ਨਿੱਜੀ ਪੱਤਰ ਪ੍ਰੇਰਕ
ਜਲੰਧਰ, 1 ਫਰਵਰੀ

ਖੇਡਾਂ ਦਾ ਸਾਮਾਨ ਬਣਾਉਣ ਵਾਲੇ ਕਾਰੋਬਾਰੀਆਂ ਨੇ ਬਜਟ ’ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਵਿਦੇਸ਼ਾਂ ਤੋਂ ਆਉਂਦੇ ਕੱਚੇ ਮਾਲ ’ਤੇ ਡਿਊਟੀ ਨਾ ਘਟਾਈ ਤਾਂ ਦੇਸ਼ ਦੀ ਸਭ ਤੋਂ ਵੱਡੀ ਖੇਡ ਮਾਰਕੀਟ ’ਤੇ ਚੀਨ ਦਾ ਕਬਜ਼ਾ ਹੋ ਜਾਵੇਗਾ। ਖੇਡਾਂ ਦਾ ਸਾਮਾਨ ਬਣਾਉਣ ਵਾਲੇ ਕਾਰੋਬਾਰੀ ਰਵਿੰਦਰ ਧੀਰ ਨੇ ਕਿਹਾ ਕਿ ਖੇਡਾਂ ਦੇ ਬੁਹਤ ਸਾਰੇ ਸਾਮਾਨ ’ਤੇ ਚੀਨ, ਜਪਾਨ ਤੇ ਤਾਇਵਾਨ ਪਹਿਲਾਂ ਹੀ ਕਬਜ਼ਾ ਕਰ ਚੁੱਕਾ ਹੈ ਪਰ ਜੇ ਕੇਂਦਰ ਸਰਕਾਰ ਨੇ ਐਂਟੀ ਡੰਪਿੰਗ ਡਿਊਟੀ ਨਾ ਲਗਾਈ ਅਤੇ ਵਿਦੇਸ਼ਾਂ ਤੋਂ ਆਉਂਦੇ ਕੱਚੇ ਮਾਲ ਤੋਂ ਡਿਊਟੀ ਨਾ ਘਟਾਈ ਤਾਂ ਖੇਡ ਮਾਰਕੀਟ ਦੀ ਸਾਰੀ ‘ਖੇਡ’ ਖਤਮ ਹੋ ਜਾਵੇਗੀ।

ਉਨ੍ਹਾਂ ਕਿਹਾ ਕਿ ਆਮਦਨ ਕਰ ਦੀਆਂ ਸਲੈਬਾਂ ਬਣਾ ਕੇ ਭਾਵੇਂ ਕੇਂਦਰ ਸਰਕਾਰ ਨੇ ਕੁਝ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਰਾਹਤ ਬਹੁਤ ਚਿਰ ਪਹਿਲਾਂ ਮਿਲਣੀ ਚਾਹੀਦੀ ਸੀ। ਉਨ੍ਹਾਂ ਦੱਸਿਆ ਕਿ ਜਲੰਧਰ ਦੀ ਖੇਡ ਮਾਰਕੀਟ ਸਾਲਾਨਾ 1500 ਕਰੋੜ ਦਾ ਕਾਰੋਬਾਰ ਕਰਦੀ ਹੈ। ਇਹ ਕਾਰੋਬਾਰ ਦੁੱਗਣਾ ਵੀ ਹੋ ਸਕਦਾ ਹੈ, ਜੇ ਪੰਜਾਬ ਸਰਕਾਰ ਸਾਡੇ ਮਸਲੇ ਕੇਂਦਰ ਸਰਕਾਰ ਕੋਲ ਚੁੱਕੇ। ਰਵਿੰਦਰ ਧੀਰ ਨੇ ਕਿਹਾ ਕਿ ਛੋਟੀਆਂ ਸਨਅਤਾਂ ਬਚਾਉਣ ਲਈ ਖੇਡਾਂ ਦਾ ਸਾਮਾਨ ਬਣਾਉਣ ਵਾਲੇ ਕਾਰੋਬਾਰੀਆਂ ਨੇ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ (ਆਰਐੱਨਡੀ ਸੈਂਟਰ) ਸਮੇਂ ਦੀਆਂ ਕੇਂਦਰ ਸਰਕਾਰਾਂ ਤੋਂ ਮੰਗੇ ਪਰ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਨਹੀਂ ਸੁਣੀ। ਪੰਜਾਬ ਸਰਹੱਦੀ ਸੂਬਾ ਹੋਣ ਕਾਰਨ ਇੱਥੇ ਕੇਂਦਰ ਨੂੰ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ।

Source link