ਕੇ.ਪੀ. ਸਿੰਘ

ਗੁਰਦਾਸਪੁਰ, 13 ਅਕਤੂਬਰ

InterServer Web Hosting and VPS

ਮਾਡਰਨ ਜੇਲ੍ਹ ਕਪੂਰਥਲਾ ਤੋਂ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਤਬਦੀਲ ਕੀਤਾ ਗਿਆ ਇੱਕ ਕੈਦੀ ਜੇਲ੍ਹ ਪ੍ਰਸ਼ਾਸਨ ਲਈ ਮੁਸੀਬਤ ਬਣ ਗਿਆ। ਇਹ ਕੈਦੀ ਆਪਣੇ ਗੁਪਤ ਅੰਗ ਵਿੱਚ ਮੋਬਾਈਲ ਫ਼ੋਨ ਅਤੇ ਦੋ ਤੰਬਾਕੂ ਦੀਆਂ ਪੁੜੀਆਂ ਲੁਕਾ ਕੇ ਜੇਲ੍ਹ ਅੰਦਰ ਜਾਣ ਦੀ ਫ਼ਿਰਾਕ ਵਿੱਚ ਸੀ। ਮੋਬਾਈਲ ਫ਼ੋਨ ਕੱਢਣ ਲਈ ਗੁਰਦਾਸਪੁਰ ਹਸਪਤਾਲ ਦੇ ਡਾਕਟਰਾਂ ਨੇ ਕਾਫ਼ੀ ਜੱਦੋਜਹਿਦ ਕੀਤੀ ਪਰ ਕਾਮਯਾਬੀ ਨਾ ਮਿਲਣ ’ਤੇ ਉਸ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ। ਇਕੱਤਰ ਜਾਣਕਾਰੀ ਅਨੁਸਾਰ ਅਜੇ ਵਾਸੀ ਦਕੋਹਾ (ਜਲੰਧਰ), ਕਪੂਰਥਲਾ ਜੇਲ੍ਹ ਵਿੱਚ ਬੰਦ ਸੀ ਅਤੇ ਕੁਝ ਦਿਨ ਦੀ ਛੁੱਟੀ ਕੱਟ ਕੇ ਵਾਪਸ ਆਉਣ ’ਤੇ ਉਸ ਨੂੰ ਗੁਰਦਾਸਪੁਰ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਵਿੱਚ ਲੱਗੀ ਐਕਸ-ਰੇਅ ਮਸ਼ੀਨ ਨਾਲ ਜਾਂਚ ਕੀਤੀ ਗਈ ਤਾਂ ਉਸ ਦੇ ਗੁਪਤ ਅੰਗ ਵਿੱਚ ਮੋਬਾਈਲ ਫ਼ੋਨ ਹੋਣ ਬਾਰੇ ਪਤਾ ਲੱਗਿਆ। ਇਸ ਕੈਦੀ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਲਿਜਾਇਆ ਗਿਆ ਜਿੱਥੋਂ ਉਸ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ ਤੇ ਡਾਕਟਰਾਂ ਨੇ ਕੈਦੀ ਵੱਲੋਂ ਗੁਪਤ ਅੰਗ ਵਿੱਚ ਲੁਕਾਇਆ ਫ਼ੋਨ ਬਰਾਮਦ ਕਰ ਲਿਆ। ਜੇਲ੍ਹ ਸੁਪਰਡੈਂਟ ਰਜਿੰਦਰ ਸਿੰਘ ਹੁੰਦਲ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਰਿਪੋਰਟ ਆਉਣ ’ਤੇ ਕੈਦੀ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਜਾਵੇਗਾ।

Source link