ਪਰਮਜੀਤ ਸਿੰਘ/ਸੰਜੀਵ ਹਾਂਡਾ
ਫਾਜ਼ਿਲਕਾ/ਫਿਰੋਜ਼ਪੁਰ, 2 ਫਰਵਰੀ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਦੀ ਸ਼ਾਨ ਬਰਕਰਾਰ ਰੱਖਣ ਲਈ ਸਮੂਹ ਪੰਜਾਬੀਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਉਹ ਅੱਜ ਫਾਜ਼ਿਲਕਾ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਸਰਹੱਦੀ ਪਿੰਡਾਂ ਦੇ ਪੰਚਾਂ-ਸਰਪੰਚਾਂ ਅਤੇ ਹੋਰ ਪਤਵੰਤਿਆਂ ਨਾਲ ਗੱਲਬਾਤ ਕਰ ਰਹੇ ਸਨ। ਰਾਜਪਾਲ ਨੇ ਕਿਹਾ ਕਿ ਪੰਜਾਬ ਦਾ ਗੌਰਵਸ਼ਾਲੀ ਇਤਿਹਾਸ ਰਿਹਾ ਹੈ ਤੇ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਅਨਾਜ ਉਤਪਾਦਨ ’ਚ ਆਤਮ ਨਿਰਭਰ ਬਣਾਉਣ ਵਿੱਚ ਪੰਜਾਬ ਦੀ ਅਹਿਮ ਭੂਮਿਕਾ ਰਹੀ ਹੈ। ਇੱਥੋਂ ਦੀ ਵਿਰਾਸਤ ਬਹੁਤ ਅਮੀਰ ਹੈ ਅਤੇ ਇਸ ਦੀ ਮਿੱਟੀ ਦਾ ਕਣ-ਕਣ ਕੁਰਬਾਨੀਆਂ ਦੀ ਕਹਾਣੀ ਬਿਆਨ ਕਰਦਾ ਹੈ ਪਰ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਵੱਲੋਂ ਨਸ਼ਿਆਂ ਰਾਹੀਂ ਸਾਡੀ ਜਵਾਨੀ ’ਤੇ ਹਮਲਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਦੁਸ਼ਮਣ ਦੇਸ਼ ਦੀਆਂ ਇਨ੍ਹਾਂ ਚਾਲਾਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਜਦ ਅਸੀਂ ਸਮਾਜ ਦੇ ਮਾੜੇ ਅਨਸਰਾਂ ਖ਼ਿਲਾਫ਼ ਪੁਲੀਸ ਨੂੰ ਸੂਚਨਾ ਦੇਵਾਂਗੇ ਤਾਂ ਹੀ ਇਹ ਤਾਣਾਬਾਣਾ ਤੋੜ ਸਕਦੇ ਹਾਂ। ਰਾਜਪਾਲ ਨੇ ਫਾਜ਼ਿਲਕਾ ਤੇ ਫਿਰੋਜ਼ਪੁਰ ਦੇ ਸਿਵਲ ਪ੍ਰਸ਼ਾਸਨ ਅਤੇ ਪੁਲੀਸ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਕੀਤੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿੰਡਾਂ ’ਚ ਨਾਗਰਿਕ ਸੁਰੱਖਿਆ ਕਮੇਟੀਆਂ ਬਣੀਆਂ ਗਈਆਂ ਹਨ, ਜਿਨ੍ਹਾਂ ਰਾਹੀਂ ਸਰਹੱਦੀ ਇਲਾਕਿਆਂ ’ਚ ਸੁਰੱਖਿਆ ਏਜੰਸੀਆਂ ਦੇ ਨਾਲ-ਨਾਲ ਹੁਣ ਆਮ ਲੋਕ ਵੀ ਮਾੜੇ ਅਨਸਰਾਂ ਪ੍ਰਤੀ ਚੌਕਸੀ ਰੱਖ ਰਹੇ ਹਨ। ਉਨ੍ਹਾਂ ਸਰਪੰਚਾਂ ਨੂੰ ਹੋਰ ਚੌਕਸ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਨਸ਼ੇ ਦੀ ਤਸਕਰੀ, ਡਰੋਨ ਗਤੀਵਿਧੀ ਦੀ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਇਸ ਮੌਕੇ ਪਿੰਡਾਂ ਦੇ ਸਰਪੰਚਾਂ ਵੱਲੋਂ ਤਾਰਬੰਦੀ ਦਾ ਮੁੱਦਾ ਉਠਾਏ ਜਾਣ ’ਤੇ ਉਨ੍ਹਾਂ ਕਿਹਾ ਕਿ ਤਾਰਬੰਦੀ ਜ਼ੀਰੋ ਲਾਈਨ ਦੇ ਨਜ਼ਦੀਕ ਲਿਜਾਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਇਆ ਜਾ ਰਿਹਾ ਹੈ, ਜਦੋਂਕਿ ਕਿਸਾਨਾਂ ਦੀ ਮੰਗ ਅਨੁਸਾਰ ਬੀਐੱਸਐੱਫ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਤਾਰਬੰਦੀ ਦੇ ਪਾਰ ਖੇਤੀ ਕਰਨ ਜਾਣ ਵਾਲੇ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ। ਇਸ ਮੌਕੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਦੱਸਿਆ ਕਿ ਸੂਬਾ ਸਰਕਾਰ ਪੁਲੀਸ ਵਿਭਾਗ ’ਚ ਹਰ ਸਾਲ 2200 ਪੋਸਟਾਂ ਦੀ ਭਰਤੀ ਲਾਜ਼ਮੀ ਤੌਰ ’ਤੇ ਕਰਿਆ ਕਰੇਗੀ।
ਕੇਂਦਰ ਤੋਂ ਮਦਦ ਮੰਗੇ ਪੰਜਾਬ ਸਰਕਾਰ: ਕੈਪਟਨ
ਚੰਡੀਗੜ੍ਹ (ਪੀਟੀਆਈ): ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਨਸ਼ਿਆਂ ਨੂੰ ਪੰਜਾਬ ਲਈ ਚਿੰਤਾ ਕਰਾਰ ਦੇਣ ਦੇ ਇਕ ਦਿਨ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਡਰੋਨਾਂ ਰਾਹੀਂ ਪਾਕਿਸਤਾਨ ਤੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਅਤੇ ਇਨ੍ਹਾਂ ਨਾਲ ਪੈਦਾ ਹੋਣ ਵਾਲੇ ਗੰਭੀਰ ਪ੍ਰਭਾਵਾਂ ਦਾ ਮੁੱਦਾ ਉਨ੍ਹਾਂ ਸਮੇਂ-ਸਮੇਂ ’ਤੇ ਚੁੱਕਿਆ ਹੈ। ਉਨ੍ਹਾਂ ਮਾਨ ਸਰਕਾਰ ਨੂੰ ਕਿਹਾ ਕਿ ਜੇਕਰ ਉਸ ਨੂੰ ਨਸ਼ੇ ਤੇ ਹਥਿਆਰਾਂ ਦੀ ਤਸਕਰੀ ਰੋਕਣ ਲਈ ਸਹਾਇਤਾ ਦੀ ਲੋੜ ਹੈ ਉਹ ਕੇਂਦਰ ਸਰਕਾਰ ਤੋਂ ਮਦਦ ਮੰਗੇ। ਕੈਪਟਨ ਨੇ ਕਿਹਾ ਕਿ ਜਦੋਂ ਉਹ ਮੁੱਖ ਮੰਤਰੀ ਸਨ ਤਾਂ ਉਸ ਵੇਲੇ ਤਿੰਨ ਦਿਨਾਂ ਵਿੱਚ ਇਕ ਡਰੋਨ ਆਉਂਦਾ ਸੀ ਤੇ ਹੁਣ ਰੋਜ਼ਾਨਾ ਤਿੰਨ ਡਰੋਨ ਆ ਰਹੇ ਹਨ।