ਪੱਤਰ ਪ੍ਰੇਰਕ

Ad - Web Hosting from SiteGround - Crafted for easy site management. Click to learn more.

ਨਵੀਂ ਦਿੱਲੀ, 11 ਫਰਵਰੀ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਅਤੇ ਸਮੇਂ-ਸਮੇਂ ’ਤੇ ਲਗਾਏ ਗੁਰਮਤਿ ਕੈਂਪਾਂ ਵਿਚ ਵਾਲੰਟੀਅਰ ਅਤੇ ਅਧਿਆਪਕ ਦੀ ਸੇਵਾ ਨਿਭਾਉਣ ਵਾਲਿਆਂ ਦੇ ਸਨਮਾਨ ਲਈ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦਿੱਲੀ ਦੀਆਂ ਸਿੱਖ ਸੰਗਤਾਂ ਵੱਲੋਂ ਚੁਣੀ ਕੌਮ ਦੀ ਨੁਮਾਇੰਦਾ ਜਥੇਬੰਦੀ ਹੈ ਜਿਸ ਦੀ ਜ਼ਿੰਮੇਵਾਰੀ ਹੈ ਕਿ ਧਰਮ ਦੇ ਪ੍ਰਚਾਰ ਦੇ ਨਾਲ-ਨਾਲ ਉਹ ਸਿੱਖਿਆ ਤੇ ਸਿਹਤ ਦੇ ਖੇਤਰ ਵਿਚ ਵੀ ਸੰਗਤ ਨੂੰ ਸੇਵਾਵਾਂ ਮੁਹੱਈਆ ਕਰਵਾਵੇ।

ਉਨ੍ਹਾਂ ਕਿਹਾ ਕਿ ਕਮੇਟੀ ਦੇ ਧਰਮ ਪ੍ਰਚਾਰ ਵਿੰਗ ਵੱਲੋਂ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਦੀ ਅਗਵਾਈ ਹੇਠ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਵੱਡੇ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਵਿਚ ਵਿਦਿਆਰਥੀਆਂ ਲਈ ਲਗਾਏ ਗਏ ਗੁਰਮਤਿ ਕੈਂਪਾਂ ਵਿੱਚ ਜਿੱਥੇ ਗੁਰਸਿੱਖੀ ਜੀਵਨ ਜਾਚ ਦੇ ਨਾਲ-ਨਾਲ ਪਾਠ ਕਰਨਾ, ਕੀਰਤਨ ਕਰਨਾ ਤੇ ਹੋਰ ਮਰਿਆਦਾ ਸਿਖਾਈ ਗਈ, ਉਥੇ ਹੀ ‘ਧੰਨ ਲੇਖਾਰੀ ਨਾਨਕਾ’ ਮੁਹਿੰਮ ਤਹਿਤ ਗੁਰੂ ਗ੍ਰੰਥ ਸਾਹਿਬ ਵਿਚ ਜਿਹੜੇ ਭਗਤਾਂ, ਭੱਟਾਂ ਤੇ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ, ਉਨ੍ਹਾਂ ਦੇ ਜੀਵਨ ਬਾਰੇ ਜਾਣੂ ਕਰਵਾਉਣ ਵਾਸਤੇ ਵੱਖ-ਵੱਖ ਵਾਰਡਾਂ ਵਿਚ ਕੈਂਪ ਲਗਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ ਭੁੱਲਰ ਚੇਅਰਮੈਨ ਗੁਰੂ ਹਰਿਕ੍ਰਿਸ਼ਨ ਪੋਲੀਕਲੀਨਿਕ, ਕੁਲਵਿੰਦਰ ਸਿੰਘ ਚੇਅਰਮੈਨ ਬੰਗਲਾ ਸਾਹਿਬ, ਹਰਜੀਤ ਸਿੰਘ ਪੱਪਾ ਚੇਅਰਮੈਨ ਗੁਰੂ ਤੇਗ ਬਹਾਦਰ ਇੰਜੀਨੀਅਰ ਕਾਲਜ ਤੇ ਹੋਰ ਸ਼ਖਸੀਅਤਾਂ ਹਾਜ਼ਰ ਹਨ।

Source link