ਜਗਮੋਹਨ ਸਿੰਘ ਘਨੌਲੀ

ਗੁਰੂ ਗੋਬਿੰਦ ਸਿੰਘ ਜੀ ਜਦੋਂ 6 ਪੋਹ ਨੂੰ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਮਗਰੋਂ ਮੁਗਲ ਫੌਜਾਂ ਦਾ ਟਾਕਰਾ ਕਰਦੇ ਹੋਏ ਸਰਸਾ ਨਦੀ ਪਾਰ ਕਰਨ ਪਿੱਛੋਂ ਰੋਪੜ ਪਹੁੰਚੇ ਤਾਂ ਉਨ੍ਹਾਂ ਨੇ ਆਪਣੇ ਸਿੰਘਾਂ ਨੂੰ ਫਤਿਹਪੁਰ ਦੇ ਗੁਪਤ ਕਿਲ੍ਹੇ ਵਿੱਚ ਜਾਣ ਦਾ ਆਦੇਸ਼ ਦਿੱਤਾ ਅਤੇ ਆਪ ਆਪਣੇ ਸ਼ਰਧਾਲੂ ਨਿਹੰਗ ਖਾਨ ਦੇ ਭੱਠੇ ’ਤੇ ਪਹੁੰਚ ਗਏ। ਸਾਖੀਆਂ ਮੁਤਾਬਕ ਇੱਥੇ ਉਨ੍ਹਾਂ ਭੱਠਾ ਠੰਢਾ ਕਰਨ ਦਾ ਕੌਤਕ ਕੀਤਾ। ਇਸ ਮਗਰੋਂ ਭੱਠੇ ਦਾ ਮਾਲਕ ਨਿਹੰਗ ਖਾਨ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਨਾਲ ਆਏ ਸਿੰਘਾਂ ਨੂੰ ਆਪਣੇ ਘਰ ਲੈ ਗਿਆ ਅਤੇ ਸਿਦਕਦਿਲੀ ਨਾਲ ਟਹਿਲ ਸੇਵਾ ਕੀਤੀ। ਇਸੇ ਦੌਰਾਨ ਇੱਥੇ ਸਾਹਿਬਜ਼ਾਦਾ ਅਜੀਤ ਸਿੰਘ ਮਲਿਕਪੁਰ ਦੇ ਰੰਗੜਾਂ ਨਾਲ ਹੋਈ ਲੜਾਈ ਦੌਰਾਨ ਜ਼ਖਮੀ ਹੋਏ ਭਾਈ ਬਚਿੱਤਰ ਸਿੰਘ ਨੂੰ ਲੈ ਕੇ ਨਿਹੰਗ ਖਾਨ ਦੇ ਕਿਲ੍ਹੇ ਵਿੱਚ ਪੁੱਜ ਗਏ। ਗੁਰੂ ਜੀ ਨੇ ਜਦੋਂ ਭਾਈ ਬਚਿੱਤਰ ਸਿੰਘ ਦੇ ਸਰੀਰ ’ਤੇ ਡੂੰਘੇ ਫੱਟ ਲੱਗੇ ਦੇਖੇ ਤਾਂ ਉਨ੍ਹਾਂ ਭਾਈ ਸਾਹਿਬ ਨੂੰ ਆਪਣੇ ਨਾਲ ਅੱਗੇ ਲਿਜਾਣਾ ਮੁਨਾਸਿਬ ਨਾ ਸਮਝਿਆ ਅਤੇ ਉਨ੍ਹਾਂ ਨਿਹੰਗ ਖਾਨ ਨੂੰ ਭਾਈ ਬਚਿੱਤਰ ਸਿੰਘ ਦੀ ਇਹ ਕਹਿੰਦਿਆਂ ਸੇਵਾ ਸੰਭਾਲ ਕਰਨ ਲਈ ਕਿਹਾ ਕਿ ਇਹ ਉਨ੍ਹਾਂ ਦਾ ਜਾਨ-ਏ-ਜਿਗਰ ਸਿੰਘ ਹੈ। ਇਸ ਨੂੰ ਦੁਸ਼ਮਣ ਦੇ ਹੱਥ ਨਾ ਲੱਗਣ ਦਿੱਤਾ ਜਾਵੇ। ਉਨ੍ਹਾਂ ਨਿਹੰਗ ਖਾਨ ਨੂੰ ਇੱਕ ਕਟਾਰ, ਗੈਂਡੇ ਦੀ ਢਾਲ, ਕਿਰਪਾਨ ਅਤੇ ਇੱਕ ਤੇਗਾ ਵੀ ਬਖਸ਼ਿਸ਼ ਕੀਤਾ। ਗੁਰੂ ਜੀ ਨੇ ਨਿਹੰਗ ਖਾਨ ਦੀ ਸਪੁੱਤਰੀ ਬੀਬੀ ਮੁਮਤਾਜ਼ ਨੂੰ ਗਾਤਰੇ ਸਮੇਤ ਕਿਰਪਾਨ ਵੀ ਸੌਂਪੀ। ਇਸ ਮਰਗੋਂ ਗੁਰੂ ਸਾਹਿਬ ਭਾਈ ਬਚਿੱਤਰ ਸਿੰਘ ਨੂੰ ਕਿਲ੍ਹੇ ਵਿੱਚ ਛੱਡ ਕੇ ਬਾਕੀ ਸਿੰਘਾਂ ਨਾਲ ਪਿੰਡ ਖਾਨਪੁਰ, ਰਾਮਪੁਰਠ ਬ੍ਰਾਹਮਣਾ ਮਾਜਰਾ ਹੁੰਦੇ ਹੋਏ ਚਮਕੌਰ ਦੀ ਗੜ੍ਹੀ ਵੱਲ ਚਲੇ ਗਏ। ਉੱਧਰ ਕਿਸੇ ਮੁਖ਼ਬਰ ਦੀ ਸੂਹ ਮਿਲਣ ਉਪਰੰਤ ਰੂਪਨਗਰ ਦਾ ਕੋਤਵਾਲ ਜਾਫਰ ਅਲੀ ਖਾਂ ਮੁਗਲ ਫੌਜਾਂ ਦਾ ਦਸਤਾ ਲੈ ਕੇ ਨਿਹੰਗ ਖਾਨ ਦੇ ਕਿਲ੍ਹੇ ਵਿੱਚ ਪੁੱਜ ਗਿਆ। ਉਸ ਨੇ ਇਹ ਕਹਿੰਦਿਆਂ ਨਿਹੰਗ ਖਾਨ ਦੇ ਕਿਲ੍ਹੇ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਕਿ ਉਨ੍ਹਾਂ ਦੇ ਕਿਲ੍ਹੇ ਵਿੱਚ ਗੁਰੂ ਗੋਬਿੰਦ ਸਿੰਘ ਠਹਿਰੇ ਹੋਏ ਹਨ। ਜਦੋਂ ਮੁਗਲ ਸਿਪਾਹੀ ਤਲਾਸ਼ੀ ਲੈਂਦੇ ਹੋਏ ਬੀਬੀ ਮੁਮਤਾਜ਼ ਦੇ ਕਮਰੇ ਕੋਲ ਪੁੱਜੇ ਤਾਂ ਨਿਹੰਗ ਖਾਨ ਨੇ ਕਮਰੇ ਦੀ ਤਲਾਸ਼ੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਕਮਰੇ ਵਿੱਚ ਉਸ ਦੀ ਧੀ ਅਤੇ ਜਵਾਈ ਆਰਾਮ ਕਰ ਰਹੇ ਹਨ। ਆਪਣੇ ਪਿਤਾ ਦੇ ਬੋਲ ਸੁਣਨ ਮਗਰੋਂ ਜਾਫਰ ਖਾਂ ਦੇ ਪੁੱਛੇ ਜਾਣ ’ਤੇ ਬੀਬੀ ਮੁਮਤਾਜ਼ ਨੇ ਵੀ ਆਪਣੇ ਪਿਤਾ ਵੱਲੋਂ ਕਹੀ ਗੱਲ ਦੀ ਹਾਮੀ ਭਰੀ। ਇਸ ਮਗਰੋਂ ਕੋਤਵਾਲ ਜਾਫਰ ਖਾਂ ਗੁਸਤਾਖੀ ਮੁਆਫ ਕਹਿ ਕੇ ਉੱਥੋਂ ਚਲਾ ਗਿਆ। ਇਸ ਪਿੱਛੋਂ ਬੀਬੀ ਮੁਮਤਾਜ਼ ਨੇ ਭਾਈ ਬਚਿੱਤਰ ਸਿੰਘ ਨੂੰ ਹੀ ਆਪਣਾ ਪਤੀ ਪਰਵਾਨ ਕਰ ਲਿਆ ਅਤੇ ਕੁੱਝ ਸਮੇਂ ਬਾਅਦ ਭਾਈ ਬਚਿੱਤਰ ਸਿੰਘ ਜੀ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਸ਼ਹੀਦ ਹੋਏ। ਨਿਹੰਗ ਖਾਨ ਨੇ ਰੋਪੜ ਤੋਂ 2 ਸਿੱਖਾਂ ਨੂੰ ਬੁਲਾ ਕੇ ਇੱਥੇ ਕਿਲ੍ਹੇ ਨੇੜੇ ਹੀ ਉਨ੍ਹਾਂ ਦਾ ਸਸਕਾਰ ਕਰ ਦਿੱਤਾ। ਜਦੋਂ ਪਠਾਣ ਨਿਹੰਗ ਖਾਨ ਨੇ ਆਪਣੀ ਬੇਟੀ ਬੀਬੀ ਮੁਮਤਾਜ਼ ਦੀ ਸ਼ਾਦੀ ਕਰਨੀ ਚਾਹੀ ਤਾਂ ਉਨ੍ਹਾਂ ਕਿਹਾ, ‘‘ਪਿਤਾ ਜੀ, ਮੈਂ ਤਾਂ ਆਪ ਜੀ ਦੇ ਬਚਨਾਂ ਅਨੁਸਾਰ ਭਾਈ ਬਚਿੱਤਰ ਸਿੰਘ ਨੂੰ ਹੀ ਆਪਣਾ ਪਤੀ ਮੰਨ ਚੁੱਕੀ ਹਾਂ।’’ ਇਸ ਉਪਰੰਤ ਕੁੱਝ ਸਮਾਂ ਕੋਟਲਾ ਨਿਹੰਗ ਖਾਨ ਰਹਿਣ ਮਗਰੋਂ ਬੀਬੀ ਮੁਮਤਾਜ਼ ਨੇ ਇਕਾਂਤ ਵਿੱਚ ਰਹਿ ਕੇ ਜਪ-ਤਪ ਕਰਨ ਦਾ ਫੈਸਲਾ ਕੀਤਾ ਅਤੇ ਉਹ ਪਿੰਡ ਬੜੀ ਆ ਕੇ ਰਹਿਣ ਲੱਗ ਪਏ।

ਬੀਬੀ ਮੁਮਤਾਜ਼ ਜੀ ਦੇ ਕਹਿਣ ’ਤੇ ਪਿਤਾ ਨਿਹੰਗ ਖਾਨ ਨੇ ਇੱਕ ਉੱਚੀ ਪਹਾੜੀ ’ਤੇ ਰਿਹਾਇਸ਼ ਅਤੇ ਖੂਹ ਦਾ ਪ੍ਰਬੰਧ ਕਰ ਦਿੱਤਾ। ਉਹ ਪੁਰਾਤਨ ਖੂਹ ਬੀਬੀ ਜੀ ਦੇ ਤਪ ਅਸਥਾਨ ’ਤੇ ਅੱਜ ਵੀ ਮੌਜੂਦ ਹੈ। ਬੀਬੀ ਮੁਮਤਾਜ਼ ਜੀ ਦਾ ਤਪ ਅਸਥਾਨ ਰੂਪਨਗਰ ਤੋਂ 20 ਕਿਲੋਮੀਟਰ ਅਤੇ ਜ਼ਿਲ੍ਹੇ ਦੇ ਕਸਬੇ ਪੁਰਖਾਲੀ ਤੋਂ ਸਿਰਫ ਤਿੰਨ ਕਿਲੋਮੀਟਰ ਦੀ ਦੂਰੀ ’ਤੇ ਇੱਕ ਉੱਚੀ ਚੋਟੀ ’ਤੇ ਸਥਿਤ ਹੈ। ਇੱਥੇ ਬਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੂਰੋਂ ਹੀ ਨਜ਼ਰ ਆਉਂਦੀ ਹੈ।

ਇਸ ਅਸਥਾਨ ਦੀ ਕਾਰ ਸੇਵਾ ਬਾਬਾ ਬਲਬੀਰ ਸਿੰਘ 96 ਕਰੋੜੀ ਬੁੱਢਾ ਦਲ ਦੀ ਅਗਵਾਈ ਵਿੱਚ ਨਿਹੰਗ ਸਿੰਘਾਂ ਦੀ ਜਥੇਬੰਦੀ ਵੱਲੋਂ ਇਸ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ ਵੱਲੋਂ ਕਰਵਾਈ ਜਾ ਰਹੀ ਹੈ। ਉਨ੍ਹਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਤਿਆਰ ਕਰਵਾਈ ਜਾ ਚੁੱਕੀ ਹੈ ਅਤੇ ਹੁਣ ਦੂਰੋਂ ਆਉਣ ਵਾਲੀ ਸੰਗਤ ਦੇ ਠਹਿਰਨ ਲਈ ਰਿਹਾਇਸ਼ੀ ਸਰਾਂ ਦੀ ਕਾਰ ਸੇਵਾ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ।
ਸੰਪਰਕ: 94630-90782

Source link