ਜਗਮੋਹਨ ਸਿੰਘ/ਬੀ.ਐੱਸ. ਚਾਨਾ

ਰੂਪਨਗਰ/ਸ੍ਰੀ ਆਨੰਦਪੁਰ ਸਾਹਿਬ, 13 ਜਨਵਰੀ

ਰੂਪਨਗਰ ਜ਼ਿਲ੍ਹੇ ’ਚ ਜੰਗਲੀ ਜਾਨਵਰਾਂ ਦੇ ਸ਼ਿਕਾਰ ਦੇ ਮਾਮਲੇ ਵਿਚ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਵਿਭਾਗ ਵੱਲੋਂ ਫੜੇ ਗਏ ਵਿਅਕਤੀਆਂ ਦੀ ਸ਼ਨਾਖ਼ਤ ਬਲਰਾਜ ਸਿੰਘ ਘੁੰਮਣ ਵਾਸੀ ਪਟਿਆਲਾ, ਚੰਡੀਗੜ੍ਹ ਦੇ ਸੈਕਟਰ 9 ਦੇ ਰਹਿਣ ਵਾਲੇ ਅੰਗਦ ਸਿੰਘ, ਬਲਜੀਤ ਸਿੰਘ ਅਤੇ ਬਲਬੀਰ ਸਿੰਘ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਅੰਗਦ ਸਿੰਘ ਦੀ ਮਾਤਾ ਰੂਪ ਕੌਰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਸਾਬਕਾ ਮੈਂਬਰ ਹੈ ਤੇ ਉਨ੍ਹਾਂ 2007 ਵਿੱਚ ਕਾਂਗਰਸ ਦੀ ਟਿਕਟ ’ਤੇ ਵਿਧਾਨ ਸਭਾ ਚੋਣ ਵੀ ਲੜੀ ਸੀ। ਪਟਿਆਲਾ ਦਾ ਬਲਰਾਜ ਘੁੰਮਣ ਆਪਣੇ ਇਲਾਕੇ ਦਾ ਪ੍ਰਸਿੱਧ ਸ਼ਿਕਾਰੀ ਹੈ, ਜਿਸ ਨੂੰ ਕਿਸਾਨਾਂ ਵੱਲੋਂ ਆਪਣੀਆਂ ਫ਼ਸਲਾਂ ਦੀ ਰਾਖੀ ਲਈ ਪਰਮਿਟ ਲੈਣ ਉਪਰੰਤ ਜੰਗਲੀ ਸੂਰਾਂ ਤੇ ਨੀਲ ਗਊਆਂ ਨੂੰ ਮਾਰਨ ਲਈ ਕਿਰਾਏ ’ਤੇ ਰੱਖਿਆ ਜਾਂਦਾ ਹੈ। ਬਲਰਾਜ ਸਿੰਘ ਤੇ ਅੰਗਦ ਸਿੰਘ ਨੇ ਰੂਪਨਗਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਲਈ ਪਰਮਿਟ ਹਾਸਲ ਕੀਤੇ ਹੋਏ ਸਨ। ਬਾਕੀ ਦੋ ਮੁਲਜ਼ਮਾਂ ਵਿੱਚੋਂ ਬਲਜੀਤ ਸਿੰਘ ਪਟਿਆਲਾ ਨੇੜਲੇ ਡਕਾਲਾ ਖੇਤਰ ਨਾਲ ਸਬੰਧਤ ਹੈ ਅਤੇ ਬਲਬੀਰ ਸਿੰਘ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਹੈ। ਦੱਸਣਯੋਗ ਹੈ ਕਿ ਇਲਾਕੇ ਵਿਚ ‘ਹੰਟਿੰਗ ਪਰਮਿਟਾਂ’ ਦੀ ਆੜ ਹੇਠ ਜਾਨਵਰਾਂ ਦਾ ਸ਼ਿਕਾਰ ਕੀਤਾ ਜਾਂਦਾ ਰਿਹਾ ਹੈ ਤੇ ਇਸ ਇਲਾਕੇ ’ਚ ਲੰਘੇ ਦੋ ਹਫ਼ਤਿਆਂ ਦੌਰਾਨ ਦੋ ਤੇਂਦੂਏ ਮਰੇ ਹੋਏ ਮਿਲੇ ਸਨ। ਇਨ੍ਹਾਂ ਚਾਰਾਂ ਨੂੰ ਆਨੰਦਪੁਰ ਸਾਹਿਬ ਇਲਾਕੇ ਦੇ ਪਿੰਡ ਪਹਾੜਪੁਰ ਤੋਂ ਸੁਵੱਖਤੇ ਤਿੰਨ ਵਜੇ ਕਾਬੂ ਕੀਤਾ ਗਿਆ। ਅਦਾਲਤ ਨੇ ਇਨ੍ਹਾਂ ਨੂੰ 27 ਜਨਵਰੀ ਤੱਕ ਨਿਆਂਇਕ ਹਿਰਾਸਤ (ਜੇਲ੍ਹ) ’ਚ ਭੇਜ ਦਿੱਤਾ ਹੈ। ਡਿਵੀਜ਼ਨਲ ਜੰਗਲਾਤ ਅਧਿਕਾਰੀ ਕੁਲਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਕ ਜਿਪਸੀ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ’ਚੋਂ ਇੱਕ ਕੱਕੜ ਹਿਰਨ ਤੇ ਇੱਕ ਜੰਗਲੀ ਸੂਰ ਮਰਿਆ ਹੋਇਆ ਮਿਲਿਆ। ਇਸ ਤੋਂ ‌ਇਲਾਵਾ ਜੀਪ ’ਚੋਂ ਦੋ ਬੰਦੂਕਾਂ ਅਤੇ 6 ਕਾਰਤੂਸ ਵੀ ਬਰਾਮਦ ਕੀਤੇ ਗਏ। ਬੰਦੂਕਾਂ ਨੂੰ ਫਾਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ 7 ਜਨਵਰੀ ਨੂੰ ਨੂਰਪੁਰ ਬੇਦੀ ਤੋਂ ਵੀ ਤਿੰਨ ਸ਼ਿਕਾਰੀਆਂ ਨੂੰ ਕਾਬੂ ਕੀਤਾ ਗਿਆ ਸੀ। 

Source link