ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 23 ਜਨਵਰੀ

ਇੱਥੇ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਸਣੇ ਹੋਰ ਸਿੱਖ ਮਸਲਿਆਂ ਬਾਰੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਪੰਥਕ ਕਮੇਟੀ ਸਣੇ ਹੋਰ ਸਿੱਖ ਜਥੇਬੰਦੀਆਂ ਦਾ ਪੱਕਾ ਮੋਰਚਾ ਜਾਰੀ ਹੈ। ਇੱਥੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਸੰਗਤ ਜੁੜ ਰਹੀ ਹੈ। ਅੱਜ ਕਈ ਪੰਜਾਬੀ ਗਾਇਕ ਅਤੇ ਅਦਾਕਾਰ ਵੀ ਧਰਨੇ ਵਿੱਚ ਪਹੁੰਚੇ। ਪ੍ਰਬੰਧਕਾਂ ਮੁਤਾਬਕ ਭਲਕੇ 24 ਜਨਵਰੀ ਨੂੰ ਗ਼ੈਰ-ਸਿਆਸੀ ਕਿਸਾਨ ਮੋਰਚੇ ਦੀਆਂ 15 ਜਥੇਬੰਦੀਆਂ ਕੌਮੀ ਇਨਸਾਫ਼ ਮੋਰਚੇ ਦੇ ਸਮਰਥਨ ਲਈ ਵਿੱਚ ਪੁੱਜ ਰਹੀਆਂ ਹਨ। ਆਗੂਆਂ ਨੇ ਦੱਸਿਆ ਕਿ 26 ਜਨਵਰੀ (ਗਣਤੰਤਰ ਦਿਵਸ) ਦੇ ਮੌਕੇ ਕੀਤੇ ਜਾਣ ਵਾਲੇ ਇਨਸਾਫ਼ ਮਾਰਚ ਬਾਰੇ ਮੰਗਲਵਾਰ ਨੂੰ ਸਮਾਂ ਸਾਰਨੀ ਜਾਰੀ ਕੀਤੀ ਜਾਵੇਗੀ।

ਉਧਰ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਨੇ ਧਰਨੇ ਵਾਲੀ ਥਾਂ ’ਤੇ ਮੈਡੀਕਲ ਕੈਂਪ ਲਗਾ ਕੇ ਪ੍ਰਦਰਸ਼ਨਕਾਰੀਆਂ ਲਈ ਸਿਹਤ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਸਮਾਗਮ ਵਿੱਚ ਬੀਬੀ ਦਲੇਰ ਕੌਰ ਢਾਡੀ ਜਥਾ, ਭਾਈ ਪਰਮ ਸਿੰਘ ਪਰੂਆ, ਪਰਮਜੀਤ ਸਿੰਘ ਪਾਰਸ ਅਤੇ ਮਾਤਾ ਸਾਹਿਬ ਕੌਰ ਕਵੀਸ਼ਰੀ ਜਥਿਆਂ ਨੇ ਵਾਰਾਂ ਗਾ ਕੇ ਹਾਜ਼ਰੀ ਲਗਵਾਈ। ਹਰਫ਼ ਚੀਮਾ ਨੇ ਆਪਣੇ ਗੀਤ ਨੂੰ ਸੰਗਤੀ ਰੂਪ ਵਿੱਚ ਗਾਇਆ ਜਦੋਂਕਿ ਸੂਫ਼ੀ ਗਾਇਕ ਕੰਵਰ ਗਰੇਵਾਲ ਅਤੇ ਅਦਾਕਾਰ ਅਮਿਤੋਜ ਮਾਨ ਨੇ ਵੀ ਹਾਜ਼ਰੀ ਭਰੀ। ਅਮਿਤੋਜ ਮਾਨ ਨੇ ਕਿਹਾ ਕਿ 26 ਜਨਵਰੀ ਨੂੰ ਪੂਰੇ ਪੰਜਾਬ ਨੂੰ ਇਨਸਾਫ਼ ਮਾਰਚ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।

ਪੱਕੇ ਮੋਰਚੇ ਵਿੱਚ ਬਿਧੀ ਚੰਦੀਏ ਨਿਹੰਗ ਜਥੇਬੰਦੀਆਂ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਦੀ ਅਗਵਾਈ ਹੇਠ ਸੰਗਤ ਪੁੱਜੀ।

Source link