ਜਸਵੰਤ ਜੱਸ

ਫਰੀਦਕੋਟ, 22 ਨਵੰਬਰ

ਪਿਛਲੇ ਚਾਰ ਦਿਨਾਂ ਤੋਂ ਕੌਮੀ ਮਾਰਗ ਜਾਮ ਕਰ ਕੇ ਬੈਠੇ ਕਿਸਾਨਾਂ ਨੂੰ ਮਨਾਉਣ ਲਈ ਅੱਜ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨੇ ਧਰਨੇ ਵਾਲੀ ਥਾਂ ਦਾ ਦੌਰਾ ਕੀਤਾ। ਇਸੇ ਧਰਨੇ ’ਤੇ ਹੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪਿਛਲੇ ਚਾਰ ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਹਨ। ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਜਸਕਰਨ ਸਿੰਘ ਨੇ ਇੱਥੇ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮਰਨ ਵਰਤ ਖ਼ਤਮ ਕਰਨ ਲਈ ਮਨਾਉਂਦੇ ਰਹੇ ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਫਲ਼ ਨਹੀਂ ਹੋ ਸਕੀਆਂ। ਫਰੀਦਕੋਟ ਦੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਅਤੇ ਜ਼ਿਲ੍ਹਾ ਪੁਲੀਸ ਮੁਖੀ ਰਾਜਪਾਲ ਸਿੰਘ ਨੇ ਵੀ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਉਹ ਆਪਣਾ ਪੱਖ ਪਹਿਲਾਂ ਹੀ ਸਰਕਾਰ ਅੱਗੇ ਸਪੱਸ਼ਟ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਹੁੰਦੀਆਂ, ਓਨਾ ਚਿਰ ਉਹ ਆਪਣਾ ਸੰਘਰਸ਼ ਵਾਪਿਸ ਨਹੀਂ ਲੈਣਗੇ। ਕਿਸਾਨਾਂ ਨੇ ਹਾਲ ਦੀ ਘੜੀ ਹਾਈਵੇਅ ਜਾਮ ਦਾ ਫ਼ੈਸਲਾ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉੱਧਰ ਹਾਈਵੇਅ-54 ਬੰਦ ਹੋਣ ਕਰ ਕੇ ਰਾਜਸਥਾਨ ਤੇ ਗੁਜਰਾਤ ਤੋਂ ਜੰਮੂ-ਕਸ਼ਮੀਰ ਅਤੇ ਹਿਮਾਚਲ ਜਾਣ ਵਾਲਾ ਭਾਰੀ ਟਰੈਫਿਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇਸ ਕਰ ਕੇ ਪ੍ਰਸ਼ਾਸਨ ਤੇ ਸਰਕਾਰ ਲਈ ਕਾਨੂੰਨੀ ਵਿਵਸਥਾ ਬਹਾਲ ਰੱਖਣਾ ਵੱਡੀ ਚਿਤਾਵਨੀ ਬਣੀ ਹੋਈ ਹੈ ਅਤੇ ਹਾਈਵੇਅ ਨਾਲ ਲੱਗਦੀਆਂ ਲਿੰਕ ਸੜਕਾਂ ਉੱਪਰ ਵੱਡੇ ਵਾਹਨਾਂ ਦੇ ਜਾਮ ਲੱਗੇ ਹੋਏ ਹਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਕਿਸਾਨ ਆਗੂਆਂ ਨਾਲ ਮੁਲਾਕਾਤ ਕੀਤੀ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕੁਲਤਾਰ ਸਿੰਘ ਸੰਧਵਾਂ ਪੰਜਾਬ ਸਰਕਾਰ ਦੀ ਤਰਫੋਂ ਉਨ੍ਹਾਂ ਕੋਲ ਨਹੀਂ ਆਏ ਬਲਕਿ ਉਹ ਇਲਾਕੇ ਦੇ ਹੋਣ ਕਰ ਕੇ ਸਿਰਫ਼ ਉਨ੍ਹਾਂ ਦਾ ਹਾਲ ਜਾਣਨ ਲਈ ਆਏ ਸਨ। ਡਾਕਟਰਾਂ ਨੇ ਅੱਜ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਮੁਆਇਨਾ ਵੀ ਕੀਤਾ।

ਕਿਸਾਨਾਂ ਨੇ ਕੌਮੀ ਮਾਰਗ ’ਤੇ ਪੰਜ ਘੰਟੇ ਬੰਦ ਰੱਖੀ ਆਵਾਜਾਈ

ਪਟਿਆਲਾ (ਖੇਤਰੀ ਪ੍ਰਤੀਨਿਧ): ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਜ਼ਿਲ੍ਹਾ ਇਕਾਈ ਨੇ ਕਿਸਾਨੀ ਮੰਗਾਂ ਸਬੰਧੀ ਸੱਤ ਦਿਨਾਂ ਤੋਂ ਇਥੇ ਰਾਜਪੁਰਾ ਰੋਡ ’ਤੇ ਸਥਿਤ ਧਰੇੜੀ ਜੱਟਾਂ ਵਾਲੇ ਟੌਲ ਪਲਾਜ਼ਾ ’ਤੇ ਧਰਨਾ ਲਾਇਆ ਹੋਇਆ ਹੈ। ਯੂਨੀਅਨ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੇ ਚਾਰ ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਮੰਗਾਂ ਨਾ ਮੰਨਣ ਸਬੰਧੀ ਅਪਣਾਏ ਜਾ ਰਹੇ ਅੜੀਅਲ ਵਤੀਰੇ ਖ਼ਿਲਾਫ਼ ਕਿਸਾਨਾਂ ਨੇ ਅੱਜ ਫੇਰ ਇਥੇ ਸੜਕਾਂ ਜਾਮ ਕਰਦਿਆਂ ਪੰਜ ਘੰਟੇ ਆਵਾਜਾਈ ਠੱਪ ਕਰ ਦਿੱਤੀ। ਇਸ ਕਾਰਨ ਰਾਹਗੀਰਾਂ ਨੂੰ ਮੁੜ ਡਾਢੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਬਰਸਾਤਾਂ ਅਤੇ ਬਿਮਾਰੀ ਕਾਰਨ ਫਸਲਾਂ ਦੇ ਹੋਏ ਨੁਕਸਾਨ ਅਤੇ ਲੰਪੀ ਸਕਿਨ ਬਿਮਾਰੀ ਨਾਲ ਗਾਊਆਂ ਦੀ ਹੋਈ ਮੌਤ ਸਬੰਧੀ ਮੁਆਵਜ਼ਾ ਰਾਸ਼ੀ ਨਾ ਮਿਲਣ ਵਿਰੁੱਧ ਧਰੇੜੀ ਜੱਟਾਂ ਵਾਲੇ ਇਸ ਟੌਲ ਪਲਾਜ਼ਾ ’ਤੇ ਧਰਨਾ ਲਾਇਆ ਗਿਆ ਹੈ। 17 ਅਤੇ 18 ਨਵੰਬਰ ਨੂੰ ਵੀ ਆਵਾਜਾਈ ਠੱਪ ਰੱਖੀ ਗਈ ਪਰ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹਵਾਲੇ ਨਾਲ ਇਲਾਕੇ ਦੇ ਡੀਐੱਸਪੀ ਗੁਰਦੇਵ ਸਿੰਘ ਧਾਲੀਵਾਲ ਵੱਲੋਂ ਕਿਸਾਨ ਆਗੂਆਂ ਨਾਲ ਰਾਬਤਾ ਕਾਇਮ ਕਰਦਿਆਂ ਸੜਕਾਂ ਨਾ ਰੋਕਣ ਲਈ ਮਨਾ ਲਿਆ ਗਿਆ ਸੀ, ਜਿਸ ਤੋਂ ਬਾਅਦ ਤਿੰਨ ਦਿਨ ਆਵਾਜਾਈ ਬਹਾਲ ਰਹੀ। ਇਸੇ ਦੌਰਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜੋਰਾਵਰ ਸਿੰਘ ਬਲਬੇੜਾ ਅਤੇ ਇਕ ਹੋਰ ਆਗੂ ਨੇ ਮਰਨ ਵਰਤ ਵੀ ਸ਼ੁਰੂ ਕਰ ਦਿੱਤਾ ਸੀ ਪਰ ਡੱਲੇਵਾਲ ਵੱਲੋਂ ਭੇਜੇ ਗਏ ਯੂਨੀਅਨ ਦੇ ਸੂਬਾਈ ਆਗੂ ਜਸਵੀਰ ਸਿੰਘ ਨੇ ਇਨ੍ਹਾਂ ਦੋਵਾਂ ਆਗੂਆਂ ਦਾ ਮਰਨ ਵਰਤ ਖੁੱਲ੍ਹਵਾ ਦਿੱਤਾ।

ਮਰਨ ਵਰਤ ਦੌਰਾਨ ਡੱਲੇਵਾਲ ਦੀ ਹਾਲਤ ਵਿਗੜਨ ਦੇ ਬਾਵਜੂਦ ਸਰਕਾਰ ਵੱਲੋਂ ਅੜੀਅਲ ਰਵੱਈਏ ਦੇ ਖ਼ਿਲਾਫ਼ ਕਿਸਾਨਾਂ ਨੇ ਅੱਜ ਫੇਰ ਬਾਅਦ ਦੁਪਹਿਰ ਸੜਕੀ ਆਵਾਜਾਈ ਰੋਕਦਿਆਂ ਇਥੋਂ ਨੈਸ਼ਨਲ ਹਾਈਵੇਅ ਮੁੜ ਜਾਮ ਕਰ ਦਿੱਤਾ, ਜੋ ਕਿ ਪੁਲੀਸ ਅਤੇ ਹੋਰ ਅਧਿਕਾਰੀਆਂ ਦੇ ਦਖਲ ਮਗਰੋਂ ਖੋਲ੍ਹਿਆ ਗਿਆ। ਇਸ ਧਰਨੇ ’ਚ ਯੂਨੀਅਨ ਦੇ ਸੂਬਾਈ ਵਿੱਤ ਸਕੱਤਰ ਮਾਨ ਸਿੰਘ ਰਾਜਪੁਰਾ, ਜ਼ਿਲ੍ਹਾ ਪ੍ਰਧਾਨ ਜੋਰਾਵਰ ਸਿੰਘ ਬਲਬੇੜਾ, ਸਵਰਨ ਸਿੰਘ ਧਰੇੜੀ ਸਮੇਤ ਹੋਰ ਆਗੂ ਹਾਜ਼ਰ ਸਨ।

Source link