ਗਗਨਦੀਪ ਅਰੋੜਾ

ਲੁਧਿਆਣਾ, 14 ਮਈ

ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਸ਼ਨਿੱਚਰਵਾਰ ਨੂੰ ਇੱਥੇ ਵਰਕਰਾਂ ਦੇ ਵਿਸ਼ੇਸ਼ ਸਮਾਗਮ ’ਚ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਦਿੱਲੀ ਦੇ ਰਿਮੋਟ ਕੰਟਰੋਲ ਦੇ ਨਾਲ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਚੱਲ ਰਹੀ ਹੈ, ਭਗਵੰਤ ਮਾਨ ਨੇ ਮੁੱਖ ਮੰਤਰੀ ਬਣਨ ਖ਼ਾਤਰ ਅਰਵਿੰਦ ਕੇਜਰੀਵਾਲ ਸਾਹਮਣੇ ਪੰਜਾਬ ਨੂੰ ਗਹਿਣੇ ਰੱਖ ਦਿੱਤਾ। ਅਰਵਿੰਦ ਕੇਜਰੀਵਾਲ ਸਵੇਰੇ ਜਿਵੇਂ ਹੁਕਮ ਦਿੰਦੇ ਹਨ, ਭਗਵੰਤ ਮਾਨ ਸਾਰਾ ਦਿਨ ਪੰਜਾਬ ਵਿੱਚ ਉਸੇ ਹੁਕਮਾਂ ਦੀ ਪਾਲਣਾ ਕਰਵਾਉਂਦਾ ਹੈ। ਇਸ ਦੌਰਾਨ ਜੇਪੀ ਨੱਢਾ ਨੇ ਦਾਅਵਾ ਕੀਤਾ ਕਿ ਅਗਲੀ ਵਾਰ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣੇਗੀ।

ਗਲਾਡਾ ਮੈਦਾਨ ਵਿੱਚ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਕਿ ਅਜਿਹਾ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਪੰਜਾਬ ਦੇ ਲੋਕ 50 ਦਿਨਾਂ ਵਿੱਚ ਹੀ ‘ਆਪ’ ਦੀ ਸਰਕਾਰ ਨੂੰ ਬਹੁਮਤ ਦੇ ਕੇ ਪਛਤਾਉਣ ਲੱਗੇ ਹਨ। ਪੰਜਾਬ ਵਿੱਚ ਲਗਾਤਾਰ ਕਾਨੂੰਨ ਵਿਵਸਥਾ ਵਿਗੜ ਰਹੀ ਹੈ, ਬੰਬ ਧਮਾਕੇ ਹੋ ਰਹੇ ਹਨ ਤੇ ਸਰਹੱਦ ਦੇ ਪਾਰੋਂ ਹਥਿਆਰ ਆ ਰਹੇ ਹਨ ਤੇ ਭਗਵੰਤ ਮਾਨ ਇਸ ’ਤੇ ਝੂਠ ਬੋਲ ਰਹੇ ਹਨ।

ਭਾਜਪਾ ਦੇ ਪ੍ਰਧਾਨ ਜੇਪੀ ਨੱਢਾ ਸਨਅਤੀ ਸ਼ਹਿਰ ਦੇ ਨੌਘਰਾ ਮੁਹੱਲੇ ਸਥਿਤ ਸ਼ਹੀਦ ਸੁਖਦੇਵ ਥਾਪਰ ਦੇ ਘਰ ਵਿੱਚ ਸ਼ਰਧਾਂਜਲੀ ਦੇਣ ਲਈ ਈ-ਰਿਕਸ਼ਾ ’ਚ ਸਵਾਰ ਹੋ ਕੇ ਪਹੁੰਚੇ। ਸ਼ਰਧਾਂਜਲੀ ਦੇਣ ਮਗਰੋਂ ਉਨ੍ਹਾਂ ਐਲਾਨ ਕੀਤਾ ਕਿ ਉਹ ਸ਼ਹੀਦ ਥਾਪਰ ਦੇ ਘਰ ਦੇ ਸੁੰਦਰੀਕਰਨ ਕਾਰਜਾਂ ਵਿੱਚ ਤੇਜ਼ੀ ਲਿਆਉਣਗੇ। ਸ਼ਹੀਦ ਸੁਖਦੇਵ ਥਾਪਰ ਦੇ ਵਾਰਸ ਅਸ਼ੋਕ ਥਾਪਰ, ਸੰਦੀਪ ਥਾਪਰ ਤੇ ਅਕਸ਼ਿਤ ਥਾਪਰ ਨੇ ਭਾਜਪਾ ਪ੍ਰਧਾਨ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦਾ ਸਨਮਾਨ ਕੀਤਾ।

ਨੱਢਾ ਦਾ ਘਿਰਾਓ ਕਰਨ ਆਏ ਯੂਥ ਕਾਂਗਰਸੀ ਹਿਰਾਸਤ ’ਚ ਲਏ

ਰੋਸ ਮੁਜ਼ਾਹਰਾ ਕਰਦੇ ਯੂਥ ਕਾਂਗਰਸੀ ਵਰਕਰਾਂ ਨੂੰ ਹਿਰਾਸਤ ਵਿੱਚ ਲੈਂਦੀ ਹੋਈ ਪੁਲੀਸ। -ਫੋਟੋ: ਹਿਮਾਂਸ਼ੂ

ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦਾ ਸਨਅਤੀ ਸ਼ਹਿਰ ਦੇ ਦੌਰੇ ਦੌਰਾਨ ਯੂਥ ਕਾਂਗਰਸੀਆਂ ਨੇ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਜੇਪੀ ਨੱਢਾ ਨੇ ਹੋਟਲ ਪਾਰਕ ਪਲਾਜ਼ਾ ਤੋਂ ਸੜਕ ਰਾਹੀਂ ਚੰਡੀਗੜ੍ਹ ਰੋਡ ਸਥਿਤ ਗਲਾਡਾ ਗਰਾਊਂਡ ’ਚ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਨ ਜਾਣਾ ਸੀ। ਭਾਜਪਾ ਪ੍ਰਧਾਨ ਦੇ ਘਿਰਾਓ ਕੀਤੇ ਜਾਣ ਦੀ ਖ਼ਬਰ ਮਿਲਦੇ ਹੀ ਪੁਲੀਸ ਦੇ ਉੱਚ ਅਧਿਕਾਰੀਆਂ ਨੇ ਸ਼ਿੰਗਾਰ ਸਿਨੇਮਾ ਰੋਡ ’ਤੇ ਬੈਰੀਕੇਡਿੰਗ ਕਰ ਕੇ ਯੂਥ ਕਾਂਗਰਸੀਆਂ ਨੂੰ ਰੋਕ ਲਿਆ। ਇਸ ਦੌਰਾਨ ਕਾਂਗਰਸੀਆਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਪੁਲੀਸ ਮੁਲਾਜ਼ਮਾਂ ਨਾਲ ਉਨ੍ਹਾਂ ਦੀ ਧੱਕਾਮੁੱਕੀ ਵੀ ਹੋਈ। ਇਸੇ ਦੌਰਾਨ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਯੋਗੇਸ਼ ਹਾਂਡਾ ਸਮੇਤ ਸਾਰੇ ਯੂਥ ਕਾਂਗਰਸੀਆਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਹੈਰਾਨੀ ਦੀ ਗੱਲ ਇਹ ਹੈ ਕਿ ਯੂਥ ਕਾਂਗਰਸੀਆਂ ਨੂੰ ਗ੍ਰਿਫ਼ਤਾਰ ਕਰ ਕੇ ਲਿਜਾਣ ਲਈ ਪੁਲੀਸ ਵੱਲੋਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਲਿਆਂਦੀਆਂ ਗਈਆਂ।

Source link