ਜੋਗਿੰਦਰ ਸਿੰਘ ਮਾਨ

ਮਾਨਸਾ, 18 ਅਪਰੈਲ

ਪੰਜਾਬ ਵਿੱਚ ਪੈਦਾ ਹੋਏ ਬਿਜਲੀ ਦੇ ਸੰਕਟ ਅਤੇ ਕੋਲੇ ਦੀ ਘਾਟ ਕਾਰਨ ਬਣੀ ਗੰਭੀਰ ਸਥਿਤੀ ਨਾਲ ਨਜਿੱਠਣ ਲਈ ਭਾਵੇਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਹਰ ਤਰ੍ਹਾਂ ਦੇ ਬੰਦੋਬਸਤ ਕਰ ਰਿਹਾ ਹੈ ਪਰ ਇਸ ਦੇ ਬਾਵਜੂਦ ਪੇਂਡੂ ਅਤੇ ਸ਼ਹਿਰੀ ਖੇਤਰ ਵਿੱਚ ਬਿਜਲੀ ਦੇ ਕੱਟ ਲੱਗ ਰਹੇ ਹਨ। ਰਾਜ ਦੇ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਿਟਡ (ਟੀਐੱਸਪੀਐੱਲ) ਦਾ ਬੁਆਇਲਰ ਖ਼ਰਾਬ ਹੋਣ ਕਾਰਨ ਭਾਵੇਂ ਯੂਨਿਟ ਨੰਬਰ-2 ਅੱਜ ਵੀ ਚਾਲੂ ਨਹੀਂ ਹੋ ਸਕਿਆ ਪਰ ਇਸ ਤਾਪ ਘਰ ਦੇ ਚੱਲ ਰਹੇ ਦੋਵੇਂ ਯੂਨਿਟਾਂ ਨੇ ਲਗਭਗ ਪੂਰੀ ਸਮਰੱਥਾ ਨਾਲ ਬਿਜਲੀ ਦੇਣੀ ਆਰੰਭ ਕਰ ਦਿੱਤੀ ਹੈ। ਇਸ ਤਾਪ ਘਰ ਵੱਲੋਂ ਅੱਜ 1230 ਮੈਗਾਵਾਟ ਬਿਜਲੀ ਸਪਲਾਈ ਦਿੱਤੀ ਗਈ ਹੈ ਜਦੋਂਕਿ ਬੀਤੇ ਦਿਨ ਇਸ ਵੱਲੋਂ 840 ਮੈਗਾਵਾਟ ਸਪਲਾਈ ਕੀਤੀ ਗਈ ਸੀ, ਉਂਝ ਇਹ ਤਾਪ ਘਰ 1980 ਮੈਗਾਵਾਟ ਦੀ ਸਮਰੱਥਾ ਰੱਖਦਾ ਹੈ।

ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਕੋਲੇ ਦੇ ਸੰਕਟ ਦਾ ਹੱਲ ਨਾ ਹੋਣ ਕਾਰਨ ਸੂਬੇ ਦੇ ਕਈ ਸਰਕਾਰੀ ਅਤੇ ਪ੍ਰਾਈਵੇਟ ਪ੍ਰਬੰਧਾਂ ਵਾਲੇ ਤਾਪ ਘਰ ਅੱਜ-ਕੱਲ੍ਹ ਅੱਧੇ ਉਤਪਾਦਨ ਤੋਂ ਵੀ ਘੱਟ ਕੰਮ ਕਰ ਰਹੇ ਹਨ, ਜਿਸ ਕਾਰਨ ਬਿਜਲੀ ਦਾ ਸੰਕਟ ਬਣਿਆ ਹੋਇਆ ਹੈ।

ਅੱਜ ਰੋਪੜ ਥਰਮਲ ਪਲਾਂਟ ਵੱਲੋਂ ਬਿਜਲੀ ਪੈਦਾ ਕੀਤੀ ਗਈ ਹੈ। ਇਸ ਤਾਪ ਘਰ ਦਾ ਬੰਦ ਪਿਆ ਯੂਨਿਟ ਨੰਬਰ-4 ਅੱਜ ਚਾਲੂ ਹੋ ਗਿਆ ਹੈ, ਜਿਸ ਵੱਲੋਂ ਸ਼ਾਮ ਨੂੰ 116 ਮੈਗਾਵਾਟ ਬਿਜਲੀ ਸਪਲਾਈ ਦਿੱਤੀ ਗਈ ਹੈ। ਇਸ ਦੇ ਯੂਨਿਟ ਨੰਬਰ-3 ਵਲੋਂ 170 ਅਤੇ ਯੂਨਿਟ-6 ਵੱਲੋਂ 208 ਮੈਗਾਵਾਟ ਬਿਜਲੀ ਪੈਦਾ ਕੀਤੀ ਹੈ ਜਦੋਂਕਿ ਬੀਤੇ ਦਿਨ ਇਨ੍ਹਾਂ ਵੱਲੋਂ 160-160 ਮੈਗਾਵਾਟ ਹੀ ਪੈਦਾ ਕੀਤੀ ਗਈ ਸੀ।

ਇਸੇ ਤਰ੍ਹਾਂ ਮਾਲਵਾ ਖੇਤਰ ਦੇ ਇੱਕ ਹੋਰ ਵੱਡੇ ਤਾਪ ਘਰ ਜੀਐੱਚਟੀਪੀ ਲਹਿਰਾ ਮੁਹੱਬਤ ਵੱਲੋਂ ਬੀਤੇ ਦਿਨ ਨਾਲੋਂ ਵੱਧ ਬਿਜਲੀ ਸਪਲਾਈ ਦਿੱਤੀ ਗਈ ਹੈ। ਇਸ ਦੇ ਯੂਨਿਟ ਨੰਬਰ-2 ਅਤੇ 4 ਭਾਵੇਂ ਬੰਦ ਪਏ ਹਨ ਪਰ ਇਸ ਦੇ ਯੂਨਿਟ-1 ਵੱਲੋਂ ਅੱਜ 191 ਅਤੇ ਯੂਨਿਟ-3 ਵੱਲੋਂ 252 ਮੈਗਾਵਾਟ ਬਿਜਲੀ ਸਪਲਾਈ ਦਿੱਤੀ ਗਈ ਹੈ ਜਦੋਂਕਿ ਬੀਤੇ ਦਿਨ ਇਨ੍ਹਾਂ ਵੱਲੋਂ 371 ਮੈਗਾਵਾਟ ਪੈਦਾ ਕੀਤੀ ਗਈ ਸੀ, ਜੋ ਅੱਜ ਵਧ ਕੇ 423 ਮੈਗਾਵਾਟ ਹੋ ਗਈ ਹੈ।

ਰਾਜਪੁਰਾ ਦੇ ਯੂਨਿਟਾਂ ਵੱਲੋਂ 1356 ਮੈਗਾਵਾਟ ਬਿਜਲੀ ਦਾ ਉਤਪਾਦਨ

ਐਲਐਂਡਟੀ ਰਾਜਪੁਰਾ ਤਾਪ ਘਰ ਦੇ ਦੋਵੇਂ ਯੂਨਿਟਾਂ ਵੱਲੋਂ ਵੀ ਅੱਜ ਵੱਧ ਸਪਲਾਈ ਦਿੱਤੀ ਗਈ ਹੈ। ਬੀਤੇ ਦਿਨ ਇਸ ਦੇ ਦੋਵੇਂ ਯੂਨਿਟਾਂ ਵੱਲੋਂ 1328 ਮੈਗਾਵਾਟ ਸਪਲਾਈ ਦਿੱਤੀ ਗਈ ਸੀ ਅਤੇ ਅੱਜ 1356 ਮੈਗਾਵਾਟ ਪੈਦਾ ਕੀਤੀ ਗਈ ਹੈ। ਇਸੇ ਤਰ੍ਹਾਂ ਜੀਵੀਕੇ ਗੋਇੰਦਵਾਲ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਬੰਦ ਪਏ ਹਨ। ਇਸ ਤਾਪ ਘਰ ਦੀ ਕੁੱਲ ਸਮਰੱਥਾ 540 ਮੈਗਾਵਾਟ ਹੈ। ਦੱਸਿਆ ਗਿਆ ਹੈ ਕਿ ਇਹ ਤਾਪ ਘਰ ਕੋਲੇ ਦੀ ਘਾਟ ਕਾਰਨ ਬੰਦ ਹੋ ਗਿਆ ਹੈ।

Source link