ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 29 ਸਤੰਬਰ

ਪਿੰਡ ਦੇਸੂਜੋਧਾ ਵਿੱਚ ਵੱਡੇ ਪੱਧਰ ‘ਤੇ ਨਸ਼ਾ ਤਸਕਰੀ ਅਤੇ ਨਸ਼ਿਆਂ ਕਰਕੇ ਨੌਜਵਾਨਾਂ ਦੀਆਂ ਲਗਾਤਾਰ ਮੌਤਾਂ ਖ਼ਿਲਾਫ਼ ਅੱਜ ਹਰਿਆਣਾ ਤੇ ਪੰਜਾਬ ਦੇ ਕਈ ਪਿੰਡਾਂ ਦੇ ਲੋਕਾਂ ਨੇ ਦੇਸੂਜੋਧਾ ਚੌਕੀ ਦਾ ਘਿਰਾਓ ਕਰ ਲਿਆ। ਲੋਕਾਂ ਨੇ ਘਿਰਾਓ ਮੌਕੇ ਡਿਊਟੀ ਸਮੇਂ ਕਥਿਤ ਸ਼ਰਾਬ ਦੇ ਨਸ਼ੇ ‘ਚ ਪੁਲੀਸ ਮੁਲਾਜ਼ਮ ਦਾ ਡਾਕਟਰੀ ਮੁਆਇਨਾ ਕਰਵਾਉਣ ਦੀ ਮੰਗ ਕੀਤੀ। ਮੁਜ਼ਾਹਰਾਕਾਰੀ ਲੋਕਾਂ ਦਾ ਰੋਹ ਭਖ ਗਿਆ ਅਤੇ ਉਨ੍ਹਾਂ ਚੌਕੀ ਦੇ ਮੂਹਰੇ ਡੱਬਵਾਲੀ-ਕਾਲਾਂਵਾਲੀ ਰੋਡ ‘ਤੇ ਧਰਨਾ ਲਗਾ ਕੇ ਸੜਕੀ ਆਵਾਜਾਈ ਠੱਪ ਕਰ ਦਿੱਤੀ। ਇਸ ਮੌਕੇ ਡੱਬਵਾਲੀ ਥਾਣਾ ਸਿਟੀ ਦੇ ਮੁਖੀ ਜਤਿੰਦਰ ਨੇ ਮੁਜ਼ਾਹਰਾਕਾਰੀ ਲੋਕਾਂ ਨੂੰ ਨਸ਼ਿਆਂ ‘ਤੇ ਛੇਤੀ ਨੱਥ ਪਾਉਣ ਦਾ ਭਰੋਸਾ ਦੇਣ ਦੀ ਕੋਸ਼ਿਸ਼ ਕੀਤੀ ਪਰ ਲੋਕ ਸਹਿਮਤ ਨਹੀਂ ਹੋਏ। ਕਥਿਤ ਸ਼ਰਾਬੀ ਮੁਲਜ਼ਮ ਨੂੰ ਪੁਲੀਸ ਅਫ਼ਸਰ ਸਾਦਾ ਵਰਦੀ ਵਿੱਚ ਡਾਕਟਰੀ ਮੁਆਇਨੇ ਲਈ ਡੱਬਵਾਲੀ ਲਿਜਾਣਾ ਚਾਹੁੰਦੇ ਸਨ, ਮੁਜ਼ਾਹਰਾਕਾਰੀ ਲੋਕ ਉਸ ਨੂੰ ਪੁਲੀਸ ਵਰਦੀ ‘ਚ ਚੌਕੀ ਵਿੱਚੋਂ ਲਿਜਾਣ ਦੀ ਮੰਗ ਚੜ੍ਹ ਗਏ। ਜਿਸ ‘ਤੇ ਲੋਕ ਰੋਹ ਭਰਦਾ ਦੇਖ ਪੁਲੀਸ ਉਸ ਨੂੰ ਵਰਦੀ ਵਿੱਚ ਲਿਜਾਣ ‘ਤੇ ਮਜਬੂਰ ਹੋ ਗਈ। ਜ਼ਿਕਰਯੋਗ ਹੈ ਕਿ ਦੇਸੂਜੋਧਾ ਚੌਕੀ ਕਰੀਬ ਦੋ ਸਾਲ ਪਹਿਲਾਂ ਨਸ਼ਿਆਂ ’ਤੇ ਨੱਥ ਪਾਉਣ ਦੇ ਮੰਤਵ ਨਾਲ ਕਾਇਮ ਕੀਤੀ ਗਈ ਸੀ ਪਰ ਮਹਿਜ਼ ਦੋ ਸਾਲਾਂ ਚ ਇਹ ਚੌਕੀ ਵਿਵਾਦਾਂ ਚ ਘਿਰ ਗਈ।

InterServer Web Hosting and VPS

Source link