ਪ੍ਰੋ. ਜਸਪ੍ਰੀਤ ਕੌਰ

ਦੁਨੀਆਂ ਦੇ ਹਰ ਆਜ਼ਾਦ ਦੇਸ਼ ਦਾ ਆਪਣਾ ਕੌਮੀ ਝੰਡਾ ਅਤੇ ਕੌਮੀ ਗੀਤ ਹੁੰਦਾ ਹੈ ਜਿਸ ’ਤੇ ਹਰ ਦੇਸ਼ ਦੇ ਵਾਸੀ ਨੂੰ ਮਾਣ ਹੁੰਦਾ ਹੈ। ਕੌਮੀ ਝੰਡਾ ਉਸ ਦੇਸ਼ ਦੀ ਪਹਿਚਾਣ ਤੇ ਰਾਜਨੀਤਿਕ ਚਿੰਨ੍ਹ੍ਵ ਦੇ ਤੌਰ ’ਤੇ ਪ੍ਰਤੀਨਿਧਤਾ ਕਰਦਾ ਹੈ। ਕੌਮੀ ਝੰਡੇ ਦੇ ਡਿਜ਼ਾਈਨ ਵਿੱਚ ਰੰਗਾਂ ਤੇ ਚਿੰਨ੍ਹਾਂ ਦਾ ਇੱਕ ਵਿਸ਼ੇਸ਼ ਅਰਥ ਹੁੰਦਾ ਹੈ। ਰਾਸ਼ਟਰੀ ਝੰਡਾ ਕਿਸੇ ਦੇਸ਼ ਦੀ ਸਰਕਾਰ ਵੱਲੋਂ ਲਹਿਰਾਇਆ ਜਾਂਦਾ ਹੈ, ਪਰ ਆਮ ਤੌਰ ’ਤੇ ਦੇਸ਼ ਦੇ ਨਾਗਰਿਕ ਵੀ ਲਹਿਰਾ ਸਕਦੇ ਹਨ।

ਕੀ ਤੁਸੀਂ ਜਾਣਦੇ ਹੋ ਝੰਡਾ ਲਹਿਰਾਉਣ ਤੇ ਫਹਿਰਾਉਣ ’ਚ ਵੀ ਅੰਤਰ ਹੈ?

15 ਅਗਸਤ ਦੇ ਦਿਨ ਦੇਸ਼ ਨੂੰ ਆਜ਼ਾਦੀ ਮਿਲੀ ਸੀ। ਇਸ ਦਿਨ ਬ੍ਰਿਟਿਸ਼ ਝੰਡੇ ਨੂੰ ਉਤਾਰ ਕੇ ਭਾਰਤੀ ਝੰਡੇ ਨੂੰ ਉੱਪਰ ਚੜ੍ਹਾਇਆ ਭਾਵ ਲਹਿਰਾਇਆ ਗਿਆ ਸੀ। ਇਸ ਪ੍ਰਕਿਰਿਆ ਨੂੰ (Flag Hoisitng) ਕਹਿੰਦੇ ਹਨ। 26 ਜਨਵਰੀ ਨੂੰ ਸਾਡਾ ਸੰਵਿਧਾਨ ਲਾਗੂ ਹੋਇਆ ਸੀ। ਇਸ ਲਈ ਉਸ ਦਿਨ ਪਹਿਲਾਂ ਤੋਂ ਉੱਪਰ ਝੰਡੇ ਨੂੰ ਸਿਰਫ਼ ਫਹਿਰਾਇਆ (Flag Unfurling) ਜਾਂਦਾ ਹੈ। ਇਸ ਦਾ ਭਾਵ ਹੈ ਕਿ ਦੇਸ਼ ਪਹਿਲਾਂ ਹੀ ਆਜ਼ਾਦ ਹੈ।

15 ਅਗਸਤ ਨੂੰ ਕੇਂਦਰੀ ਪੱਧਰ ’ਤੇ ਦੇਸ਼ ਦੇ ਪ੍ਰਧਾਨ ਮੰਤਰੀ ਝੰਡੇ ਦੀ ਰਸਮ ਅਦਾ ਕਰਦੇ ਹਨ ਜਦੋਂਕਿ 26 ਜਨਵਰੀ ਨੂੰ ਰਾਸ਼ਟਰਪਤੀ ਝੰਡਾ ਲਹਿਰਾਉਂਦੇ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਪ੍ਰਧਾਨ ਮੰਤਰੀ ਦੇਸ਼ ਦੇ ਰਾਜਨੀਤਕ ਮੁਖੀ ਹੁੰਦੇ ਹਨ ਜਦੋਂਕਿ ਰਾਸ਼ਟਰਪਤੀ ਸੰਵਿਧਾਨਕ ਮੁਖੀ। 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਇਆ ਸੀ। ਇਸ ਲਈ ਗਣਤੰਤਰ ਦਿਵਸ ’ਤੇ ਰਾਸ਼ਟਰਪਤੀ ਝੰਡਾ ਲਹਿਰਾਉਂਦੇ ਹਨ।

ਪੰਦਰਾਂ ਅਗਸਤ ਨੂੰ ਪ੍ਰਧਾਨ ਮੰਤਰੀ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰਦੇ ਹਨ ਜਦੋਂਕਿ ਇੱਕ ਦਿਨ ਪਹਿਲਾਂ 14 ਅਗਸਤ ਸ਼ਾਮ ਨੂੰ ਰਾਸ਼ਟਰਪਤੀ ਦੇਸ਼ ਨੂੰ ਸੰਬੋਧਨ ਕਰਦੇ ਹਨ। ਗਣਤੰਤਰ ਦਿਵਸ ’ਤੇ ਕਿਸੇ ਦਾ ਸੰਬੋਧਨ ਨਹੀਂ ਹੁੰਦਾ।

ਸੁਤੰਤਰਤਾ ਦਿਵਸ ਸਮਾਗਮ ਲਾਲ ਕਿਲ੍ਹੇ ’ਤੇ ਹੀ ਕੀਤਾ ਜਾਂਦਾ ਹੈ ਕਿਉਂਕਿ 15 ਅਗਸਤ 1947 ਨੂੰ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਦਿੱਲੀ ਦੇ ਲਾਲ ਕਿਲ੍ਹੇ ਸਥਿਤ ਲਾਹੌਰੀ ਗੇਟ ਤੋਂ ਹੀ ਭਾਰਤੀ ਝੰਡਾ ਲਹਿਰਾਇਆ ਸੀ। ਗਣਤੰਤਰ ਦਿਵਸ ਦਾ ਸਮਾਗਮ ਰਾਜਪਥ ’ਤੇ ਕੀਤਾ ਜਾਂਦਾ ਹੈ ਕਿਉਂਕਿ 26 ਜਨਵਰੀ 1950 ਨੂੰ ਆਜ਼ਾਦ ਭਾਰਤ ਦਾ ਸੰਵਿਧਾਨ ਲਾਗੂ ਹੋਣ ’ਤੇ ਪਹਿਲੇ ਗਣਤੰਤਰ ਦਿਵਸ ਦਾ ਸਮਾਗਮ ਵੀ ਰਾਜਪਥ ’ਤੇ ਕੀਤਾ ਗਿਆ ਸੀ।

ਫਲੈਗ ਕੋਡ

ਛੱਰੀ ਜਨਵਰੀ 2002 ਨੂੰ ਭਾਰਤੀ ਫਲੈਗ ਕੋਡ ਨੂੰ ਸੋਧਿਆ ਗਿਆ ਸੀ ਅਤੇ ਆਜ਼ਾਦੀ ਦੇ ਕਈ ਸਾਲਾਂ ਬਾਅਦ ਭਾਰਤ ਦੇ ਨਾਗਰਿਕਾਂ ਨੂੰ ਆਖ਼ਰਕਾਰ ਕਿਸੇ ਵੀ ਦਿਨ ਆਪਣੇ ਘਰਾਂ, ਦਫ਼ਤਰਾਂ ਅਤੇ ਫੈਕਟਰੀਆਂ ’ਤੇ ਭਾਰਤੀ ਝੰਡਾ ਲਹਿਰਾਉਣ ਦੀ ਇਜਾਜ਼ਤ ਦਿੱਤੀ ਗਈ ਸੀ, ਨਾ ਕਿ ਸਿਰਫ਼ ਰਾਸ਼ਟਰੀ ਦਿਹਾੜਿਆਂ ਦੀ ਤਰ੍ਹਾਂ ਜਿਵੇਂ ਕਿ ਪਹਿਲਾਂ ਹੁੰਦਾ ਸੀ। ਤਿਰੰਗੇ ਦੀ ਬੇਅਦਬੀ ਤੋਂ ਬਚਣ ਲਈ ਫਲੈਗ ਕੋਡ ਦੀਆਂ ਵਿਵਸਥਾਵਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਹੁਣ ਭਾਰਤੀ ਲੋਕ ਕਿਸੇ ਵੀ ਥਾਂ ਅਤੇ ਕਿਸੇ ਵੀ ਸਮੇਂ ਰਾਸ਼ਟਰੀ ਝੰਡੇ ਨੂੰ ਮਾਣ ਨਾਲ ਪ੍ਰਦਰਸ਼ਿਤ ਕਰ ਸਕਦੇ ਹਨ। ਸਹੂਲਤ ਲਈ ਫਲੈਗ ਕੋਡ ਆਫ ਇੰਡੀਆ, 2002 ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਕੋਡ ਦਾ ਭਾਗ ਪਹਿਲਾ ਜਨਤਕ, ਨਿੱਜੀ ਸੰਸਥਾਵਾਂ, ਵਿਦਿਅਕ ਸੰਸਥਾਵਾਂ ਆਦਿ ਦੇ ਮੈਂਬਰਾਂ ਵੱਲੋਂ ਰਾਸ਼ਟਰੀ ਝੰਡੇ ਦੇ ਪ੍ਰਦਰਸ਼ਨ ਨੂੰ ਸਮਰਪਿਤ ਹੈ। ਕੋਡ ਦਾ ਭਾਗ ਦੂਜਾ ਕੇਂਦਰੀ ਤੇ ਸੂਬਾਈ ਸਰਕਾਰਾਂ ਅਤੇ ਉਨ੍ਹਾਂ ਦੀਆਂ ਸੰਸਥਾਵਾਂ ਤੇ ਏਜੰਸੀਆਂ ਵੱਲੋਂ ਰਾਸ਼ਟਰੀ ਝੰਡੇ ਦੇ ਪ੍ਰਦਰਸ਼ਨ ਨਾਲ ਸਬੰਧਿਤ ਹੈ।

ਛੱਬੀ ਜਨਵਰੀ 2002 ਦੇ ਕਾਨੂੰਨ ਦੇ ਆਧਾਰ ’ਤੇ ਝੰਡੇ ਨੂੰ ਕਿਵੇਂ ਲਹਿਰਾਉਣਾ ਹੈ, ਇਸ ਬਾਰੇ ਕੁਝ ਨਿਯਮ ਹਨ। ਇਨ੍ਹਾਂ ਵਿੱਚ ਹੇਠ ਲਿਖੇ ਨਿਯਮ ਸ਼ਾਮਲ ਹਨ:

ਝੰਡੇ ਦੇ ਸਤਿਕਾਰ ਲਈ ਪ੍ਰੇਰਣਾ ਦੇਣ ਲਈ ਵਿਦਿਅਕ ਸੰਸਥਾਵਾਂ (ਸਕੂਲਾਂ, ਕਾਲਜਾਂ, ਖੇਡ ਕੈਂਪਾਂ, ਸਕਾਊਟ ਕੈਂਪਾਂ ਆਦਿ) ਵਿੱਚ ਰਾਸ਼ਟਰੀ ਝੰਡਾ ਲਹਿਰਾਇਆ ਜਾ ਸਕਦਾ ਹੈ। ਸਕੂਲਾਂ ਵਿੱਚ ਝੰਡਾ ਲਹਿਰਾਉਣ ਦੀ ਰਸਮ ਵਿੱਚ ਵਫ਼ਾਦਾਰੀ ਦੀ ਸਹੁੰ ਵੀ ਸ਼ਾਮਲ ਕੀਤੀ ਗਈ ਹੈ।

ਜਨਤਕ, ਨਿੱਜੀ ਸੰਸਥਾ ਜਾਂ ਵਿਦਿਅਕ ਸੰਸਥਾ ਦਾ ਮੈਂਬਰ ਸਾਰੇ ਦਿਨਾਂ ਅਤੇ ਮੌਕਿਆਂ ’ਤੇ ਰਾਸ਼ਟਰੀ ਝੰਡਾ ਲਹਿਰਾ ਸਕਦਾ ਹੈ, ਰਸਮੀ ਤੌਰ ’ਤੇ ਜਾਂ ਰਾਸ਼ਟਰੀ ਝੰਡੇ ਦੀ ਸ਼ਾਨ ਅਤੇ ਸਨਮਾਨ ਤਹਿਤ ਹੋਵੇ।

ਨਵੇਂ ਕੋਡ ਦੇ ਸੈਕਸ਼ਨ 2 ਅਨੁਸਾਰ ਸਾਰੇ ਨਾਗਰਿਕ ਆਪਣੀ ਰਿਹਾਇਸ਼ ’ਤੇ ਝੰਡਾ ਲਹਿਰਾ ਸਕਦੇ ਹਨ।

ਝੰਡੇ ਦੀ ਵਰਤੋਂ ਫ਼ਿਰਕੂ ਲਾਭਾਂ, ਲਪੇਟਣ ਜਾਂ ਕੱਪੜੇ ਵਜੋਂ ਨਹੀਂ ਕੀਤੀ ਜਾ ਸਕਦੀ। ਜਿੱਥੋਂ ਤੱਕ ਸੰਭਵ ਹੋਵੇ, ਇਸ ਨੂੰ ਮੌਸਮ ਦੀ ਪਰਵਾਹ ਕੀਤੇ ਬਿਨਾਂ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਡੁੱਬਣ ਤੱਕ ਲਹਿਰਾਇਆ ਜਾਣਾ ਚਾਹੀਦਾ ਹੈ।

ਝੰਡੇ ਨੂੰ ਜਾਣਬੁੱਝ ਕੇ ਜ਼ਮੀਨ ਜਾਂ ਫਰਸ਼ ਨੂੰ ਛੂਹਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਜਾਂ ਪਾਣੀ ਵਿੱਚ ਘੜੀਸਿਆ ਨਹੀਂ ਜਾ ਸਕਦਾ। ਇਸ ਨੂੰ ਵਾਹਨਾਂ, ਰੇਲਾਂ, ਕਿਸ਼ਤੀਆਂ ਜਾਂ ਹਵਾਈ ਜਹਾਜ਼ਾਂ ਦੇ ਹੁੱਡ, ਉੱਪਰ, ਅਤੇ ਪਾਸਿਆਂ ਜਾਂ ਪਿਛਲੇ ਪਾਸੇ ਨਹੀਂ ਬੰਨ੍ਹਿਆ ਜਾ ਸਕਦਾ।

ਕੋਈ ਵੀ ਵਸਤੂ, ਜਿਸ ਵਿੱਚ ਫੁੱਲਾਂ ਜਾਂ ਮਾਲਾ ਜਾਂ ਪ੍ਰਤੀਕ ਸ਼ਾਮਲ ਹਨ, ਝੰਡੇ ਦੇ ਉੱਪਰ ਜਾਂ ਇਸ ਤੋਂ ਉੱਪਰ ਨਹੀਂ ਰੱਖੇ ਜਾ ਸਕਦੇ। ਤਿਰੰਗੇ ਦੀ ਵਰਤੋਂ ਤਿਉਹਾਰ, ਸਜਾਵਟ ਵਜੋਂ ਨਹੀਂ ਕੀਤੀ ਜਾ ਸਕਦੀ।

ਰਾਸ਼ਟਰੀ ਝੰਡੇ ਦੀ ਸਹੀ ਪ੍ਰਦਰਸ਼ਨੀ ਵਿੱਚ ਪ੍ਰੋਟੋਕੋਲ (ਨਿਯਮ) ਕਾਫ਼ੀ ਸਖ਼ਤ ਹਨ। ਇੱਕ ਆਮ ਨਿਯਮ ਇਹ ਹੈ ਕਿ ਰਾਸ਼ਟਰੀ ਝੰਡਾ ਹਮੇਸ਼ਾਂ ਸਨਮਾਨ ਦੀ ਸਥਿਤੀ ਵਿਚ ਲਹਿਰਾਇਆ ਜਾਣਾ ਚਾਹੀਦਾ ਹੈ। ਜਦੋਂ ਇਕ ਰਾਸ਼ਟਰੀ ਝੰਡਾ ਦੂਜੇ ਦੇਸ਼ਾਂ ਦੇ ਰਾਸ਼ਟਰੀ ਝੰਡੇ ਦੇ ਨਾਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਤਾਂ ਸਾਰੇ ਝੰਡੇ ਲਗਭਗ ਬਰਾਬਰ ਉਚਾਈ ’ਤੇੇ ਹੋਣੇ ਚਾਹੀਦੇ ਹਨ, ਹਾਲਾਂਕਿ ਮੇਜ਼ਬਾਨ ਦੇਸ਼ ਦਾ ਰਾਸ਼ਟਰੀ ਝੰਡਾ ਸਨਮਾਨ ਦੀ ਸਥਿਤੀ ਵਿੱਚ ਹੋਵੇ, ਕੇਂਦਰ ਵਿੱਚ ਜਾਂ ਬਿਲਕੁਲ ਸੱਜੇ ਪਾਸੇ। ਜਦੋਂ ਕਿਸੇ ਹੋਰ ਝੰਡੇ ਦੇ ਨਾਲ ਇੱਕ ਰਾਸ਼ਟਰੀ ਝੰਡਾ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਤਾਂ ਇਸ ਨੂੰ ਪਹਿਲਾਂ ਲਹਿਰਾਇਆ ਜਾਣਾ ਚਾਹੀਦਾ ਹੈ ਅਤੇ ਅੰਤ ਵਿੱਚ ਉਤਾਰਿਆ ਜਾਣਾ ਚਾਹੀਦਾ ਹੈ। ਜਦੋਂ ਇੱਕ ਰਾਸ਼ਟਰੀ ਝੰਡਾ ਰਾਸ਼ਟਰੀ ਝੰਡੇ ਤੋਂ ਇਲਾਵਾ ਹੋਰ ਝੰਡੇ ਦੇ ਨਾਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਤਾਂ ਇਸ ਨੂੰ ਵੱਖਰੇ ਡੰਡੇ ’ਤੇ ਲਹਿਰਾਉਣਾ ਚਾਹੀਦਾ ਹੈ, ਉੱਚਾ ਜਾਂ ਸਨਮਾਨ ਵਾਲੀ ਸਥਿਤੀ ਵਿੱਚ। ਜਦੋਂ ਇੱਕ ਰਾਸ਼ਟਰੀ ਝੰਡਾ ਇੱਕੋ ਫਲੈਗਪੋਲ ਤੇ ਕਿਸੇ ਹੋਰ ਝੰਡੇ ਦੇ ਨਾਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਤਾਂ ਇਹ ਸਿਖਰ ’ਤੇ ਹੋਣਾ ਚਾਹੀਦਾ ਹੈ, ਹਾਲਾਂਕਿ ਵੱਖਰੇ ਡੰਡੇ ਨੂੰ ਹੀ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਜਦੋਂ ਇੱਕ ਰਾਸ਼ਟਰੀ ਝੰਡਾ ਜਲੂਸ ਜਾਂ ਸ਼ੋਭਾ ਯਾਤਰਾ ਵਿੱਚ ਹੋਰ ਝੰਡੇ ਦੇ ਨਾਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਤਾਂ ਰਾਸ਼ਟਰੀ ਝੰਡਾ ਮਾਰਚ ਦੇ ਸੱਜੇ ਪਾਸੇ ਹੋਣਾ ਚਾਹੀਦਾ ਹੈ। ਜੇ ਝੰਡਿਆਂ ਦੀ ਕਤਾਰ ਹੈ ਤਾਂ ਇਹ ਸਨਮਾਨ ਦੀ ਸਥਿਤੀ ਵਿੱਚ ਹੋਣਾ ਚਾਹੀਦਾ ਹੈ। ਇੱਕ ਦੇਸ਼ ਦਾ ਝੰਡਾ ਉਲਟਾ ਕਰ ਕੇ ਲਹਿਰਾਉਣਾ ਆਮ ਤੌਰ ’ਤੇ ਸਬੰਧਤ ਦੇਸ਼ ਦੇ ਵਿਰੋਧ ਜਾਂ ਨਫ਼ਰਤ ਦੇ ਪ੍ਰਤੀਕ ਵਜੋਂ ਹੁੰਦਾ ਹੈ। ਫਿਲਿਪੀਨਜ਼ ਵਿੱਚ ਜੰਗ ਦੇ ਸਮੇਂ ਇਸ ਦੇ ਝੰਡੇ ਦੀ ਲਾਲ ਰੰਗ ਦੀ ਪੱਟੀ ਉੱਪਰ ਹੁੁੰਦੀ ਹੈ ਤੇ ਸ਼ਾਂਤੀ ਸਮੇਂ ਨੀਲੇ ਰੰਗ ਦੀ। ਆਮ ਤੌਰ ’ਤੇ ਸਾਰੇ ਦੇਸ਼ਾਂ ਦੇ ਝੰਡੇ ਆਇਤਾਕਾਰ ਹਨ। ਲੰਬਾਈ ਤੇ ਚੌੜਾਈ ਦਾ ਅਨੁਪਾਤ ਰਾਸ਼ਟਰੀ ਝੰਡੇ ਵਿੱਚ ਵੱਖੋ ਵੱਖਰਾ ਹੈ। ਨੇਪਾਲ ਦਾ ਰਾਸ਼ਟਰੀ ਝੰਡਾ ਹੀ ਅਜਿਹਾ ਹੈ ਜੋ ਕਿ ਆਇਤਾਕਾਰ ਨਹੀਂ। ਸਵਿਟਜ਼ਰਲੈਂਡ ਅਤੇ ਵੈਟੀਕਨ ਸਿਟੀ ਦੇ ਝੰਡੇ ਇਕੱਲੇ ਰਾਸ਼ਟਰੀ ਝੰਡੇ ਹਨ ਜੋ ਕਿ ਵਰਗਾਕਾਰ ਹਨ। ਰਾਸ਼ਟਰੀ ਝੰਡੇ ਵਿੱਚ ਆਮ ਤੌਰ ’ਤੇ ਵੱਖ ਵੱਖ ਰੰਗ ਲੇਟਵੀਆਂ ਜਾਂ ਖੜ੍ਹਵੀਆਂ ਪੱਟੀਆਂ ਵਿੱਚ ਪੇਸ਼ ਕੀਤੇ ਜਾਂਦੇ ਹਨ। ਰਾਸ਼ਟਰੀ ਝੰਡੇ ਦੇ ਸਭ ਤੋਂ ਮਸ਼ਹੂਰ ਰੰਗ ਲਾਲ, ਚਿੱਟੇ, ਹਰੇ, ਗੂੜ੍ਹੇ ਨੀਲੇ, ਪੀਲੇ, ਹਲਕੇ ਨੀਲੇ ਅਤੇ ਕਾਲੇ ਹਨ।

ਭਾਰਤ ਵਿੱਚ ਸਭ ਤੋਂ ਪਹਿਲਾਂ ਕੋਲਕਾਤਾ ਦੇ ਇੱਕ ਸਮਾਗਮ ਵਿੱਚ ਸੁਰਿੰਦਰ ਨਾਥ ਬੈਨਰਜੀ ਨੇ 7 ਅਗਸਤ 1906 ਨੂੰ ਕੌਮੀ ਝੰਡੇ ਦੇ ਮੁੱਢਲੇ ਵਜੂਦ ਵਜੋਂ ਇੱਕ ਝੰਡਾ ਲਹਿਰਾਇਆ ਜਿਸ ਵਿੱਚ ਤਿੰਨ ਪੱਟੀਆਂ ਗੂੜ੍ਹੀ ਹਰੀ, ਗੂੜ੍ਹੀ ਪੀਲੀ ਅਤੇ ਗੂੜ੍ਹੀ ਲਾਲ ਸੀ। ਹਰੀ ਪੱਟੀ ਵਿੱਚ ਅੱਠ ਚਿੱਟੇ ਕਮਲ ਫੁੱਲਾਂ ਦੇ ਨਿਸ਼ਾਨ ਸਨ। ਲਾਲ ਪੱਟੀ ਉੱਤੇ ਚੰਨ ਅਤੇ ਸੂਰਜ ਦੇ ਨਿਸ਼ਾਨ ਸਨ। ਪੀਲੀ ਪੱਟੀ ਉੱਤੇ ‘ਵੰਦੇ ਮਾਤਰਮ’ ਲਿਖਿਆ ਹੋਇਆ ਸੀ। ਸਾਡੀ ਜੰਗ-ਏ-ਆਜ਼ਾਦੀ ਵਿੱਚ ਭਾਗ ਲੈਣ ਵਾਲੀ ਮੈਡਮ ਭੀਮਾਜੀ ਕਾਮਾ ਨੇ 18 ਅਗਸਤ 1907 ਨੂੰ ਜਰਮਨੀ ਦੇ ਇੱਕ ਸਮਾਗਮ ਵਿੱਚ ਭਾਰਤੀ ਝੰਡਾ ਲਹਿਰਾਇਆ। ਇਸ ਝੰਡੇ ਵਿੱਚ ਲਾਲ, ਪੀਲੇ ਅਤੇ ਹਰੇ ਰੰਗ ਦੀਆਂ ਤਿਰਛੀਆਂ ਧਾਰੀਆਂ ਸਨ। ਉੱਪਰਲੀ ਲਾਲ ਧਾਰੀ ਵਿੱਚ ਸੱਤ ਤਾਰੇ ਅਤੇ ਇੱਕ ਕਮਲ ਫੁੱਲ ਬਣਿਆ ਹੋਇਆ ਸੀ, ਵਿਚਕਾਰਲੀ ਪੀਲੀ ਪੱਟੀ ਵਿੱਚ ਨੀਲੇ ਰੰਗ ਨਾਲ ‘ਵੰਦੇ ਮਾਤਰਮ’ ਅੰਕਿਤ ਸੀ ਅਤੇ ਹੇਠਲੀ ਹਰੀ ਪੱਟੀ ਵਿੱਚ ਤਾਰਾ, ਚੰਦਰਮਾ ਬਣਿਆ ਹੋਇਆ ਸੀ। ਇਹ ਝੰਡਾ 1916 ਤੱਕ ਲਹਿਰਾਇਆ ਜਾਂਦਾ ਰਿਹਾ। ਐਨੀ ਬੇਸੈਂਟ ਅਤੇ ਬਾਲ ਗੰਗਾਧਰ ਤਿਲਕ ਨੇ ਇੱਕ ਹੋਰ ਝੰਡਾ ਤਿਆਰ ਕੀਤਾ ਜਿਸ ਵਿੱਚ ਪੰਜ ਲਾਲ ਅਤੇ ਪੰਜ ਹਰੀਆਂ ਪੱਟੀਆਂ ਸਨ। ਸਪਤਰਿਸ਼ੀਆਂ ਦੇ ਪ੍ਰਤੀਕ ਸੱਤ ਤਾਰੇ ਅਤੇ ਇੱਕ ਖੂੰਜੇ ਵਿੱਚ ਯੂਨੀਅਨ ਜੈਕ ਦਾ ਵੀ ਨਿਸ਼ਾਨ ਸੀ। ਬ੍ਰਿਟਿਸ਼ ਝੰਡੇ ਵਿੱਚ ਵੀ ਯੂਨੀਅਨ ਜੈਕ ਹੋਣ ਕਾਰਨ ਇਸ ਦਾ ਸਖ਼ਤ ਵਿਰੋਧ ਹੋਇਆ ਤੇ ਕੁਝ ਮਹੀਨਿਆਂ ਬਾਅਦ ਹੀ ਇਹ ਝੰਡਾ ਅਸਵੀਕਾਰ ਕਰ ਦਿੱਤਾ ਗਿਆ। 1916 ਵਿੱਚ ਸ੍ਰੀਮਤੀ ਐਨੀ ਬੇਸੈਂਟ ਨੇ ਲਾਲ ਅਤੇ ਹਰੇ ਰੰਗ ਨਾਲ ਹਿੰਦੂ ਅਤੇ ਮੁਸਲਮਾਨਾਂ ਨੂੰ ਬਰਾਬਰੀ ਦਾ ਦਰਜਾ ਦੇਣ ਦੀ ਭਾਵਨਾ ਵਜੋਂ ਝੰਡਾ ਤਿਆਰ ਕੀਤਾ।

ਸਾਲ 1931 ਵਿਚ ਸਰਬ ਪ੍ਰਵਾਨਿਤ ਰਾਸ਼ਟਰੀ ਝੰਡੇ ਦੇ ਨਿਰਮਾਣ ਲਈ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਸੱਤ ਮੈਂਬਰੀ ਕਮੇਟੀ ਬਣਾਈ ਗਈ ਜਿਸ ਵਿੱਚ ਸ੍ਰੀ ਕਾਕਾ ਕਾਲੇਕਰ ਨੇ ਸੁਝਾਅ ਦਿੱਤਾ ਤੇ ਸਭ ਦੀ ਰਾਇ ਅਨੁਸਾਰ ਝੰਡੇ ਵਿੱਚ ਲਾਲ ਰੰਗ, ਹਰਾ ਅਤੇ ਸਫ਼ੈਦ ਰੰਗ ਪ੍ਰਵਾਨ ਕੀਤੇ ਗਏ। ਮਹਾਤਮਾ ਗਾਂਧੀ ਜੀ ਨੇ ਰਾਇ ਦਿੱਤੀ ਕਿ ਸਫ਼ੈਦ ਰੰਗ ਵਿੱਚ 1921 ਦੇ ਚਰਖਾ ਅੰਦੋਲਨ ਦੇ ਪ੍ਰਤੀਕ ਚਰਖੇ ਨੂੰ ਵੀ ਲਿਆ ਜਾਵੇ। ਮੌਲਾਨਾ ਅਜ਼ਾਦ ਨੇ ਚਰਖੇ ਦੀ ਥਾਂ ਕਪਾਹ ਦਾ ਫੁੱਲ ਦਾ ਸੁਝਾਅ ਦਿੱਤਾ ਅਤੇ ਅਖ਼ੀਰ ਕੇਸਰੀ ਰੰਗ ਪ੍ਰਵਾਨ ਕਰਦਿਆਂ ਚਰਖਾ ਚਿੰਨ੍ਹ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ। ਉੱਪਰ ਕੇਸਰੀ ਪੱਟੀ, ਵਿਚਕਾਰ ਚਿੱਟੀ ਪੱਟੀ ਅਤੇ ਹੇਠਾਂ ਹਰੀ ਪੱਟੀ। ਚਿੱਟੀ ਪੱਟੀ ਵਿੱਚ ਨੀਲੇ ਰੰਗ ਨਾਲ ਅੰਕਿਤ ਕੀਤਾ ਚਰਖਾ। ਕਈ ਸਾਲਾਂ ਤਕ ਇਹ ਰਾਸ਼ਟਰੀ ਝੰਡਾ ਬਣਿਆ ਰਿਹਾ।

ਬਾਈ ਜੁਲਾਈ 1947 ਨੂੰ ਭਾਰਤ ਦੀ ਆਜ਼ਾਦੀ ਤੋਂ ਕੁਝ ਹੀ ਦਿਨ ਪਹਿਲਾਂ ਸਾਡੇ ਨੇਤਾਵਾਂ ਨੇ ਇੱਕ ਵਾਰ ਫਿਰ ਇਸ ਵਿੱਚ ਫੇਰਬਦਲ ਕਰਦਿਆਂ ਚਰਖੇ ਦੇ ਨਿਸ਼ਾਨ ਨੂੰ ਹਟਾ ਕੇ ਉਸ ਦੇ ਸਥਾਨ ’ਤੇ ਸਾਰਨਾਥ ਸਥਿਤ ਅਸ਼ੋਕ ਮਹਾਨ ਦੀ ਲਾਟ ਤੋਂ ਲਿਆ ਧਰਮ ਚੱਕਰ ਅੰਕਿਤ ਕਰ ਦਿੱਤਾ। ਰਾਸ਼ਟਰੀ ਝੰਡੇ ਦੀਆਂ ਤਿੰਨ ਰੰਗ ਦੀਆਂ ਖਿਤਿਜੀ ਪੱਟੀਆਂ ਦਾ ਆਕਾਰ ਇੱਕੋ ਜਿੰਨਾ ਹੈ। ਸਭ ਤੋਂ ਉੱਪਰ ਕੇਸਰੀ ਰੰਗ ਦੀ ਪੱਟੀ, ਵਿਚਕਾਰ ਸਫ਼ੈਦ, ਉਸ ਵਿਚਕਾਰ ਚੱਕਰ ਅਤੇ ਹੇਠਾਂ ਹਰੇ ਰੰਗ ਦੀ ਪੱਟੀ। ਸਫ਼ੈਦ ਪੱਟੀ ਵਿਚਕਾਰ ਪੱਟੀ ਦੀ ਚੌੜਾਈ ਦੇ ਬਰਾਬਰ ਵਿਆਸ ਵਾਲੇ ਇਸ ਚੱਕਰ ਵਿੱਚ 24 ਡੰਡੇ ਹਨ ਜੋ 24 ਘੰਟੇ ਹੀ ਦੇਸ਼ ਅਤੇ ਸਮਾਜ ਦੀ ਤਰੱਕੀ ਕਰਨ ਦਾ ਪ੍ਰਤੀਕ ਹਨ। ਕੇਸਰੀ ਰੰਗ ਨੂੰ ਬਲਿਦਾਨ ਤੇ ਤਿਆਗ ਦਾ, ਹਰੇ ਰੰਗ ਨੂੰ ਹਰਿਆਲੀ-ਖ਼ੁਸ਼ਹਾਲੀ ਅਤੇ ਵੀਰਤਾ ਦਾ, ਸਫ਼ੈਦ ਰੰਗ ਨੂੰ ਸੱਚ, ਸ਼ਾਂਤੀ, ਸਫ਼ਾਈ ਤੇ ਸਾਂਝ ਦਾ ਪ੍ਰਤੀਕ ਮੰਨਿਆ ਗਿਆ। 1947 ਤੋਂ ਬਾਅਦ ਇਸ ਝੰਡੇ ਨੂੰ ਹੀ ਸਰਬਸੰਮਤੀ ਨਾਲ ਆਜ਼ਾਦ ਭਾਰਤ ਦੇ ਰਾਸ਼ਟਰੀ ਝੰਡੇ ਦੇ ਰੂਪ ਵਜੋਂ ਸਵੀਕਾਰ ਕਰ ਲਿਆ ਗਿਆ।

ਸਰਕਾਰੀ ਝੰਡਾ ਨਿਰਦੇਸ਼ਾਂ ਦੇ ਮੁਤਾਬਿਕ ਭਾਰਤ ਦਾ ਕੌਮੀ ਝੰਡਾ ਮਹਾਤਮਾ ਗਾਂਧੀ ਦੁਆਰਾ ਹਰਮਨ ਪਿਆਰੇ ਬਣਾਏ ਇੱਕ ਖ਼ਾਸ ਤਰ੍ਹਾਂ ਨਾਲ ਹੱਥੀਂ ਕੱਤੇ ਗਏ ਕੱਪੜੇ (ਖਾਦੀ) ਤੋਂ ਬਣਦਾ ਹੈ। ਭਾਰਤੀ ਝੰਡਾ ਸੰਹਿਤਾ ਦੁਆਰਾ ਇਸ ਦੀ ਨੁਮਾਇਸ਼ ਅਤੇ ਵਰਤੋਂ ਬਾਰੇ ਖ਼ਾਸ ਹਦਾਇਤਾਂ ਹਨ। ਇਹ ਦਿਨ ਛਿਪਣ ਤੋਂ ਪਹਿਲਾਂ ਤੱਕ ਲਹਿਰਾਇਆ ਜਾਂਦਾ ਹੈ। ਇਹ ਧਰਤੀ ਨਾਲ ਵੀ ਨਹੀਂ ਲੱਗਣਾ ਚਾਹੀਦਾ ਅਤੇ ਪੈਰਾਂ ਹੇਠ ਵੀ ਨਹੀਂ ਆਉਣਾ ਚਾਹੀਦਾ। ਭਾਰਤ ਵਿੱਚ ਪੰਦਰਾਂ ਅਗਸਤ ਅਤੇ 26 ਜਨਵਰੀ ਨੂੰ ਇਸ ਦਾ ਸਤਿਕਾਰ ਕਰਦਿਆਂ ਇਸ ਦੀ ਸ਼ਾਨੋਂ-ਸ਼ੌਕਤ ਨੂੰ ਬਰਕਰਾਰ ਰੱਖਣ ਦਾ ਪ੍ਰਣ ਕੀਤਾ ਜਾਂਦਾ ਹੈ।

ਸਾਡੇ ਕੌਮੀ ਝੰਡੇ ਦੇ ਆਕਾਰ ਵਿੱਚ 3-2 ਦਾ ਅਨੁਪਾਤ ਹੈ। ਇਹ ਜਦ ਕਿਸੇ ਹੋਰ ਸੰਸਥਾ ਦੇ ਪ੍ਰੋਗਰਾਮ ਸਮੇਂ ਲਹਿਰਾਇਆ ਜਾਂਦਾ ਹੈ ਤਾਂ ਸਭ ਤੋਂ ਉੱਚਾ ਹੁੰਦਾ ਹੈ। ਇਸ ਦੇ ਸੱਜੇ ਪਾਸੇ ਹੋਰ ਕੋਈ ਝੰਡਾ ਨਹੀਂ ਹੁੰਦਾ। ਸਵੇਰੇ ਦਿਨ ਚੜ੍ਹਨ ਤੋਂ ਸ਼ਾਮ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਉਤਾਰ ਕੇ ਸਾਂਭਿਆ ਜਾਂਦਾ ਹੈ।

ਭਾਰਤ ਦੀ ਆਜ਼ਾਦੀ ਤੇ ਇਸ ਦੀ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਬਹੁਤ ਸਾਰੇ ਲੋਕਾਂ ਨੇ ਕੁਰਬਾਨੀ ਦੇ ਕੇ ਤਿਰੰਗੇ ਦੀ ਸ਼ਾਨ ਵਧਾਈ। ਸਾਡੇ ਲਈ ਸਾਡਾ ਕੌਮੀ ਝੰਡਾ ਮਾਣ-ਸਨਮਾਨ, ਆਜ਼ਾਦੀ ਅਤੇ ਵਿਸ਼ਵਾਸਾਂ ਦਾ ਪ੍ਰਤੀਕ ਹੈ। ਭਾਰਤੀ ਰਾਸ਼ਟਰੀ ਝੰਡਾ ਭਾਰਤ ਦੇ ਲੋਕਾਂ ਦੀਆਂ ਉਮੀਦਾਂ ਅਤੇ ਇੱਛਾਵਾਂ ਨੂੰ ਦਰਸਾਉਂਦਾ ਹੈ। ਇਹ ਸਾਡੇ ਰਾਸ਼ਟਰੀ ਸਵੈਮਾਣ ਦਾ ਪ੍ਰਤੀਕ ਹੈ।

ਸੰਪਰਕ: 94178-31583

Source link