ਬਲਬੀਰ ਪਰਵਾਨਾ

ਰਾਮਗੜ੍ਹ ‘ਚ ਵੋਟਾਂ ਦੀਆਂ ਸਰਗਰਮੀਆਂ ਸਿਖਰ ਵੱਲ ਵਧ ਰਹੀਆਂ ਸਨ। ਜਿਉਂ-ਜਿਉਂ ਚੋਣਾਂ ਨੇੜੇ ਆ ਰਹੀਆਂ ਸਨ, ਮਾਹੌਲ ਦਿਨੋ-ਦਿਨ ਚੋਣ-ਬੁਖਾਰ ‘ਚ ਗ੍ਰਸਦਾ ਜਾਂਦਾ। ਹਰ ਪਾਸੇ ਚੋਣ-ਚਰਚਾ ਦੀਆਂ ਕਾਨਾਫੂਸੀਆਂ, ਸਰਗੋਸ਼ੀਆਂ ਹੋ ਰਹੀਆਂ ਲੱਗਦੀਆਂ। ਲਿੰਕ ਸੜਕ ਤੋਂ ਦਿਨ ‘ਚ ਅਨੇਕਾਂ ਗੱਡੀਆਂ ਲੰਘਦੀਆਂ, ਅਨੇਕਾਂ ਰੰਗਾਂ ਦੇ ਝੰਡੇ ਲਾਈ। ਮੂਹਰੇ ਬੰਨ੍ਹੇ ਸਪੀਕਰਾਂ ਤੋਂ ਪ੍ਰਚਾਰ ਦਾ ਧੁੱਤੂ ਨਿਰੰਤਰ ਹਵਾ ‘ਚ ਲਾਰਿਆਂ ਦੀਆਂ ਪੰਡਾਂ ਖਿਲਾਰਦਾ ਰਹਿੰਦਾ। ਨਾਅਰੇ ਵੀ ਲੱਗ ਰਹੇ ਹੁੰਦੇ। ਇਨ੍ਹਾਂ ਘੁੰਮ ਰਹੀਆਂ ਗੱਡੀਆਂ ‘ਚ ਪਿੰਡ ਦੇ ਕੁਝ ਲੋਕ ਵੀ ਚੜ੍ਹੇ ਫਿਰਦੇ ਸਨ।

ਇਸ ਚੋਣ ਮਾਹੌਲ ‘ਚ, ਸਭ ਤੋਂ ਘੱਟ ਜੇ ਕਿਸੇ ਘਰ ‘ਚ ਸਰਗਰਮੀ ਸੀ ਤਾਂ ਉਹ ਸਰਬਜੀਤ ਹੁਰਾਂ ਦਾ ਘਰ ਸੀ। ਸਰਬਜੀਤ ਇੱਕ-ਦੋ ਵਾਰ ਗਿਆ ਸੀ ਸੁਖਜੀਤ ਨਾਲ, ਪਰ ਉਹ ਉਸ ਨੂੰ ਪਸੰਦ ਨਹੀਂ ਸੀ। ਇਲਾਕੇ ‘ਚ ਉਸ ਦਾ ਅਕਸ ਵੀ ਚੰਗਾ ਨਹੀਂ ਸੀ। ਕਿਸਾਨਾਂ ਨੂੰ ਉਧਾਰ ਦਵਾਈਆਂ, ਖਾਦ, ਬੀਜਾਂ ‘ਤੇ ਉਹ ਮਹੀਨੇ ਦਾ ਦੋ ਫ਼ੀਸਦੀ ਵਿਆਜ ਲੈਂਦਾ, ਸਾਲ ਦਾ ਚੌਵੀ ਪ੍ਰਤੀਸ਼ਤ। ਅਗਲੀ ਹੋਰ ਵੀ ਮਾੜੀ ਗੱਲ ਕਿ ਇੱਕ ਸਾਲ ਕਿਸੇ ਤੋਂ ਪੈਸੇ ਨਾ ਮੁੜਦੇ ਤਾਂ ਅਗਲੇ ਸਾਲ ਲਈ ਵਿਆਜ ਇੱਕ ਸੌ ਦੀ ਥਾਂ, ਇੱਕ ਸੌ ਚੌਵੀ ‘ਤੇ ਲੱਗਣਾ ਸ਼ੁਰੂ ਹੋ ਜਾਂਦਾ। ਅੰਦੋਲਨ ‘ਚ ਉਸ ਦੀ ਇੱਕੋ-ਇੱਕ ਹਿੱਸੇਦਾਰੀ ਆਲੋਵਾਲ ਵਿਖੇ ‘ਫਤਿਹ ਰੈਲੀ’ ਵਾਲੇ ਦਿਨ ਪੰਡਾਲ ਲਾਉਣ ਦਾ ਪ੍ਰਬੰਧ ਕਰਨਾ ਸੀ। ਦੱਬੀ ਸੁਰ ‘ਚ ਇਸ ਬਾਰੇ ਵੀ ਗੱਲਾਂ ਨਿਕਲਣ ਲੱਗੀਆਂ ਸਨ; ਉਸ ਨੇ ਅੱਡੇ ‘ਚੋਂ, ਉਸ ਨਾਲੋਂ ਵੱਧ ਪੈਸੇ ਇਕੱਠੇ ਕੀਤੇ ਜਿੰਨਾ ਟੈਂਟ ‘ਤੇ ਖਰਚਾ ਆਇਆ। ਹਿਸਾਬ ਦੇਣ ਤੋਂ ਇਹ ਕਹਿ ਕੇ ਕਿਨਾਰਾ ਕਰ ਗਿਆ, ”ਮੈਂ ਕਿਤੇ ਨੋਟ ਹੀ ਨਹੀਂ ਕੀਤੇ! ਜਿਵੇਂ ਆਈ ਗਏ, ਖਰਚੀ ਗਿਆ।” ਗੱਲਾਂ ਤਾਂ ਇਹ ਵੀ ਨਿਕਲਣ ਲੱਗੀਆਂ ਸਨ ਕਿ ਬਹਾਦਰ ਸਿੰਘ ਦੇ ਮੁੰਡੇ ਵੱਲੋਂ ਲਈ ਮਹਿੰਦਰਾ ਜੀਪਾਂ ਦੀ ਏਜੰਸੀ ‘ਚ, ਉਸ ਦੀ ਵੀ ਭਾਈਵਾਲੀ ਸੀ। ਕੁਝ ਨਿਕਲਦੀਆਂ ਅਜਿਹੀਆਂ ਗੱਲਾਂ ਤੇ ਕੁਝ ਮਰੇ ਉਤਸ਼ਾਹ ਕਰਕੇ ਸਰਬਜੀਤ ਬਹੁਤਾ ਘਰ ਹੀ ਰਹਿੰਦਾ। ਲਗਾਤਾਰ ਘਰ ਰਹਿਣ ਕਰਕੇ ਉਸ ਨੂੰ ਸਿਮਰ ‘ਚ ਆ ਰਹੀ ਤਬਦੀਲੀ ਵੀ; ਨੇੜਿਓਂ ਦੇਖਣ, ਮਹਿਸੂਸ ਕਰਨ ਦਾ ਮੌਕਾ ਬਣ ਰਿਹਾ ਸੀ। ਸਿਮਰ ਦੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਨਿਡਰਤਾ ਨਾਲ ਕੀਤੇ ਸੁਆਲ, ਉਸ ਨੂੰ ਤੰਗ ਕਰਨ ਲੱਗੇ ਸਨ।

ਪਿੰਡ ‘ਚ ਪਹਿਲੀ ਵਾਰ ਹੋ ਰਿਹਾ ਸੀ ਕਿ ਵੋਟਾਂ ਮੰਗਣ ਲਈ ਆਏ ਲਗਭਗ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰਾਂ ਜਾਂ ਉਨ੍ਹਾਂ ਦੇ ਹਮਾਇਤੀਆਂ ਨੂੰ ਪੰਚਾਇਤ ਘਰ ‘ਚ ਹਾਰ ਨਹੀਂ ਸੀ ਪਾਏ ਜਾ ਰਹੇ ਜਾਂ ਉਨ੍ਹਾਂ ਨਾਲ ਖੜ੍ਹੇ ਹੋ ਕੇ ਫੋਟੋਆਂ ਖਿਚਵਾਉਣ ਦੀ ਹੋੜ ਨਹੀਂ ਸੀ ਲੱਗੀ ਸਗੋਂ ਸਵਾਲ ਕੀਤੇ ਜਾ ਰਹੇ ਸਨ। ਉਹ ਵੀ ਬੜੇ ਤਿੱਖੇ ਸਵਾਲ। ਸੁਰੇਸ਼ ਰੈਣਾ ਤਾਂ ਪਿੰਡ ‘ਚ ਵੜਿਆ ਹੀਂ ਨਹੀਂ ਸੀ, ਨਾ ਹੀ ਸੋਹਣ ਸਿੰਘ ਗਿੱਲ ਨੇ ਪਿੰਡ ‘ਚ ਇਕੱਠ ਕਰਨ ਦੀ ਕੋਸ਼ਿਸ਼ ਕੀਤੀ। ਉਂਜ ਉਹ ਸਵੇਰੇ ਹੀ ਤਿਆਰ ਹੋ ਘਰੋਂ ਨਿਕਲ ਜਾਂਦਾ। ਸ਼ਹਿਰ ਨਾਲ ਲੱਗਵੀਆਂ ਕਾਲੋਨੀਆਂ, ਮੁਹੱਲਿਆਂ ਜਾਂ ਕਿਸਾਨ ਅੰਦੋਲਨ ਦੇ ਕੁਝ ਘੱਟ ਪ੍ਰਭਾਵ ਵਾਲੇ ਪਿੰਡਾਂ ‘ਚ ਉਨ੍ਹਾਂ ਨੇ ਪ੍ਰਚਾਰ ਦੀ ਹਨੇਰੀ ਲਿਆਂਦੀ ਹੋਈ ਸੀ, ਪਰ ਕਿਸਾਨੀ ਪ੍ਰਭਾਵ ਵਾਲੇ ਪਿੰਡਾਂ ‘ਚ ਜਾਣ ਤੋਂ ਟਾਲਾ ਵੱਟਦੇ।

ਪੰਥਕ ਕਹਾਉਂਦੀ ਪਾਰਟੀ ਵੱਲੋਂ ਖੜ੍ਹੇ ਕੀਤੇ ਸੰਪੂਰਨ ਸਿੰਘ ਰੰਧਾਵਾ ਨੂੰ ਕਰਤਾਰ ਪਿੰਡ ‘ਚ ਲੈ ਕੇ ਆਇਆ। ਕਰਤਾਰ ਨੂੰ ਇਸ ਦਾ ਮਾਣ ਸੀ ਕਿ ਕਿਸਾਨੀ ਅੰਦੋਲਨ ‘ਚ ਉਹ ਦਿੱਲੀ ਟਰੈਕਟਰ ਲੈ ਕੇ ਗਿਆ ਸੀ, ਜਥੇਦਾਰ ਵੀ ਕਿੰਨਾ ਹੀ ਚਿਰ ਰਿਹਾ ਸੀ ਉੱਥੇ, ਪਰ ਸਿਮਰ ਹੋਰਾਂ ਨੇ ਪੰਚਾਇਤਘਰ ‘ਚ ਰੰਧਾਵੇ ਨੂੰ ਕਟਹਿਰੇ ‘ਚ ਖੜ੍ਹਾ ਕਰ ਲਿਆ। ਉਸ ਦੇ ਕੁਝ ਬੋਲਣਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਉਸ ਨੇ ਇਕੱਠ ‘ਚੋਂ ਉੱਠ ਕੇ ਕਿਹਾ, ”ਤੁਸੀਂ ਸਾਡੇ ਪਿੰਡ ‘ਚ ਆਏ ਹੋ, ਜੀ ਆਇਆਂ ਨੂੰ… ਵੋਟਾਂ ਵੇਲੇ ਹੀ ਸਹੀ, ਤੁਹਾਨੂੰ ਸਾਡੀ ਲੋੜ ਮਹਿਸੂਸ ਹੋਈ… ਸਭ ਤੋਂ ਪਹਿਲੀ ਤਾਂ ਇਹ ਗੱਲ ਦੱਸੋ, ਜਦੋਂ ਅਸੀਂ ਦਿੱਲੀ ਬੈਠੇ ਹੋਏ ਸੀ, ਇੱਥੇ ਟੋਲ ਪਲਾਜ਼ਿਆਂ ‘ਤੇ ਧੱਕੇ ਖਾ ਰਹੇ ਸੀ, ਤੁਸੀਂ ਕਿੰਨੀ ਵਾਰ ਇਹ ਪੁੱਛਣ ਲਈ ਆਏ ਬਈ ਤੁਹਾਨੂੰ ਤਕਲੀਫ਼ ਕੀ ਹੈ? ਫਿਰ ਜਦੋਂ ਆਰਡੀਨੈਂਸ ਆਇਆ, ਤੁਹਾਡੀ ਮੰਤਰੀ ਨੇ ਵਿਰੋਧ ‘ਚ ਉਦੋਂ ਹੀ ਅਸਤੀਫ਼ਾ ਕਿਉਂ ਨਾ ਦਿੱਤਾ…? …ਅਡਾਨੀ ਦੇ ਪੰਜਾਬ ‘ਚ ਭੰਡਾਰਨ-ਘਰ ਤੁਹਾਡੀ ਸਰਕਾਰ ਵੇਲੇ ਹੀ ਬਣਨੇ ਨਹੀਂ ਸੀ ਸ਼ੁਰੂ ਹੋ ਗਏ…? …ਤੁਹਾਡੀ ਸਿੱਖਿਆ ਤੇ ਸਿਹਤ ਬਾਰੇ ਕੀ ਨੀਤੀ ਹੈ? ਪਹਿਲਾਂ ਦਸ ਸਾਲ ਤੁਸੀਂ ਰਾਜ ਕੀਤਾ, ਉਦੋਂ ਵੀ ਸਾਡੇ ਪਿੰਡ ‘ਚ ਤਿੰਨ ਮਾਸਟਰ ਹੁੰਦੇ ਸੀ ਤੇ ਹੁਣ ਵੀ ਤਿੰਨ… ਅੱਠਵੀਂ ਤੱਕ ਦਾ ਸਕੂਲ ਤੇ ਤਿੰਨ ਮਾਸਟਰ… ਉਹ ਪੜ੍ਹਾਉਣਗੇ ਕਿਵੇਂ ਅੱਠ ਕਲਾਸਾਂ ਨੂੰ…? …ਤੁਹਾਡੇ ਬੱਚੇ ਸਰਕਾਰੀ ਸਕੂਲਾਂ ‘ਚ ਪੜ੍ਹਦੇ ਐ ਕਿ ਕਾਨਵੈਂਟ ਸਕੂਲਾਂ ‘ਚ…? …”

ਉਸ ਦੇ ਲੰਮੇ-ਚੌੜੇ ਸੁਆਲਾਂ ਦਾ ਜੁਆਬ ਦੇਣ ਲਈ ਰੰਧਾਵਾ ਉੱਠਿਆ ਤਾਂ ਉਸ ਨੇ ਗੱਲ ਇੱਥੋਂ ਸ਼ੁਰੂ ਕੀਤੀ, ”ਸਭ ਤੋਂ ਪਹਿਲਾਂ ਸਾਡੀ ਸਰਕਾਰ ਵੇਲੇ ਟਿਊਬਵੈੱਲਾਂ ਨੂੰ ਬਿਜਲੀ ਮੁਫ਼ਤ ਕਰਨ ਦੀ ਸ਼ੁਰੂਆਤ ਹੋਈ ਸੀ,” ਤਾਂ ਸਿਮਰ ਨੇ ਉਸ ਨੂੰ ਉੱਥੇ ਹੀ ਟੋਕ ਦਿੱਤਾ, ”ਇਹ ਸਾਡੇ ਸੁਆਲਾਂ ਦਾ ਜੁਆਬ ਨਹੀਂ। ਬਿਜਲੀ ਮੁਫ਼ਤ ਕੀਤੀ, ਗਲੀਆਂ-ਨਾਲੀਆਂ ਪੱਕੀਆਂ ਕੀਤੀਆਂ ਜਾਂ ਗ਼ਰੀਬਾਂ ਨੂੰ ਪੰਜ-ਪੰਜ ਕਿੱਲੋ ਆਟਾ ਮੁਫ਼ਤ ਦਿੱਤਾ… ਅਸੀਂ ਇਨ੍ਹਾਂ ਸਸਤੀ ਸ਼ੁਹਰਤ ਵਾਲੀਆਂ ਸਕੀਮਾਂ ਦੀ ਗੱਲ ਨਹੀਂ ਕਰਦੇ ਜਿਹੜੀਆਂ ਲੋਕਾਂ ਨੂੰ ਕੰਮ ਜਾਂ ਉਨ੍ਹਾਂ ਦੀਆਂ ਫ਼ਸਲਾਂ ਦੇ ਸਹੀ ਮੁੱਲ ਨਾ ਦੇ ਕੇ, ਮੰਗਤੇ ਬਣਾਉਣ ਵੱਲ ਲੈ ਕੇ ਜਾਂਦੀਆਂ, ਉਨ੍ਹਾਂ ਦੀ ਜ਼ਮੀਰ ਮਾਰਨ ਵੱਲ… ਸਾਡੇ ਸਵਾਲ ਤਾਂ ਮੁੱਢਲੇ ਆਧਾਰ-ਢਾਂਚੇ ਬਾਰੇ ਹਨ। ਅਸੀਂ ਉਨ੍ਹਾਂ ਦਾ ਜਵਾਬ ਚਾਹੁੰਦੇ ਹਾਂ… ਪਿਛਲੇ ਪੰਜ ਸਾਲਾਂ ਦੀ ਗੱਲ ਛੱਡੋ, ਉਸ ਤੋਂ ਪਹਿਲਾਂ ਦਸ ਸਾਲ ਤੁਹਾਡੀ ਪਾਰਟੀ ਦੀ ਸਰਕਾਰ ਰਹੀ ਐ। ਉਨ੍ਹਾਂ ਸਾਲਾਂ ਦੌਰਾਨ ਕਿੰਨੇ ਮੁੰਡੇ-ਕੁੜੀਆਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ? ਕੋਈ ਤਾਂ ਡਾਟਾ ਦੱਸੋ…? …ਇੰਜੀਨੀਅਰ, ਬੀ.ਐੱਡ., ਐੱਮ.ਬੀ.ਏ., ਨਰਸਿੰਗ ਦੀਆਂ ਡਿਗਰੀਆਂ ਕਰੀ, ਦੋ ਦਰਜਨ ਤੋਂ ਵੱਧ ਮੁੰਡੇ-ਕੁੜੀਆਂ ਤਾਂ ਸਾਡੇ ਪਿੰਡ ‘ਚ ਹੀ ਵਿਹਲੇ ਤੁਰੇ-ਫਿਰਦੇ ਐ ਜਾਂ ਝੱਟ ਲੰਘਾਉਣ ਲਈ ਦਸ-ਦਸ, ਬਾਰਾਂ-ਬਾਰਾਂ ਹਜ਼ਾਰ ਦੀਆਂ ਪ੍ਰਾਈਵੇਟ ਨੌਕਰੀਆਂ ‘ਚ ਧੱਕੇ ਖਾਂਦੇ ਨੇ… ਕਈਆਂ ਨੂੰ ਤਾਂ ਇਹ ਹੱਥ-ਅੜਾਈ ਵੀ ਨਹੀਂ ਹੁੰਦੀ! ਤੁਹਾਡੀ ਰੁਜ਼ਗਾਰ ਬਾਰੇ ਨੀਤੀ ਕੀ ਹੈ?”

ਰੰਧਾਵਾ ਝਾਕੇ ਇਧਰ ਉੱਧਰ। ਜਥੇਦਾਰ ਨੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ”ਸਿਮਰ, ਤੂੰ ਸਿਆਣਾ ਮੁੰਡਾ ਐਂ… ਵੋਟ ਤਾਂ ਹਰ ਇੱਕ ਨੇ ਆਪਣੀ ਮਰਜ਼ੀ ਅਨੁਸਾਰ ਪਾਉਣੀ ਐ… ਕੋਈ ਜ਼ਬਰਦਸਤੀ ਨੀ ਪੁਆ ਸਕਦਾ! ਇਹ ਆਪਣੀ ਗੱਲ ਕਹਿਣ ਆਏ ਐ, ਉਹ ਸੁਣੋ… ਜਿਹੜੀ ਪਾਰਟੀ ਚੰਗੀ ਲੱਗੀ, ਵੋਟ ਉਸ ਨੂੰ ਪਾ ਦੇਣੀ!” ਅੰਦੋਲਨ ਦੌਰਾਨ ਉਸ ਦੀ ਕੁਝ ਕੁ ਮਾਨਸਿਕ ਸਾਂਝ ਸਿਮਰ ਨਾਲ ਬਣ ਚੁੱਕੀ ਸੀ। ਉਸ ਨੇ ਇਸੇ ਮਾਣ ‘ਚ ਕਿਹਾ ਪਰ ਸਿਮਰ ਨੇ ਬਿਨਾਂ ਝਿਪਿਆਂ, ਕੁਝ ਕੁ ਨਿਮਰ ਹੋ ਕੇ, ਪਰ ਪੂਰੀ ਦ੍ਰਿੜ੍ਹਤਾ ਨਾਲ ਕਿਹਾ, ”ਬਾਬਾ ਜੀ, ਤੁਹਾਡੀ ਮੈਂ ਬਹੁਤ ਇੱਜ਼ਤ ਕਰਦਾਂ, ਪਰ ਰਾਜਨੀਤੀ ਦੇ ਸਵਾਲ ਇਸ ਤੋਂ ਵੱਖਰੇ ਹਨ… ਇਹ ਪੰਜ ਸਾਲਾਂ ਬਾਅਦ ਆਉਂਦੇ ਐ, ਕੁਝ ਵਾਅਦੇ ਕਰਦੇ ਐ। ਉਹ ਵੀ ਗਲੀਆਂ-ਨਾਲੀਆਂ ਪੱਕੀਆਂ ਕਰਨ, ਸੜਕਾਂ ਬਣਾਉਣ ਜਾਂ ਕਿਸੇ ਕਲੱਬ ਨੂੰ ਗਰਾਂਟ ਦੇਣ ਵਰਗੇ… ਆਧਾਰ-ਢਾਂਚਾ ਇਨ੍ਹਾਂ ਨੇ ਤਬਾਹ ਕਰ ਦਿੱਤਾ! ਲੋਕਾਂ ਨੂੰ ਅਨਪੜ੍ਹਤਾ, ਬੇਰੁਜ਼ਗਾਰੀ, ਭੁੱਖਮਰੀ ਵੱਲ ਧੱਕ ਕੇ ਅੱਠ-ਅੱਠ, ਦਸ-ਦਸ ਲੇਨਾਂ ਦੀਆਂ ਸੜਕਾਂ ਬਣ ਰਹੀਆਂ, ਐਕਸਪ੍ਰੈੱਸ-ਵੇਅ… ਇਨ੍ਹਾਂ ਦਾ ਸਾਡੇ ਪਿੰਡ ਦੇ ਲੋਕਾਂ ਨੂੰ ਕੀ ਫਾਇਦਾ ਜਿਨ੍ਹਾਂ ਕੋਲ ਖਾਣ ਲਈ ਰੋਟੀ ਨਹੀਂ…? …ਇਹ ਤਾਂ ਆਪਣੇ ਪ੍ਰਿਤਪਾਲਕ ਕਾਰਪੋਰੇਟਾਂ ਦੇ ਹਿੱਤਾਂ ਅਨੁਸਾਰ ਬਣਾ ਰਹੇ ਐ ਕਿ ਉਨ੍ਹਾਂ ਦੇ ਅਠਾਰਾਂ-ਅਠਾਰਾਂ, ਬਾਈ-ਬਾਈ ਟਾਇਰਾਂ ਵਾਲੇ ਟਰਾਲੇ, ਬਿਨਾਂ ਬਰੇਕ ਲਾਇਆਂ ਦੇਸ਼ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ, ਮੰਡੀ ਦੀਆਂ ਲੋੜਾਂ ਅਨੁਸਾਰ ਮਾਲ ਢੋਅ ਸਕਣ…”

ਜਥੇਦਾਰ ਦੀ ਮੁੜ ਗੱਲ ਕਰਨ ਦੀ ਹਿੰਮਤ ਨਾ ਹੋਈ, ਨਾ ਹੀ ਰੰਧਾਵੇ ਦੀ। ਇਸ ਲਈ ਨਹੀਂ ਕਿ ਉਹ ਕਰ ਨਹੀਂ ਸੀ ਸਕਦੇ! ਨਹੀਂ… ਇਸ ਲਈ ਕਿ ਬਿੰਦੂ ਤੇ ਬਚਨ ਮੋਬਾਈਲ ‘ਤੇ ਗੱਲਬਾਤ ਨੂੰ ਫੇਸਬੁੱਕ ਰਾਹੀਂ ‘ਲਾਈਵ’ ਚਲਾ ਰਹੇ ਸਨ… ਤੇ ਕੋਈ ਕੀਤੀ ਮਾੜੀ ਜਿਹੀ ਵੀ ਕੁਤਾਹੀ, ਉਨ੍ਹਾਂ ਨੂੰ ਪਿੰਡ ਤਾਂ ਕੀ, ਇਲਾਕੇ ‘ਚ ਵੀ ਨੁਕਸਾਨ ਪਹੁੰਚਾ ਸਕਦੀ ਸੀ।

”ਚਲੋ ਜਿਵੇਂ ਤੁਹਾਡੀ ਮਰਜ਼ੀ… ਅਸੀਂ ਬੇਨਤੀ ਕਰਨੀ ਸੀ, ਕਰ ਚੱਲੇ ਹਾਂ!” ਰੰਧਾਵਾ ਬਿਨਾਂ ਜਵਾਬ ਉਡੀਕੇ ਉੱਠ ਕੇ ਤੁਰ ਪਿਆ। ਉਸ ਨਾਲ ਹੀ ਜਥੇਦਾਰ ਉੱਠ ਪਿਆ ਤੇ ਕਰਤਾਰ ਵੀ। ਇਹ ਪਹਿਲੀ ਵਾਰ ਹੋਇਆ ਸੀ, ਉਨ੍ਹਾਂ ਨਾਲ ਉੱਠ ਕੇ ਤੁਰਨ ਵਾਲਿਆਂ ‘ਚ ਜਥੇਦਾਰ ਦੇ ਪਰਿਵਾਰ ਤੋਂ ਬਿਨਾਂ, ਬੱਸ ਦੋ ਚਾਰ ਜਣੇ ਹੀ ਹੋਰ ਗਏ। ਬਹੁਤੇ ਲੋਕ ਉੱਥੇ ਬੈਠੇ ਰਹੇ। ਉਨ੍ਹਾਂ ‘ਚੋਂ ਬਹੁਤੇ ਅੱਜ ਤੱਕ ਇਸ ਪਾਰਟੀ ਦੇ ਹਮਾਇਤੀ ਰਹੇ ਸਨ ਸਮੇਤ ਦਿਆਲ ਦੇ। ਪਿੰਡ ਦੇ ਇਕੱਠ ‘ਚ ਖੜ੍ਹੇ ਕੀਤੇ ਸਵਾਲਾਂ ਤੋਂ ਮੂੰਹ ਮੋੜਨਾ, ਉਨ੍ਹਾਂ ਨੂੰ ਔਖਾ ਲੱਗਿਆ; ਸਵਾਲਾਂ ਤੋਂ ਵੀ ਬਹੁਤਾ ਸਿਮਰ ਤੋਂ!

ਸੱਤਾਧਾਰੀ ਪਾਰਟੀ ਵਾਲੇ ਸੰਘੇ ਨੂੰ ਤਾਂ ਹੋਰ ਵੀ ਜ਼ਲੀਲ ਹੋਣਾ ਪਿਆ। ਸਿਮਰ ਨੇ ਸਿੱਧਾ ਹੀ ਕਿਹਾ, ”ਤੁਸੀਂ ਛੇ ਮਹੀਨੇ ਪਹਿਲਾਂ ਤੱਕ ਅਕਾਲੀ ਸੀ! ਉਨ੍ਹਾਂ ਤੋਂ ਟਿਕਟ ਚਾਹੁੰਦੇ ਸੀ… ਉਧਰੋਂ ਆਸ ਨਾ ਬਣੀ ਤਾਂ ਕਾਂਗਰਸੀ ਹੋ ਗਏ… ਸਾਨੂੰ ਸਿਰਫ਼ ਇਹ ਦੱਸੋ, ਛੇ ਮਹੀਨੇ ਪਹਿਲਾਂ ਤੱਕ ਜੋ ਕੁਝ ਤੁਸੀਂ ਕਹਿੰਦੇ ਸੀ, ਉਹ ਠੀਕ ਸੀ ਜਾਂ ਜੋ ਹੁਣ ਕਹਿ ਰਹੋ ਹੋ, ਉਹ ਠੀਕ… ਜੇ ਛੇ ਮਹੀਨੇ ਪਹਿਲਾਂ ਤੱਕ ਕਾਂਗਰਸ ਸਿੱਖਾਂ ਦੀ ਕਾਤਲ, ਪਰਿਵਾਰਵਾਦ ਦੀ ਪਾਰਟੀ ਸੀ। ਦਿੱਲੀ ਤੋਂ ਹੁਕਮਾਂ ਅਨੁਸਾਰ ਚਲਦੀ ਸੀ ਤਾਂ ਅੱਜ ਇਹ ਸੈਕੂਲਰ, ਪੰਜਾਬ ਦੇ ਹੱਕਾਂ ਲਈ ਲੜਨ ਵਾਲੀ ਕਿਵੇਂ ਹੋ ਗਈ?”

”ਇਹ ਪਿੰਡ ਤੁਹਾਡਾ ਇਕੱਲਿਆਂ ਦਾ ਨਹੀਂ ਕਿ ਤੁਸੀਂ ਪਿੰਡ ‘ਚ ਆਏ ਹਰ ਆਗੂ ਦੀ ਬੇਇੱਜ਼ਤੀ ਕਰਦੇ ਰਹੋ… ਇਹ ਸਾਡਾ ਵੀ ਪਿੰਡ ਹੈ… ਇੱਥੇ ਕਿਉਂ ਕੋਈ ਪਾਰਟੀ ਵਾਲਾ ਆ ਕੇ ਆਪਣੀ ਗੱਲ ਨੀ ਕਰ ਸਕਦਾ?” ਗੁਰਲਾਲ ਕੁਝ ਔਖਾ ਹੋ ਕੇ ਬੋਲਿਆ। ਸੰਘੇ ਨੂੰ ਟੋਕਿਆ ਜਾਣਾ, ਉਸ ਨੂੰ ਆਪਣੀ ਨਿੱਜੀ ਹੇਠੀ ਬਹੁਤੀ ਲੱਗੀ ਸੀ; ਫਿਰ ਜਦੋਂ ਉਸ ਦਾ ਬਾਪ ਸਰਪੰਚ ਹੋਵੇ ਤੇ ਉਨ੍ਹਾਂ ਦਾ ਘਰ ਪਿੰਡ ਦੇ ਦੋ-ਚਾਰ ਸਰਦੇ-ਪੁੱਜਦੇ ਘਰਾਂ ‘ਚੋਂ ਵੀ ਹੋਵੇ!

”ਪਿੰਡ ਸਾਂਝਾ ਹੈ! ਤੁਹਾਡਾ ਹੈ ਤਾਂ ਸਾਡਾ ਕਿਉਂ ਨਹੀਂ? ਅਸੀਂ ਕਿਉਂ ਸਵਾਲ ਨਹੀਂ ਪੁੱਛ ਸਕਦੇ? ਤੁਸੀਂ ਆਪਣੀਆਂ ਨੀਤੀਆਂ ਤੇ ਯੋਜਨਾਵਾਂ ਸਾਂਝੀਆਂ ਕਰੋ ਜਿਹੜੀਆਂ ਨੂੰ ਲੈ ਕੇ ਤੁਸੀਂ ਵੋਟਾਂ ਮੰਗਣ ਆਏ ਹੋ… ਥਾਣੇ ਫੜੌਣ-ਛਡੌਣ ਦੀ ਰਾਜਨੀਤੀ ਬਹੁਤ ਹੋ ਚੁੱਕੀ!”

”ਹੁਣ ਰਾਜਨੀਤੀ ਤੈਥੋਂ ਪੁੱਛ ਕੇ ਹੋਊ… ਜਿਨ੍ਹਾਂ ਨੇ ਉਮਰਾਂ ਗਾਲੀਆਂ, ਉਨ੍ਹਾਂ ਨੂੰ ਰਾਜਨੀਤੀ ਦੀ ਸਮਝ ਨੀ?” ਰੰਧਾਵੇ ਨੇ ਗੁਸੈਲੀ ਸੁਰ ‘ਚ ਕਿਹਾ।

”ਉਨ੍ਹਾਂ ਨੂੰ ਲੁੱਟਣ ਦੀ ਸਮਝ ਹੈ, ਲੋਕਾਂ ਨੂੰ ਮੂਰਖ ਬਣਾਉਣ ਦੀ… ਜੇ ਬੜੀ ਸੱਚੀ-ਸੁੱਚੀ ਰਾਜਨੀਤੀ ਦੀਆਂ ਗੱਲਾਂ ਕਰਦੇ ਹੋ ਤਾਂ ਇਹ ਦੱਸੋ, ਤੁਹਾਡੇ ਭੱਠਿਆਂ ਦੀ ਲੇਬਰ ਨੂੰ ਕਿਰਤ-ਕਾਨੂੰਨਾਂ ਅਨੁਸਾਰ ਮਜ਼ਦੂਰੀ ਦਿੱਤੀ ਜਾਂਦੀ ਹੈ…? ਸ਼ਰਾਬ ਦੇ ਠੇਕਿਆਂ ਦਾ ਕਿੰਨਾ ਟੈਕਸ ਜਮ੍ਹਾਂ ਹੁੰਦਾ ਤੇ ਕਿੰਨੀ ਦੋ ਨੰਬਰ ‘ਚ ਵਿਕਦੀ ਐ? ਕਿੰਨੇ ਕਰੈਸ਼ਰਾਂ ‘ਚ ਹਿੱਸੇਦਾਰੀ ਐ ਜਿਨ੍ਹਾਂ ਬਾਰੇ ਰੋਜ਼ ਅਖ਼ਬਾਰਾਂ ‘ਚ ਰੌਲਾ ਪੈਂਦਾ!”

”ਇਹ ਕਿਉਂ ਦੱਸਣ? ਤੂੰ ਕੌਣ ਹੁੰਨੈ ਪੁੱਛਣ ਵਾਲਾ?” ਗੁਰਲਾਲ ਗੁੱਸੇ ‘ਚ ਵਾਭਰਿਆ ਤਾਂ ਦਿਆਲ ਨੇ ਉਸ ਨੂੰ ਉਸੇ ਸੁਰ ‘ਚ ਮੋੜ ਦਿੱਤਾ, ”ਉਹ ਦਲੀਲ ਨਾਲ ਗੱਲ ਰਿਹੈ, ਤੁਸੀਂ ਵੀ ਦਲੀਲ ਨਾਲ ਗੱਲ ਕਰੋ! ਵਾਧੂ ਬੋਲਣ ਜਾਂ ਗਰਮੀ ‘ਚ ਆਉਣ ਦੀ ਲੋੜ ਨੀ! ਅਸੀਂ ਦੇਖ ਰਹੇ ਹਾਂ, ਸਾਰਾ ਕੁਝ ਸਮਝ ਰਹੇ ਹਾਂ।” ਬਿੰਦੂ ਹੋਰੀਂ ਮੋਬਾਈਲ ਤੋਂ ਲਾਈਵ ਵੀਡੀਓ ਚਲਾ ਰਹੇ ਸਨ। ਦਿਆਲ ਦੀ ਗੱਲ ਨੇ ਮਾਹੌਲ ਇਕਦਮ ਸਿਮਰ ਦੇ ਹੱਕ ‘ਚ ਤਬਦੀਲ ਕਰ ਦਿੱਤਾ। ਇਸ ਗੱਲ ਨੂੰ ਗੁਰਲਾਲ ਨੇ ਮਹਿਸੂਸ ਕਰ ਲਿਆ ਤਾਂ ਉਨ੍ਹਾਂ ਕੋਲ ਉੱਠ ਕੇ ਤੁਰਨ ਤੋਂ ਬਿਨਾਂ ਕੋਈ ਰਾਹ ਨਾ ਰਿਹਾ! ਉਹ ਚਲੇ ਗਏ ਤਾਂ ਬਚੇ ਇਕੱਠ ਨੂੰ ਸੰਬੋਧਨ ਕਰਦਿਆਂ ਸਿਮਰ ਨੇ ਕਿਹਾ, ”ਸਾਡਾ ਕਿਸੇ ਪਾਰਟੀ ਵਿਸ਼ੇਸ਼ ਨਾਲ ਵਿਰੋਧ ਨਹੀਂ, ਨਾ ਹੀ ਕਿਸੇ ਦੇ ਹੱਕ ‘ਚ ਹਾਂ। ਅਸੀਂ ਤਾਂ ਹਰ ਇੱਕ ਨੂੰ ਪਿੰਡ ਦੀ ਕਚਹਿਰੀ ‘ਚ ਪੁੱਛਣਾ ਚਾਹੁੰਦੇ ਹਾਂ, ਤੁਸੀਂ ਸਾਡੇ ਪਿੰਡ, ਇਸ ਪਿੰਡ ਦੇ ਲੋਕਾਂ, ਨਵੀਂ ਪੀੜ੍ਹੀ ਦੀ ਬਿਹਤਰੀ ਲਈ ਕੀ ਕੀਤਾ ਜਾਂ ਭਵਿੱਖ ‘ਚ ਕੀ ਯੋਜਨਾਵਾਂ ਹਨ? ਸਵਾਲ ਤੁਹਾਡੇ ਸਾਹਮਣੇ ਹਨ ਤੇ ਉਨ੍ਹਾਂ ਦੇ ਜਵਾਬ ਵੀ…। …ਵੋਟਾਂ ਵਾਲੇ ਦਿਨ ਇਸ ਸਭ ਕੁਝ ਨੂੰ ਜ਼ਿਹਨ ‘ਚ ਰੱਖ ਕੇ, ਜਿੱਥੇ ਤੁਹਾਡੀ ਜ਼ਮੀਰ ਇਜਾਜ਼ਤ ਦੇਵੇ, ਵੋਟ ਪਾਉਣੀ… ਇਹ ਸੋਚ ਕੇ ਪਾਉਣੀ, ਅਸੀਂ ਆਪਣੇ ਪੁੱਤ-ਪੋਤਰਿਆਂ, ਦੋਹਤੇ-ਦੋਹਤੀਆਂ ਦਾ ਭਵਿੱਖ ਚੁਣਨ ਵੱਲ ਜਾ ਰਹੇ ਹਾਂ… ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ… ਪਾਰਟੀਆਂ ਦੇ ਨਾਲ-ਨਾਲ ‘ਨੋਟਾ’ ਦਾ ਬਦਲ ਵੀ ਤੁਹਾਡੇ ਸਾਹਮਣੇ ਹੋਵੇਗਾ?” ਉਹ ਭਾਵੇਂ ਘੱਟ ਗੱਲਾਂ ਕਰਦਾ ਸੀ, ਪਰ ਉਹ ਗੱਲਾਂ ਪਿੰਡ ਦੀ ਰਵਾਇਤੀ ਰਾਜਨੀਤੀ ਦੇ ਗਲ ਦੀ ਹੱਡੀ ਬਣਦੀਆਂ ਜਾ ਰਹੀਆਂ ਸਨ, ਖ਼ੁਦ ਉਸ ਦੇ ਆਪਣੇ ਸਾਹਮਣੇ ਵੀ! ਉਸ ਨੂੰ ਲੱਗਦਾ, ਜੋ ਕੁਝ ਉਹ ਕਹਿ ਰਿਹਾ, ਉਸ ਦਾ ਪਰਤੌਅ ਉਸ ਦੀ ਆਪਣੀ ਜ਼ਿੰਦਗੀ ‘ਚੋਂ ਵੀ ਝਲਕਣਾ ਚਾਹੀਦਾ ਹੈ! ਉਸ ਦੀ ਜ਼ਿੰਦਗੀ ਦੀ ਸੇਧ ਇਸ ਰਾਹ ‘ਤੇ ਤੁਰ ਰਹੀ ਹੋਵੇ! ਇਹ ਨਹੀਂ ਕਿ ਕਹਿਣਾ ਕੁਝ ਹੋਰ ਤੇ ਕਰਨਾ ਕੁਝ ਹੋਰ…? …ਕਥਨੀ ਤੇ ਕਰਨੀ ਦੇ ਫ਼ਰਕ ਨੂੰ ਮੇਟਣ ਲਈ, ਉਹ ਹੋਰ ਵੀ ਦ੍ਰਿੜ੍ਹ ਹੁੰਦਾ ਰਹਿੰਦਾ। ਆਪਣੇ ਆਪ ਨੂੰ ਹੋਰ ਸਪੱਸ਼ਟ ਕਰਨ, ਚੁਫ਼ੇਰੇ ਨੂੰ ਵਧੇਰੇ ਨੀਝ ਨਾਲ ਸਮਝਣ ਲਈ ਪੜ੍ਹਨ ‘ਚ ਹੋਰ ਡੂੰਘਾ ਉਤਰਦਾ ਜਾਂਦਾ! ਦੁਖੀ ਵੀ ਹੁੰਦਾ, ”ਅੰਦੋਲਨ ਦੀ ਸਿਖਰ ਚੜ੍ਹੀ ਹੋਈ ਕਾਂਗ ਕਿਵੇਂ ਖਿੰਡ ਗਈ?”

ਗੁਰਮੇਜੋ ਦੀ ਚਿੜ ਵੀ ਵਧਣ ਲੱਗੀ ਸੀ, ”ਇਹ ਕੀ ਹੋਇਆ, ਸਾਰਾ ਦਿਨ ਪੜ੍ਹੀ ਹੀ ਜਾਣਾ! ਹੋਰ ਕੁਝ ਨੀ ਤਾਂ ਪਾਲ ਵਾਂਗ ਸਬਜ਼ੀ ਦਾ ਹੀ ਕਰਨ ਲੱਗ ਜਾ… ਬਥੇਰੇ ਪੈਸੇ ਐ ਇਸ ‘ਚ… ਸੰਦ ਸਾਰੇ ਘਰਦੇ ਹੈ ਹੀ…! …ਬੰਦੇ ਨੂੰ ਜਾਨ ਮਾਰ ਕੇ ਕੰਮ ਕਰਨਾ ਚਾਹੀਦਾ!” ਉਸ ਦੇ ਮਨ ‘ਚ ਜ਼ਿੰਦਗੀ ਦੀ ਸਫ਼ਲਤਾ ਦੇ ਮਿਆਰ ਇਸ ਗੱਲ ਨਾਲ ਜੁੜੇ ਹੋਏ ਸਨ ਕਿ ਤੁਹਾਡਾ ਘਰ ਕਿੰਨਾ ਵੱਡਾ ਹੈ, ਗੱਡੀ ਕਿਹੋ ਜਿਹੀ ਹੈ, ਕਿੰਨੀ ਆਮਦਨ ਆਉਂਦੀ ਹੈ, ਕਿੰਨੇ ਪੈਸੇ ਜਮ੍ਹਾਂ ਹਨ ਤੇ ਕਿੰਨੀਆਂ ਹੋਰ ਸੁੱਖ-ਸਹੂਲਤਾਂ ਹਨ। ਉਸ ਨੂੰ ਇਸ ਗੱਲ ਲਈ ਵੀ ਗੁੱਸਾ ਚੜ੍ਹਨ ਲੱਗਦਾ ਕਿ ਉਸ ਨੂੰ ਮੌਕਾ ਸਾਂਭਣਾ ਨਹੀਂ ਆਉਂਦਾ। ਅਕਸਰ ਉਸ ਨੂੰ ਬਾਹਰੋਂ ਕੋਈ ਨਾ ਕੋਈ ਫੋਨ ਆਇਆ ਰਹਿੰਦਾ ਸੀ। ਕੋਈ ਉਸ ਦੀ ਆਰਥਿਕ ਮਦਦ ਕਰਨੀ ਚਾਹੁੰਦਾ ਜਾਂ ਜੇ ਬਾਹਰ ਆਉਣ ਦੀ ਇੱਛਾ ਹੋਵੇ ਤਾਂ ਬਾਹਰ ਲੰਘਾਉਣ ਲਈ ਵੀ ਤਤਪਰ। ਉਹ ਗੱਲ ਦਾ ਉੱਥੇ ਹੀ ਭੋਗ ਪਾ ਦਿੰਦਾ, ਪਰ ਗੁਰਮੇਜੋ ਬੋਲਣ ਲੱਗਦੀ, ”ਲੋਕ ਤਾਂ ਸੌ-ਸੌ ਪਾਪੜ ਵੇਲਦੇ ਐ ਬਾਹਰ ਲੰਘਣ ਲਈ… ਲੱਖਾਂ ਰੁਪਏ ਖਰਚ ਕੇ ਵੀ ਕਈਆਂ ਦਾ ਕੰਮ ਨੀ ਬਣਦਾ… ਧੱਕੇ ਖਾਂਦੇ ਐ ਜੰਗਲਾਂ, ਰੇਗਿਸਤਾਨਾਂ ‘ਚ… ਕੋਈ ਪਾਣੀ ਵਾਲੇ ਜਹਾਜ਼ਾਂ ‘ਚ ਲੁਕ ਕੇ ਪੁੱਜਦਾ… ਇਹ ਲਾਟ ਸਾਬ੍ਹ ਘਰ ਆਏ ਮੌਕਿਆਂ ਨੂੰ ਠੇਡੇ ਮਾਰਦਾ!”

ਉਸ ਨੂੰ ਅਹਿਸਾਸ ਸੀ ਸਾਰੇ ਸੱਦੇ ਜਾਂ ਪੇਸ਼ਕਸ਼ਾਂ ਉਸਦੇ ਨਾਇਕਤਵ ਦੇ ਜਲੌਅ ਕਰਕੇ ਹਨ ਜਿਹੜਾ ਉਸ ਨੂੰ ਕਿਸਾਨ ਅੰਦੋਲਨ ਨੇ ਦਿੱਤਾ ਸੀ। ਕੀ ਉਹ ਇਸ ਨਾਇਕਤਵ ਨੂੰ ਨਿੱਜੀ ਕਰੀਅਰ ਦੀ ਬਲੀ ਚਾੜ੍ਹ ਦੇਵੇ? ਉਸ ‘ਚ ਤੇ ਦੂਸਰੇ ਆਗੂਆਂ ‘ਚ ਕੀ ਫ਼ਰਕ ਹੋਇਆ ਫਿਰ? ਬਹਾਦਰ ਸਿੰਘ ਵਰਗਿਆਂ ਨੇ ਵੀ ਇੱਕ ਦੌਰ ‘ਚ ਜਥੇਬੰਦੀਆਂ ਖੜ੍ਹੀਆਂ ਕਰਨ ‘ਚ ਭੂਮਿਕਾ ਤਾਂ ਨਿਭਾਈ ਹੀ ਸੀ। ਇਹ ਵੱਖਰੀ ਗੱਲ ਹੈ ਕਿ ਉਸ ਭੂੁਮਿਕਾ ਨੂੰ ਪਿਛਲੇ ਡੇਢ-ਦੋ ਦਹਾਕਿਆਂ ਤੋਂ ਆਪਣੇ ਨਿੱਜ ਨੂੰ ਉਤਾਂਹ ਚੁੱਕਣ ਲਈ ਵਰਤ ਰਹੇ ਸਨ ਜਿਸ ਕਰਕੇ ਲੋਕਾਂ ‘ਚ ਨਾਂਹਪੱਖੀ ਅਕਸ ਬਣਦਾ ਜਾ ਰਿਹਾ ਸੀ, ਜਥੇਬੰਦੀਆਂ ਦਾ ਜਨਤਕ ਪ੍ਰਭਾਵ ਸੁੰਗੜ ਕੇ ਕਾਰਕੁੰਨਾਂ ਤੱਕ ਸੀਮਤ ਹੁੰਦਾ ਗਿਆ। ਉਨ੍ਹਾਂ ‘ਚੋਂ ਕੁਝ ਤਾਂ ਗਰਜ਼ਾਂ ਕਰਕੇ ਆਗੂਆਂ ਨਾਲ ਜੁੜੇ ਹੋਏ ਸਨ ਤੇ ਕੁਝ ਦੇ ਮਨ ‘ਚ ਤਬਦੀਲੀ ਦੀ ਚਾਹਤ ਵੀ ਸੀ, ਪਰ ਸਾਹਮਣੇ ਹੋਰ ਕੁਝ ਸੀ ਹੀ ਨਹੀਂ। ਦੂਸਰੀਆਂ ਜਥੇਬੰਦੀਆਂ, ਪਾਰਟੀਆਂ ‘ਚ ਵੀ ਇਹੀ ਹਾਲ ਸੀ। ਬੋਲ ਕੇ ਉਸ ਨੇ ਸਿਰਫ਼ ਇੰਨਾ ਹੀ ਕਿਹਾ, ”ਮੰਮੀ, ਕੀ ਬਾਹਰ ਜਾਣਾ ਹੀ ਜ਼ਿੰਦਗੀ ਹੈ… ਤੇਰੇ ਖਿਆਲ ‘ਚ ਇਸ ਦੇਸ਼ ‘ਚ ਜਿਹੜੇ ਕਰੋੜਾਂ ਲੋਕ ਜੀਊ ਰਹੇ ਐ, ਉਨ੍ਹਾਂ ਦੀ ਕੋਈ ਜ਼ਿੰਦਗੀ ਨਹੀਂ…? ਜਿਵੇਂ ਦੀ ਜ਼ਿੰਦਗੀ ਹੁਣ ਤੱਕ ਜੀਵੀ ਹੈ, ਉਸ ‘ਤੇ ਤੂੰ ਮਾਣ ਕਿਉਂ ਨਹੀਂ ਕਰਦੀ?”

”ਹੈ ਕੀ ਕੋਲ…? …ਟੁੱਟਾ ਜਿਹਾ ਘਰ, ਗੱਡੀ ਵੀ ਕੋਲ ਨੀ?”

”ਪੈਸੇ, ਸਾਧਨ ‘ਕੱਠੇ ਕਰਨ ਨਾਲ ਬਹੁਤ ਸੁਖੀ ਹੁੰਦੀ ਐ ਜ਼ਿੰਦਗੀ…? …ਕੀ ਫਿਰ ਕੋਈ ਸਮੱਸਿਆ ਨਹੀਂ ਰਹਿੰਦੀ ਜਾਂ ਬਾਹਰ ਕੋਈ ਸਮੱਸਿਆ ਨਹੀਂ ਹੁੰਦੀ… ਬਲਵਿੰਦਰ ਹੁਰਾਂ ਦੇ ਘਰ ਨੂੰ ਫਿਰ ‘ਕੰਜਰਾਂ ਦਾ ਟੱਬਰ’ ਕਿਉਂ ਕਹਿੰਦੀ ਸੀ?” ਸਿਮਰ ਜਿਹੜੀਆਂ ਗੱਲਾਂ ਕਰਦਾ, ਜਿਹੜੇ ਤਰਕ ਦਿੰਦਾ, ਉਹ ਉਸ ਨੂੰ ਸਮਝ ਨਾ ਆਉਂਦੇ। ਸਰਬਜੀਤ ਨੂੰ ਉਸ ਦੇ ਤਰਕ ਸਮਝ ਤਾਂ ਆਉਂਦੇ, ਪਰ ਸੰਘੋਂ ਉਸ ਦੇ ਵੀ ਨਾ ਉਤਰਦੇ! ‘ਇਹ ਕੀ ਹੋਇਆ, ਸੰਨਿਆਸੀਆਂ ਵਾਂਗ ਸਭ ਕੁਝ ਛੱਡ-ਛੁਡਾ ਕੇ ਦੁਨੀਆਂ ਤੋਂ ਵੱਖਰੇ ਤੁਰੇ ਫਿਰੋ! ਚੰਗੇ ਕੰਮ ਕਰੋ, ਹੱਕਾਂ ਲਈ ਲੜੋ ਵੀ, ਪਰ ਵੱਖਰੀ ਹੀ ਲੀਹ ‘ਤੇ ਤੁਰ ਪੈਣਾ!’ ਉਸ ਨੂੰ ਉਹ ਪ੍ਰੋਫੈਸਰ ਰਵਿੰਦਰ ਵਾਂਗ ਕਿਸੇ ਅਣਹੋਣੀ ਵੱਲ ਤੁਰਿਆ ਲੱਗਦਾ! ਉਸ ਦੇ ਮਨ ‘ਚ ਇਹ ਨਹੀਂ ਸੀ, ਉਹ ਨੌਕਰੀ ਹੀ ਜ਼ਰੂਰ ਕਰੇ! ਪਰ ਗੁਜ਼ਰ-ਬਸਰ ਲਈ ਕੁਝ ਤਾਂ ਜ਼ਰੂਰ ਕਰਨਾ ਚਾਹੀਦਾ! ਨਵੇਂ ਢੰਗ ਨਾਲ ਖੇਤੀ ਕਰਨੀ ਹੀ ਸ਼ੁਰੂ ਕਰ ਦੇਵੇ! ਉਸ ਨੇ ਆਪ, ਆਪਣੀ ਜ਼ਮੀਨ ਨਾਲ ਸਦਾ ਹੀ ਠੇਕੇ ‘ਤੇ ਲਈ ਰੱਖੀ ਸੀ। ਯੂਨੀਅਨ ‘ਚ ਵੀ ਕੰਮ ਕੀਤਾ, ਪਰ ਘਰ ਦੇ ਕੰਮਾਂ ਨੂੰ ਵੀ ਬਹੁਤਾ ਪੱਛੜਨ ਨਹੀਂ ਸੀ ਦਿੱਤਾ। ਇਹ ਠੀਕ ਹੈ ਅੰਨ੍ਹੇਵਾਹ ਤਰੱਕੀ ਦੇ ਵਹਿਣ ‘ਚ ਨਹੀਂ ਸੀ ਵਹਿਆ, ਪਰ ਉਸ ਵਹਿਣ ਨੂੰ ਰੱਦ ਵੀ ਨਹੀਂ ਸੀ ਕਰ ਸਕਿਆ! ਸਿਮਰ ਤਾਂ ਸਭ ਕੁਝ ਨੂੰ ਨਕਾਰਦਾ, ਕਿਸੇ ਹੋਰ ਹੀ ਪਾਸੇ ਤੁਰਿਆ ਲੱਗਦਾ। ਇਹ ‘ਨਕਾਰਨਾ’ ਉਸ ਨੂੰ ਤੰਗ ਕਰਦਾ, ਭਾਵੇਂ ਉਸ ਦਾ ਕਹਿਣ ਦਾ ਢੰਗ ਗੁਰਮੇਜੋ ਤੋਂ ਵੱਖਰਾ ਹੁੰਦਾ। ”ਜਿਵੇਂ ਵੀ ਕਰਨਾ ਹੈ ਕਰ, ਪਰ ਆਪਣੇ ਕੈਰੀਅਰ ਬਾਰੇ ਵੀ ਜ਼ਰੂਰ ਸੋਚ… ਜਿਹੋ ਜਿਹਾ ਅਗਾਂਹ ਸਮਾਂ ਆਈ ਜਾ ਰਿਹਾ, ਰੋਟੀ ਮਿਲਣੀ ਔਖੀ ਹੋ ਜੂ ਇੰਜ।” ਜਾਂ ਫਿਰ, ”ਲੋਕ ਚੇਤਨਾ ਦਾ ਪੱਧਰ ਹੌਲੀ-ਹੌਲੀ ਉੱਚਾ ਹੁੰਦਾ! ਉਸੇ ਅਨੁਸਾਰ ਹੀ ਆਪਣੀ ਜ਼ਿੰਦਗੀ ਦੇ ਫੈਸਲੇ ਲੈਣੇ ਚਾਹੀਦੇ ਐ!”

”ਚੇਤਨਾ ਦਾ ਪੱਧਰ ਉੱਚਾ ਹੋ ਰਿਹਾ ਕਿ ਪੂੰਜੀ ਦੇ ਵਹਿਣ ‘ਚ ਰੁੜ ਰਿਹਾ, ਖਪਤ ਦੇ ਵਹਿਣ ‘ਚ! ਬੇਲਗਾਮ ਤਕਨੀਕ ਜਿੰਨੀ ਹਾਵੀ ਹੁੰਦੀ ਜਾ ਰਹੀ ਹੈ, ਪੂੰਜੀ ਓਨੀ ਹੀ ਤਾਕਤਵਰ…! …ਤਕਨੀਕ ਲੋਕਾਂ ਲਈ ਹੈ ਕਿ ਪੂੰਜੀ ਇਕੱਤਰ ਕਰਨ ਦਾ ਸਾਧਨ, ਪੂੰਜੀਪਤੀਆਂ ਦੇ ਮੁਨਾਫ਼ਿਆਂ ਦਾ ਰਾਹ ਸੌਖਾ ਕਰਨ ਲਈ…? ਇਨ੍ਹਾਂ ਸੁਆਲਾਂ ਨੂੰ ਮੁਖਾਤਬ ਹੋਣਾ ਹੀ ਪਏਗਾ… ਅੰਦੋਲਨ ਦੌਰਾਨ ਇਹ ਸੁਰ ਕੁਝ ਉੱਭਰੀ ਸੀ। ਕਾਰਪੋਰੇਟਾਂ ਦੇ ਮਾਲ ਦਾ ਵਿਰੋਧ ਕਰਨ, ਕਿਸਾਨਾਂ ਦੇ ਸਵੈ-ਨਿਰਭਰਤਾ ਵੱਲ ਵਧਣ ਦੀ… ਪਰ ਉਹ ਛੇਤੀ ਹੀ ਦਮ ਤੋੜ ਗਈ… ਉਂਜ ਇਹ ਉਹ ਸੰਕੇਤ ਹਨ ਜਿਹੜੇ ਭਵਿੱਖ ਦੇ ਅੰਦੋਲਨਾਂ ਤੇ ਬਦਲਾਅ ਦੇ ਮੁੱਦੇ ਬਣਨਗੇ… ਦੇਸ਼ ਦੇ ਚੌਹਠ ਪ੍ਰਤੀਸ਼ਤ ਲੋਕ, ਜਿਹੜੇ ਮਸੀਂ ਰੋਟੀ ਦਾ ਜੁਗਾੜ ਤੋਰ ਰਹੇ ਹਨ, ਅੰਦੋਲਨ ਦਾ ਆਧਾਰ ਉਨ੍ਹਾਂ ਨੂੰ ਮੁੱਖ ਰੱਖ ਕੇ ਉਸਾਰਨਾ ਪਵੇਗਾ… ਫਿਰ ਸ਼ਾਇਦ ਖਿੰਡਾਅ ਵਾਲੀ ਸਥਿਤੀ ਨਾ ਆਵੇ, ਜਿਵੇਂ ਅੱਜ ਦੇਖਣੀ ਪੈ ਰਹੀ ਹੈ…! …ਦਿੱਲੀ ਜਿਹੜੇ ਲੋਕ ਲੜ-ਮਰਨ ਲਈ ਤਿਆਰ ਸਨ, ਇਕ ਵਰਗ ਵਜੋਂ ਇਕਮੁੱਠ ਸਨ, ਪਿੰਡਾਂ ‘ਚ ਮੁੜ ਆਪਣੇ ਘੁਰਨਿਆਂ ‘ਚ ਕਿਵੇਂ ਦੜ ਗਏ?” ਉਹ ਸਰਬਜੀਤ ਨਾਲ ਸੰਜੀਦਾ ਬਹਿਸ ‘ਚ ਪੈਂਦਾ ਤਾਂ ਉਸ ਨੂੰ ਅੱਗੋਂ ਗੱਲ ਨਾ ਅਹੁੜਦੀ।

ਸੰਪਰਕ: 95309-44345

(ਕਿਸਾਨੀ ਅੰਦੋਲਨ ਬਾਰੇ ਨਾਵਲ ਦੇ ਅੰਸ਼)

Source link