ਪੱਤਰ ਪੇ੍ਰਕ

ਬੰਗਾ, 26 ਸਤੰਬਰ

InterServer Web Hosting and VPS

ਸੀਪੀਆਈ (ਐੱਮ) ਵੱਲੋਂ ਗਦਰੀ ਯੋਧੇ ਤੇ ਪ੍ਰਸਿੱਧ ਕਮਿਊਨਿਸਟ ਆਗੂ ਭਾਈ ਰਤਨ ਸਿੰਘ ਦੀ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਰਾਏਪੁਰ ਡੱਬਾ ਵਿੱਚ ਮਨਾਈ ਗਈ। ਇਸ ਮੌਕੇ ਹੋਈ ਕਾਨਫਰੰਸ ’ਚ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ।

ਉਨ੍ਹਾਂ ਕਿਹਾ ਕਿ ਗਦਰੀ ਬਾਬਿਆਂ ਵੱਲੋਂ ਪ੍ਰਾਪਤ ਕੀਤੀ ਗਈ ਆਜ਼ਾਦੀ ਨੂੰ ਮੋਦੀ ਸਰਕਾਰ ਤੋਂ ਖ਼ਤਰਾ ਹੈ ਕਿਉਂਕਿ ਉਹ ਆਪਣੀਆਂ ਲੋਕ ਵਿਰੋਧੀ ਨੀਤੀਆਂ ਨਾਲ ਦੇਸ਼ ਦੇ ਜਮਹੂਰੀ ਢਾਂਚੇ ਨੂੰ ਤਹਿਸ-ਨਹਿਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਮੇਂ ਦੇ ਹਾਕਮਾਂ ਵੱਲੋਂ ਦੇਸ਼ ਨੂੰ ਧਰਮਾਂ, ਜਾਤਾਂ ’ਚ ਵੰਡ ਕੇ ਭਾਈਚਾਰਕ ਸਾਂਝ ਤੋੜਨ ਦਾ ਯਤਨ ਕਰਨਾ ਮੰਦਭਾਗਾ ਹੈ। ਉਨ੍ਹਾਂ ਜੁੜੇ ਲੋਕਾਂ ਨੂੰ ਦੇਸ਼ ਨੂੰ ਸੁਰੱਖਿਅਤ ਕਰਨ ਲਈ ਗਦਰੀ ਬਾਬਿਆਂ ਦੀ ਸੋਚ ’ਤੇ ਪਹਿਰਾ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ।

ਪਾਰਟੀ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਰਾਮ ਸਿੰਘ ਨੂਰਪੁਰੀ ਨੇ ਭਾਈ ਰਤਨ ਸਿੰਘ ਰਾਏਪੁਰ ਡੱਬਾ ਦੇ ਜੀਵਨ ਸੰਘਰਸ਼ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਗਦਰ ਪਾਰਟੀ ਵਿੱਚੋਂ ਕਮਿਊਨਿਸਟ ਪਾਰਟੀ ਸਥਾਪਤ ਕਰਨ ’ਚ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ ਤੇ ਉਨ੍ਹਾਂ ਆਪਣੇ ਆਖਰੀ ਸਾਹ ਤੱਕ ਦੇਸ਼ ਦੇ ਦੱਬੇ ਲਤਾੜੇ ਲੋਕਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸੰਘਰਸ਼ ਕੀਤਾ। ਇਸ ਮੌਕੇ ਪਾਏ ਮਤੇ ਰਾਹੀਂ ਐਲਾਨ ਕੀਤਾ ਗਿਆ ਕਿ ਆਰਐੱਸਐੱਸ ਦੀ ਸ਼ਹਿ ’ਤੇ ਦੇਸ਼ ਨੂੰ ਨਿੱਜੀ ਹੱਥਾਂ ’ਚ ਸੌਂਪਣ ਦੇ ਮਨਸੂਬਿਆਂ ਖ਼ਿਲਾਫ਼ ਮੋਦੀ ਸਰਕਾਰ ਦਾ ਡਟ ਕੇ ਮੁਕਾਬਲਾ ਕੀਤਾ ਜਾਵੇਗਾ। ਇਹ ਕਾਨਫਰੰਸ ਕਿਸਾਨ ਮਜ਼ਦੂਰ ਅੰਦੋਲਨ ਨੂੰ ਸਮਰਪਿਤ ਕੀਤੀ ਗਈ ਸੀ। ਇਸ ਮੌਕੇ ਪਾਰਟੀ ਦੇ ਸਕੱਤਰੇਤ ਮੈਂਬਰ ਕਾਮਰੇਡ ਬਲਵੀਰ ਸਿੰਘ ਜਾਡਲਾ, ਬਲਵਿੰਦਰ ਬੰਗਾ, ਕੁਲਦੀਪ ਸਿੰਘ ਝਿੰਗੜ, ਪ੍ਰੇਮ ਸਿੰਘ ਮੰਢਾਲੀ ਨੇ ਸੰਬੋਧਨ ਕੀਤਾ।

Source link