ਜਗਮੋਹਨ ਸਿੰਘ

ਰੂਪਨਗਰ/ਘਨੌਲੀ, 29 ਜਨਵਰੀ

ਘਨੌਲੀ ਖੇਤਰ ਦੇ ਟਰਾਂਸਪੋਰਟਰਾਂ ਤੋਂ ਵਸੂਲੀ ਸਬੰਧੀ ਵਾਇਰਲ ਆਡੀਓ ਦੀ ਰੂਪਨਗਰ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ, ਦੂਜੇ ਪਾਸੇ ਇਲਾਕੇ ਦੇ ਸਰਪੰਚਾਂ ਨੇ ਇਸ ਆਡੀਓ ਸਬੰਧੀ ਧਰਨਾਕਾਰੀਆਂ ਤੋਂ ਸਪੱਸ਼ਟੀਕਰਨ ਮੰਗਿਆ ਹੈ।

ਅੱਜ ਘਨੌਲੀ ਵਿੱਚ ਮੀਟਿੰਗ ਕਰਨ ਮਗਰੋਂ ਇਲਾਕੇ ਦੇ ਸਰਪੰਚਾਂ ਨੇ ਦੋਸ਼ ਲਗਾਇਆ ਕਿ ਕੁਝ ਆਪੇ ਬਣੇ ਆਗੂ ਟਰਾਂਸਪੋਰਟਰਾਂ ਨਾਲ ਕਥਿਤ ਤੌਰ ’ਤੇ ਠੱਗੀਆਂ ਮਾਰ ਕੇ ਵਸੂਲੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਆਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਟਰਾਂਸਪੋਰਟਰ, ਧਰਨਾਕਾਰੀਆਂ ਦੇ ਆਗੂ ਨੂੰ ਉਨ੍ਹਾਂ ਦੇ ਗੇੜਿਆਂ ਦੀ ਰਕਮ ਵਿੱਚੋਂ ਵਸੂਲੀ ਕੀਤੇ ਜਾਣ ਸਬੰਧੀ ਪੁੱਛ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਰੂਪਨਗਰ ਦੀ ਥਾਣਾ ਸਿਟੀ ਪੁਲੀਸ ਵੱਲੋਂ ਵਾਇਰਲ ਹੋਈ ਆਡੀਓ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਤੇ ਪੰਚਾਇਤ ਯੂਨੀਅਨ ਵੱਲੋਂ ਇਲਾਕੇ ਦੇ ਪੰਚਾਂ ਸਰਪੰਚਾਂ ਦਾ ਜਲਦੀ ਹੀ ਵੱਡਾ ਇਕੱਠ ਕਰਕੇ ਅਜਿਹੇ ਨੇਤਾਵਾਂ ਦਾ ਅਸਲ ਸੱਚ ਸਾਹਮਣੇ ‌ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਚਾਇਤ ਯੂਨੀਅਨ ਨੇ ਇਲਾਕੇ ਦੀ ਬਿਹਤਰੀ ਲਈ ਅੰਬੂਜਾ ਸੀਮਿੰਟ ਮੈਨੇਜਮੈਂਟ ਨਾਲ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਲਿਖਤੀ ਸਮਝੌਤਾ ਕਰਨ ਸਬੰਧੀ ਸਹਿਮਤੀ ਬਣਾਈ ਸੀ, ਜਿਸ ਵਿੱਚ ਇਲਾਕੇ ਦੇ ਵਸਨੀਕਾਂ ਨੂੰ ਯੋਗਤਾ ਅਨੁਸਾਰ 75 ਪ੍ਰਤੀਸ਼ਤ ਨੌਕਰੀਆਂ ਦਾ ਰਾਖਵਾਂਕਰਨ, ਟਰਾਂਸਪੋਰਟ ਦੀ ਸਹੂਲਤ, ਸਿਹਤ ਸਹੂਲਤਾਂ ਤਹਿਤ 2 ਡਿਸਪੈਂਸਰੀਆਂ ਅਤੇ ਪ੍ਰਦੂਸ਼ਣ ਮੁਕਤੀ ਲਈ ਸਰਕਾਰੀ ਹਦਾਇਤਾਂ ਦੀ ਪਾਲਣਾਂ ਨੂੰ ਯਕੀਨੀ ਬਣਾਉਣ ਆਦਿ ਜਿਹੀਆਂ ਕਈ ਹੋਰ ਵੀ ਸ਼ਰਤਾਂ ਦਰਜ ਸਨ, ਪਰ ਧਰਨੇ ’ਤੇ ਬੈਠੇ ਕੁੱਝ ਨੇਤਾਵਾਂ ਦੇ ਵਿਰੋਧ ਕਾਰਨ ਫੈਕਟਰੀ ਪ੍ਰਬੰਧਕਾਂ ਨਾਲ ਸਮਝੌਤਾ ਸਿਰੇ ਨਹੀਂ ਚੜ੍ਹ ਸਕਿਆ। ਉਨ੍ਹਾਂ ਐਲਾਨ ਕੀਤਾ ਕਿ ਇਲਾਕੇ ਦੀਆਂ ਪੰਚਾਇਤਾਂ ਵੱਲੋਂ ਅਜਿਹੇ ਅਖੌਤੀ ਨੇਤਾਵਾਂ ਦਾ ਵਿਰੋਧ ਕੀਤਾ ਜਾਵੇਗਾ।ਥਾਣਾ ਸਿਟੀ ਰੂਪਨਗਰ ਦੇ ਐਸ.ਐਚ.ਓ. ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਟਰਾਂਸਪੋਰਟਰਾਂ ਤੋਂ ਜਬਰੀ ਵਸੂਲੀ ਕੀਤੇ ਜਾਣ ਸਬੰਧੀ ਐਸ.ਐਸ.ਪੀ. ਰੂਪਨਗਰ ਦੇ ਦਫਤਰ ਰਾਹੀਂ ਸ਼ਿਕਾਇਤ ਪ੍ਰਾਪਤ ਹੋਈ ਹੈ, ਜਿਸ ਸਬੰਧੀ ਉਹ ਜਾਂਚ ਕਰ ਰਹੇ ਹਨ ਅਤੇ ਜਾਂਚ ਮੁਕੰਮਲ ਹੋਣ ਉਪਰੰਤ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।

ਸਰਪੰਚਾਂ ਦੇ ਦੋਸ਼ ਬੇਬੁਨਿਆਦ ਕਰਾਰ

ਜਦੋਂ ਇਸ ਸਬੰਧੀ ਦਬੁਰਜੀ ਵਿਖੇ ਫੈਕਟਰੀ ਖਿਲਾਫ ਧਰਨਾ ਦੇ ਰਹੇ ਧਰਨਾਕਾਰੀਆਂ ਦੇ ਆਗੂ ਰਾਜਿੰਦਰ ਸਿੰਘ ਘਨੌਲਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਲਗਾਏ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਹ ਹਰ ਤਰ੍ਹਾਂ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਤਿਆਰ ਹਨ ਅਤੇ ਉਨ੍ਹਾਂ ’ਤੇ ਦੋਸ਼ ਲਗਾਉਣ ਵਾਲੇ ਲਗਭਗ ਸਾਰੇ ਸਰਪੰਚ ਸੀਮਿੰਟ ਫੈਕਟਰੀ ਤੋਂ ਨਿੱਜੀ ਫਾਇਦੇ ਖੱਟਣਾ ਚਾਹੁੰਦੇ ਹਨ।

Source link