ਜੋਗਿੰਦਰ ਸਿੰਘ ਮਾਨ/ਕਰਨ ਭੀਖੀ

ਮਾਨਸਾ/ਭੀਖੀ, 14 ਦਸੰਬਰ

ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਮੌਜੋ ਕਲਾਂ ਦੀ ਮੌਜੂਦਾ ਸਰਪੰਚ ਰਾਜਦੀਪ ਕੌਰ ਦੀ ਹਾਲਤ ਵਿੱਚ ਅੱਜ ਤੀਜੇ ਦਿਨ ਵੀ ਕੋਈ ਸੁਧਾਰ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਸਰਪੰਚ ਰਾਜਦੀਪ ਕੌਰ ਨੇ ਬੀਤੇ ਦਿਨੀਂ ਕੁਝ ਵਿਭਾਗੀ ਅਧਿਕਾਰੀਆਂ ਅਤੇ ‘ਆਪ’ ਆਗੂਆਂ ਤੋਂ ਤੰਗ ਆ ਕੇ ਜ਼ਹਿਰੀਲੀ ਦਵਾਈ ਨਿਗਲ ਲਈ ਸੀ। ਪਰਿਵਾਰ ਨੇ ਉਸ ਨੂੰ ਪਹਿਲਾਂ ਮਾਨਸਾ ਦੇ ਸਿਵਲ ਹਸਪਤਾਲ ਅਤੇ ਫਿਰ ਇੱਥੋਂ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਜਿਹੜੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਦਾ ਨਾਮ ਲਿਖ ਕੇ ਉਸ ਨੇ ਖੁਦਕੁਸ਼ੀ ਨੋਟ ਲਿਖਣ ਤੋਂ ਮਗਰੋਂ ਜ਼ਹਿਰੀਲੀ ਦਵਾਈ ਨਿਗਲੀ ਹੈ, ਉਸ ਪਾਰਟੀ ਦੇ ਕਿਸੇ ਆਗੂ ਅਤੇ ਪੰਚਾਇਤੀ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਅਜੇ ਤੱਕ ਉਸ ਦੇ ਪਰਿਵਾਰ ਨਾਲ ਕੋਈ ਤਾਲਮੇਲ ਨਹੀਂ ਕੀਤਾ ਗਿਆ ਹੈ, ਜਦੋਂ ਕਿ ਦੂਜੇ ਪਾਸੇ ਪਰਿਵਾਰ ਨੇ ਪੁਲੀਸ ਕਾਰਵਾਈ ਦੀ ਮੰਗ ਲਈ ਥਾਣਾ ਭੀਖੀ ਵਿੱਚ ਵੱਖ-ਵੱਖ ਜਥੇਬੰਦੀਆਂ ਨਾਲ ਮਿਲ ਕੇ ਧਰਨਾ ਲਾਇਆ ਹੋਇਆ ਹੈ।

ਨਿੱਜੀ ਹਸਪਤਾਲ ਵਿਚਲੇ ਮਾਹਿਰਾਂ ਨੇ ਰਾਜਦੀਪ ਦੀ ਸਿਹਤ ਵਿੱਚ ਸੁਧਾਰ ਹੋਣ ਦਾ ਦਾਅਵਾ ਕੀਤਾ ਹੈ ਪਰ ਪਰਿਵਾਰ ਨੇ ਕਿਹਾ ਕਿ ਜਦੋਂ ਤੱਕ ਉਹ ਅੱਖਾਂ ਨਹੀਂ ਖੋਲ੍ਹਦੀ, ਉਦੋਂ ਤੱਕ ਤੰਦਰੁਸਤੀ ਦਾ ਕੋਈ ਭਰੋਸਾ ਨਹੀਂ ਹੈ। ਇਸੇ ਦੌਰਾਨ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਲਈ ਕੁਲਦੀਪ ਸਿੰਘ ਦੀ ਅਗਵਾਈ ਹੇਠ ਅੱਜ ਲਗਾਤਾਰ ਦੂਜੇ ਦਿਨ ਪੁਲੀਸ ਸਟੇਸ਼ਨ ਭੀਖੀ ਵਿੱਚ ਧਰਨਾ ਲਾਇਆ ਗਿਆ, ਜਿਸ ਤੋਂ ਬਾਅਦ ਫ਼ੈਸਲਾ ਕੀਤਾ ਗਿਆ ਕਿ ਭਲਕੇ 15 ਦਸੰਬਰ ਨੂੰ ਥਾਣਾ ਭੀਖੀ ਦਾ ਵੱਖ-ਵੱਖ ਜਥੇਬੰਦੀਆਂ ਦੀ ਅਗਵਾਈ ਹੇਠ ਘਿਰਾਓ ਕੀਤਾ ਜਾਵੇਗਾ। ਭੀਖੀ ਥਾਣਾ ਮੁਖੀ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਜਲਦੀ ਇਸ ਮਾਮਲੇ ਨੂੰ ਸੁਲਝਾਇਆ ਜਾਵੇਗਾ।

Source link