ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 25 ਜਨਵਰੀ

ਸ਼੍ਰੋਮਣੀ ਅਕਾਲੀ ਦਲ ਨੇ ਹਰਿਆਣਾ ਸਰਕਾਰ ਵੱਲੋਂ ਜਬਰ-ਜਨਾਹ ਦੇ ਦੋਸ਼ੀ ਰਾਮ ਰਹੀਮ ਨੂੰ ਸੂਬਾ ਪੱਧਰੀ ਸਮਾਗਮ ਵਾਸਤੇ ਸੱਦਾ ਦੇਣ ਨੂੰ ਨਿਆਂਇਕ ਪ੍ਰਕਿਰਿਆ ਲਈ ਚੁਣੌਤੀ ਕਰਾਰ ਦਿੱਤਾ। ਅਕਾਲੀ ਦਲ ਦੇ ਪੰਥਕ ਸਲਾਹਕਾਰ ਬੋਰਡ ਨੇ ਕਿਹਾ ਕਿ ਜਿਸ ਤਰ੍ਹਾਂ ਹਰਿਆਣਾ ਸਰਕਾਰ ਦੇ ਸਿਖਰਲੇ ਅਧਿਕਾਰੀ ਰਾਮ ਰਹੀਮ ਦਾ ਸਨਮਾਨ ਕਰ ਰਹੇ ਹਨ, ਜਿਸ ਨਾਲ ਸੱਭਿਅਕ ਸਮਾਜ ਵਿੱਚ ਗਲਤ ਸੰਦੇਸ਼ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਮੁੱਖ ਮੰਤਰੀ ਦੇ ਓਐੱਸਡੀ ਅਤੇ ਭਾਜਪਾ ਦੇ ਸੰਸਦ ਮੈਂਬਰ ਜਬਰ-ਜਨਾਹ ਦੇ ਦੋਸ਼ੀ ਨੂੰ ਸੂਬਾਈ ਸਮਾਗਮਾਂ ਵਾਸਤੇ ਸੱਦਾ ਦੇਣ ਲਈ ਜਾਣ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਅਦਾਲਤ ਦੀ ਮਾਣਹਾਨੀ ਦੇ ਸਾਮਾਨ ਹੈ। ਸਲਾਹਕਾਰ ਬੋਰਡ ਨੇ ਕਿਹਾ ਕਿ ਭਾਵੇਂ ਰਾਮ ਰਹੀਮ ਖ਼ਿਲਾਫ਼ ਫ਼ੌਜਦਾਰੀ ਕੇਸ ਬਕਾਇਆ ਹਨ ਪਰ ਇਸ ਦੇ ਬਾਵਜੂਦ ਹਰਿਆਣਾ ਸਰਕਾਰ ਉਸ ਨੂੰ ਵੀਵੀਆਈਪੀ ਵਜੋਂ ਮਾਣ-ਸਤਿਕਾਰ ਦੇ ਰਹੀ ਹੈ। ਬੋਰਡ ਨੇ ਕਿਹਾ ਕਿ ਰਾਮ ਰਹੀਮ ਨੂੰ ਤੁਰੰਤ ਪੱਛਮੀ ਬੰਗਾਲ ਵਰਗੇ ਕਿਸੇ ਹੋਰ ਸੂਬੇ ਵਿਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ।

ਡੇਰਾ ਮੁਖੀ ਨੇ ਸਿੱਖ ਕੱਕਾਰ ਦਾ ਅਪਮਾਨ ਕੀਤਾ: ਧਾਮੀ

ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਸਿੱਖਾਂ ਦੇ ਧਾਰਮਿਕ ਚਿੰਨ੍ਹ ਕਿਰਪਾਨ ਨਾਲ ਕੇਕ ਕੱਟ ਕੇ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਡੇਰਾ ਮੁਖੀ ਦੀ ਪੈਰੋਲ ਤੁਰੰਤ ਰੱਦ ਕਰਕੇ ਉਸ ਨੂੰ ਜੇਲ੍ਹ ਭੇਜਣ ਦੀ ਮੰਗ ਕੀਤੀ ਹੈ। ਧਾਮੀ ਨੇ ਕਿਹਾ ਕਿ ਡੇਰਾ ਮੁਖੀ ਜਾਣ-ਬੁੱਝ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਰਪਾਨ ਸਿੱਖਾਂ ਦਾ ਅਹਿਮ ਧਾਰਮਿਕ ਚਿੰਨ੍ਹ ਹੈ, ਜਿਸ ਦੀ ਤੌਹੀਨ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Source link