੇਲਵੇ ਫਾਟਕ ਨੇੜੇ ਅੱਜ ਸਵੇਰੇ ਸੰਘਣੀ ਧੁੰਦ ਕਰ ਕੇ ਕੁੱਝ ਵਾਹਨ ਆਪਸ ਵਿੱਚ ਟਕਰਾ ਗਏ। ਸਥਾਨਕ ਚੌਕੀ ਇੰਚਾਰਜ ਜਗਰੂਪ ਸਿੰਘ ਨੇ ਦੱਸਿਆ ਕਿ ਥਰਮਲ ਦੀ ਮਾਰਕੀਟ ਤੋਂ ਅੱਗੇ ਫਾਟਕ ਕੋਲ ਇੱਕ ਬੱਸ ਆਪਣੇ ਅੱਗੇ ਜਾ ਰਹੀ ਇੱਕ ਕਾਰ ਨਾਲ ਟਕਰਾ ਗਈ। ਇਸ ਦੌਰਾਨ ਪਿੱਛੇ ਆ ਰਹੀਆਂ ਦੋ ਗੱਡੀਆਂ ਬੱਸ ਨਾਲ ਟਕਰਾ ਗਈਆਂ।

15 ਤੋਂ ਵੱਧ ਵਾਹਨ ਆਪਸ ਵਿੱਚ ਟਕਰਾਏ

ਸ੍ਰੀ ਫ਼ਤਹਿਗੜ ਸਾਹਿਬ (ਅਜੈ ਮਲਹੋਤਰਾ): ਸਥਾਨਕ ਸਰਹਿੰਦ-ਮੰਡੀ ਗੋਬਿੰਦਗੜ੍ਹ ਜੀਟੀ ਰੋਡ ’ਤੇ ਅੱਜ ਸਵੇਰੇ ਪਈ ਸੰਘਣੀ ਕਾਰਨ ਲਗਪਗ 20 ਵਾਹਨ ਆਪਸ ਵਿੱਚ ਟਕਰਾ ਗਏ, ਜਿਸ ਕਾਰਨ ਕਈ ਵਿਅਕਤੀ ਮਾਮੂਲੀ ਤੌਰ ’ਤੇ ਜ਼ਖ਼ਮੀ ਹੋ ਗਏ ਤੇ ਵਾਹਨ ਕਾਫ਼ੀ ਨੁਕਸਾਨੇ ਗਏ ਹਨ। ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 7 ਵਜੇ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਪਿੰਡ ਹਰਬੰਸਪੁਰਾ ਕੋਲ ਇੱਕ ਦੇ ਪਿੱਛੇ ਇੱਕ ਕਈ ਵਾਹਨ ਇੱਕ-ਦੂਜੇ ਨਾਲ ਟਕਰਾ ਗਏ। ਉਨਾਂ ਦੱਸਿਆ ਕਿ ਹਾਦਸੇ ਕਾਰਨ ਕੁਝ ਵਿਅਕਤੀਆਂ ਦੇ ਮਾਮੂਲੀ ਸੱਟਾਂ ਵੀ ਲੱਗੀਆਂ ਹਨ, ਜਿਨ੍ਹਾਂ ਨੂੰ ਮੰਡੀ ਗੋਬਿੰਦਗੜ੍ਹ ਅਤੇ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ’ਚ ਮੁੱਢਲੀ ਸਹਾਇਤਾ ਲਈ ਲਿਜਾਇਆ ਗਿਆ। 

Source link