ਕਮਲਜੀਤ ਸਿੰਘ ਬਨਵੈਤ

ਦਵਿੰਦਰ ਸਿੰਘ ਆਨੰਦ ਸਾਡੀ ਗਲੀ ਵਿੱਚ ਦੋ ਘਰ ਛੱਡ ਕੇ ਰਹਿੰਦਾ ਹੈ। ਜਦੋਂ ਅਸੀਂ ਮੁਹਾਲੀ ਵਿੱਚ ਆਪਣਾ ਘਰ ਬਣਾਉਣਾ ਸ਼ੁਰੂ ਕੀਤਾ ਸੀ ਉਦੋਂ ਤੋਂ ਹੀ ਅਸੀਂ ਉਨ੍ਹਾਂ ਦੇ ਘਰ ਕਲੇਸ਼ ਦੇਖਿਆ ਹੈ। ਹਰ ਦੂਜੇ ਦਿਨ ਪੁਲੀਸ ਆਈ ਰਹਿੰਦੀ। ਇਕ ਦੋ ਵਾਰ ਘਰੇਲੂ ਝਗੜੇ ਦੌਰਾਨ ਉਹਨੂੰ ਸੱਟਾਂ ਵੀ ਵੱਜੀਆਂ। ਹਸਪਤਾਲ ਦਾਖ਼ਲ ਰਹਿਣਾ ਪਿਆ। ਜਿੰਨਾ ਕੁ ਮੈਨੂੰ ਯਾਦ ਹੈ, ਉਹਦੀ ਪਤਨੀ ਸਾਡੇ ਇਸ ਘਰ ਵਿੱਚ ਆਉਣ ਤੋਂ ਕੁਝ ਮਹੀਨੇ ਬਾਅਦ ਹੀ ਚੱਲ ਵਸੀ ਸੀ। ਝਗੜਾ ਘਰ ਦੇ ਵਿਹੜੇ ਅੰਦਰ ਹੁੰਦਾ। ਪਿਓ ਪੁੱਤ ਇੱਕ ਦੂਜੇ ਨਾਲ ਹੱਥੋ-ਪਾਈ ਤੱਕ ਪੁੱਜ ਜਾਂਦੇ। ਇਸ ਲਈ ਗਲੀ ਮਹੱਲੇ ਵਿੱਚੋਂ ਕੋਈ ਉਨ੍ਹਾਂ ਨੂੰ ਛਡਾਉਣ ਦੀ ਲੋੜ ਨਹੀਂ ਸੀ ਸਮਝਦਾ। ਨਾਲੇ ਰੋਜ਼ ਰੋਜ਼ ਦੀ ਲੜਾਈ ਵਿੱਚ ਕੌਣ ਫਸੇ?
ਫਿਰ ਇੱਕ ਦਮ ਘਰ ਵਿੱਚ ਸ਼ਾਂਤੀ ਰਹਿਣ ਲੱਗੀ। ਪੁੱਤਰ ਅਤੇ ਉਹਦਾ ਪਰਿਵਾਰ ਆਪਣੇ ਆਪ ਵਿੱਚ ਰਹਿੰਦੇ, ਉਨ੍ਹਾਂ ਦੀ ਆਂਢ-ਗੁਆਂਢ ਵਿੱਚ ਕਿਸੇ ਨਾਲ ਦੁਆ-ਸਲਾਮ ਨਹੀਂ। ਹਾਂ, ਕਦੇ ਕਦੇ ਕਾਰ ਖੜ੍ਹੀ ਕਰਨ ਪਿੱਛੇ ਝਗੜਾ ਹੁਣ ਵੀ ਹੋ ਜਾਂਦਾ ਹੈ।
ਦਵਿੰਦਰ ਸਿੰਘ ਆਨੰਦ ਹੁਣ ਹੌਲੀ ਹੌਲੀ ਗੁਆਂਢੀਆਂ ਨਾਲ ਮੁੜ ਘੁਲਣ ਮਿਲਣ ਲੱਗਾ ਹੈ। ਕਲੇਸ਼ ਦੇ ਦਿਨਾਂ ਦੌਰਾਨ ਤਾਂ ਉਹ ਅੰਦਰ ਹੀ ਬੰਦ ਹੋ ਕੇ ਰਹਿ ਗਿਆ ਸੀ। ਪੂਰੀ ਤਰ੍ਹਾਂ ਬਣ ਠਣ ਕੇ ਰਹਿਣ ਦਾ ਸ਼ੌਂਕ ਉਹਨੂੰ ਪਹਿਲਾਂ ਤੋਂ ਸੀ। ਕੰਨਾਂ ਤੋਂ ਉੱਚਾ ਸੁਣਦਾ ਹੈ, ਫਿਰ ਵੀ ਕਾਰ ਸਕੂਟਰ ਬੇਪਰਵਾਹ ਹੋ ਕੇ ਭਜਾਈ ਫਿਰਦਾ ਹੈ।
ਪਿਛਲੇ ਕੁਝ ਮਹੀਨਿਆਂ ਤੋਂ ਉਹ ਰੁਟੀਨ ਵਿੱਚ ਸਾਡੇ ਸੈਕਟਰ ਦੇ ਵੱਡੇ ਪਾਰਕ ਵਿੱਚ ਬਜ਼ੁਰਗਾਂ ਦੇ ਗਰੁੱਪ ਦੀ ਸੰਗਤ ਕਰਨ ਲੱਗਾ ਹੈ। ਇਸ ਵਾਰ ਉਸ ਨੇ ਆਪਣੇ 87ਵੇਂ ਜਨਮ ਦਿਨ ਮੌਕੇ ਪਾਠ ਕਰਾਇਆ ਤਾਂ ਉਹਦੇ ਜਾਣਕਾਰਾਂ ਦਾ ਇਕੱਠ ਦੇਖ ਕੇ ਅਸੀਂ ਸਾਰੇ ਹੱਕੇ ਬੱਕੇ ਰਹਿ ਗਏ। ਇਕੱਠ ’ਤੇ ਪੈਸਾ ਵੀ ਖੁੱਲ੍ਹੇ ਦਿਲ ਨਾਲ ਖਰਚਿਆ। ਕਿਸੇ ਵੇਲੇ ਉਹ ਚੰਗਾ ਅਫਸਰ ਰਿਹਾ ਹੋਵੇਗਾ ਜਿਹੜਾ ਪੈਨਸ਼ਨ ਸਹਾਰੇ ਪੂਰਾ ਟੌਹਰ-ਟੱਪਾ ਬਣਾ ਕੇ ਰਹਿੰਦਾ ਹੈ। ਪਾਠ ਦੇ ਭੋਗ ਮੌਕੇ ਉਸ ਨੇ ਆਪਣੇ ਪੁੱਤਰ ਨੂੰ ਨਾ ਸੱਦਿਆ। ਉਸ ਦਿਨ ਉਹਦਾ ਪੁੱਤਰ ਬਹੂ ਸਮੇਤ ਦੋਵੇਂ ਪੋਤੇ ਘਰੋਂ ਬਾਹਰ ਨਾ ਨਿਕਲੇ, ਜਿਵੇਂ ਕਿਤੇ ਇੱਥੇ ਰਹਿੰਦੇ ਹੀ ਨਾ ਹੋਣ।
ਹੌਲੀ ਹੌਲੀ ਮੇਰਾ ਮੇਲ-ਮਿਲਾਪ ਉਹਦੇ ਨਾਲ ਵਧ ਗਿਆ। ਪਹਿਲਾਂ ਪਹਿਲ ਉਸ ਨੂੰ ਉੱਚੀ ਸੁਣਨ ਕਰ ਕੇ ਮੈਂ ਦੋਵੇਂ ਹੱਥ ਜੋੜ ਕੇ ਦੁਆ-ਸਲਾਮ ਕਰ ਅੱਗੇ ਲੰਘ ਜਾਂਦਾ। ਜਦੋਂ ਦੀ ਉਸ ਨੇ ਕੰਨਾਂ ਨੂੰ ਮਸ਼ੀਨ ਲਾਉਣੀ ਸ਼ੁਰੂ ਕੀਤੀ ਹੈ, ਰਾਹ-ਵਾਟੇ ਰੁਕ ਕੇ ਇੱਕ ਦੂਜੇ ਦੀ ਖਬਰਸਾਰ ਵੀ ਪੁੱਛ ਲਈਦੀ ਹੈ। ਮੇਰੇ ਨਾਲ ਹੁਣ ਉਹਦੀ ਖੂਬ ਬਣਨ ਲੱਗੀ ਹੈ। ਇੱਕ ਦਿਨ ਅਸੀਂ ਦੋਵੇਂ ਸੈਰ ਤੋਂ ਆਪਣੇ ਘਰਾਂ ਨੂੰ ਮੁੜੇ ਤਾਂ ਉਹ ਚਾਹ ਦਾ ਸੱਦਾ ਦੇ ਕੇ ਆਪਣੇ ਨਾਲ ਘਰੇ ਲੈ ਗਿਆ। ਮੈਂ ਹਰ ਸ਼ਬਦ ਬੋਚ ਬੋਚ ਕੇ ਬੋਲ ਰਿਹਾ ਸਾਂ। ਬੜਾ ਸੰਜਮ ਰੱਖਿਆ। ਸਵਾਲ ਤਾਂ ਮਨ ਵਿੱਚ ਕਈ ਸਨ ਪਰ ਮੈਂ ਭਾਵਨਾਵਾਂ ’ਤੇ ਕਾਬੂ ਪਾਉਣ ਵਿੱਚ ਕਾਮਯਾਬ ਰਿਹਾ।
ਚਾਹ ਦੇ ਕੱਪ ਮੇਜ਼ ’ਤੇ ਧਰਦਿਆਂ ਉਹਨੇ ਆਪ ਕਹਾਣੀ ਛੇੜ ਲਈ। ਉਹ ਦੱਸ ਰਿਹਾ ਸੀ ਕਿ ਘਰ ਦੀ ਸਭ ਤੋਂ ਹੇਠਲੀ ਮੰਜਿ਼ਲ ’ਤੇ ਪੁੱਤਰ ਆਪਣੇ ਬੱਚਿਆਂ ਨਾਲ ਰਹਿ ਰਿਹਾ ਹੈ। ਉਸ ਤੋਂ ਪਹਿਲਾਂ ਉਹ ਆਪਣੀ ਪਤਨੀ ਅਤੇ ਪੁੱਤਰ ਦੇ ਪਰਿਵਾਰ ਸਮੇਤ ਫੇਜ਼ ਦੋ ਵਾਲੇ ਫਲੈਟ ਵਿੱਚ ਰਹਿੰਦਾ ਰਿਹਾ ਸੀ। ਉਸ ਨੇ ਘਰ ਦੀ ਫੁਲਵਾੜੀ ਵਧਦੀ ਦੇਖ ਫਲੈਟ ਵੇਚ ਕੇ ਨਵੇਂ ਸੈਕਟਰਾਂ ਵਿੱਚ ਕੋਠੀ ਬਣਾਉਣ ਦਾ ਸੁਫ਼ਨਾ ਲਿਆ ਤਾਂ ਨਾਲ ਰਹਿ ਰਹੇ ਪੁੱਤਰ ਨੇ 8 ਲੱਖ ਪਗੜੀ ਲੈ ਕੇ ਘਰ ਖਾਲੀ ਕੀਤਾ ਸੀ।
ਉਸ ਨੇ ਕਿਰਾਏ ਦੇ ਮਕਾਨ ਵਿੱਚ ਰਹਿ ਕੇ ਆਹ ਵਾਲਾ ਘਰ ਛੱਤਣਾ ਸ਼ੁਰੂ ਕੀਤਾ। ਅਜੇ ਘਰ ਦੀ ਚੱਠ ਵੀ ਨਹੀਂ ਸੀ ਹੋਈ ਕਿ ਪੁੱਤਰ ਨੇ ਜਬਰੀ ਹੇਠਲੀ ਮੰਜਿ਼ਲ ਵਿਚ ਸਮਾਨ ਲਿਆ ਧਰਿਆ। ਇਉਂ ਮਜਬੂਰੀਵਸ ਉਸ ਨੂੰ ਪਹਿਲੀ ਮੰਜਿ਼ਲ ’ਤੇ ਤਬਦੀਲ ਹੋਣਾ ਪਿਆ। ਉਹਦੀ ਮਾਂ ਤਾਂ ਇਸੇ ਗਮ ਨਾਲ ਮਰ ਗਈ ਸੀ। ਉਹਨੇ ਪੁੱਤਰ ਤੋਂ ਘਰ ਖਾਲੀ ਕਰਵਾਉਣ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ, ਬੱਸ ਹੁਣ ਕੇਸ ਦਾ ਫੈਸਲਾ ਸਿਰੇ ’ਤੇ ਹੈ।
ਉਹ ਕਹਿ ਰਿਹਾ ਸੀ, “ਜਿ਼ੰਦਗੀ ਦੇ ਆਖਿ਼ਰੀ ਪੜਾਅ ’ਤੇ ਹਾਂ। ਉੱਪਰੋਂ ਪਤਾ ਨਹੀਂ ਕਦੋਂ ਹਾਕ ਪੈ ਜਾਵੇ। ਇਸ ਲਈ ਆਪਣੇ ਹਿੱਸੇ ਦੀ ਵਸੀਅਤ ਪੋਤਿਆਂ ਦੇ ਨਾ ਕਰਵਾ ਦਿੱਤੀ ਹੈ।” ਇਹ ਕਹਿੰਦਿਆਂ ਉਹਨੇ ਅੱਖਾਂ ਭਰ ਲਈਆਂ, “ਬੱਚੇ ਸਮਝਣ ਚਾਹੇ ਨਾ ਪਰ ਮਾਪਿਆਂ ਨੂੰ ਤਮ੍ਹਾ ਨਹੀਂ ਛੱਡਦੀ। ਤਮ੍ਹਾ ਦੇ ਮਾਰੇ ਮਾਪੇ ਬੱਚਿਆਂ ਹੱਥ ਆਪਣੀ ਇੱਜ਼ਤ ਵੀ ਦੇ ਦਿੰਦੇ। ਕਈ ਵਾਰ ਤਾਂ ਹੱਥ ਵੀ ਚੁੱਕ ਲੈਂਦੇ।”
“ਅੰਕਲ ਜੀ, ਤੁਸੀਂ ਕਈਆਂ ਨਾਲੋਂ ਚੰਗੇ ਹੋ, ਚੰਡੀਗੜ੍ਹ ਕਿੰਨੇ ਘਰਾਂ ਵਿੱਚ ਜਵਾਕਾਂ ਨੇ ਮਾਪਿਆਂ ਦਾ ਸਮਾਨ ਸਰਦਲ ਦੇ ਬਾਹਰ ਧਰ ਦਿੱਤਾ ਹੈ। ਪੰਜਾਬ ਵਿੱਚ ਜਾਇਦਾਦ ਬਦਲੇ ਰੋਜ਼ ਮਾਪਿਆਂ ਨੂੰ ਕਤਲ ਕਰ ਦੇਣ ਵਾਲੀਆਂ ਖ਼ਬਰਾਂ ਅਖ਼ਬਾਰਾਂ ਵਿੱਚ ਛਪਦੀਆਂ।”
“ਬਸ ਤਮ੍ਹਾ ਨਹੀਂ ਛੱਡਦੀ। ਮੇਰੀ ਪਤਨੀ ਵੀ ਤਮ੍ਹਾ ਨੇ ਖਾ ਲਈ।” ਮੈਂ ਉਹਦੇ ਵੱਲ ਦੇਖਿਆ ਤਾਂ ਅੱਖਾਂ ਵਿੱਚੋਂ ਹੰਝੂ ਕਿਰ ਰਹੇ ਸਨ। ਮੈਂ ਆਗਿਆ ਮੰਗੀ ਤਾਂ ਉਹ ਬੈੱਡ ’ਤੇ ਪੁੱਠਾ ਹੋ ਕੇ ਲੇਟ ਗਿਆ। ਉਹਦੀ ਧਾਹ ਨਿਕਲ ਗਈ। ਮੇਰਾ ਪਿੱਛੇ ਨੂੰ ਮੁੜ ਕੇ ਦੇਖਣ ਦਾ ਹੀਆ ਨਾ ਪਿਆ।

Ad - Web Hosting from SiteGround - Crafted for easy site management. Click to learn more.

ਸੰਪਰਕ: 98147-34035

The post ਤਮ੍ਹਾ appeared first on Punjabi Tribune.

Source link