ਗਗਨਦੀਪ ਅਰੋੜਾ
ਲੁਧਿਆਣਾ, 1 ਫਰਵਰੀ

ਕੇਂਦਰ ਸਰਕਾਰ ਵੱਲੋਂ ਅੱਜ ਪੇਸ਼ ਕੀਤੇ ਗਏ ਬਜਟ ਤੋਂ ਇਸ ਵਾਰ ਵੀ ਸੂਬੇ ਦੇ ਸਨਅਤਕਾਰ ਬਹੁਤੇ ਖੁਸ਼ ਨਜ਼ਰ ਨਹੀਂ ਹਨ। ਜੇਕਰ ਸਨਅਤਕਾਰਾਂ ਦੀ ਮੰਨੀਏ ਤਾਂ ਇਹ ਬਜਟ ਉਨ੍ਹਾਂ ਲਈ ਕੁਝ ਖਾਸ ਮੌਕੇ ਨਹੀਂ ਲਿਆਇਆ। ਇਹ ਨਾ ਤਾਂ ਸਨਅਤ ਲਈ ਬਹੁਤ ਚੰਗਾ ਹੈ ਤੇ ਨਾ ਹੀ ਬਹੁਤ ਮਾੜਾ। ਸੀਆਈਸੀਯੂ ਦੇ ਪ੍ਰਧਾਨ ਤੇ ਨਿਊ ਸਵਾਨ ਗਰੁੱਪ ਦੇ ਐੱਮਡੀ ਉਪਕਾਰ ਸਿੰਘ ਆਹੂਜਾ ਨੇ ਅੱਜ ਇਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਾਰ ਦਾ ਬਜਟ ਸਨਅਤਕਾਰਾਂ ਲਈ ਰਲਿਆ ਮਿਲਿਆ ਹੈ। ਉਨ੍ਹਾਂ ਕਿਹਾ ਕਿ ਛੋਟੀ ਸਨਅਤ ਐੱਮਐੱਸਐੱਮਈ ਨੂੰ ਮਿਲਣ ਵਾਲੇ ਲੋਨ ’ਤੇ 1 ਫੀਸਦ ਵਿਆਜ ਘੱਟ ਕਰਨ ਨਾਲ ਰਾਹਤ ਮਿਲੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਐੱਮਐੱਸਐੱਮਈ ਕ੍ਰੈਡਿਟ ਗਰੰਟੀ ਯੋਜਨਾ ਤਹਿਤ 1 ਕਰੋੜ ਤੱਕ ਦਾ ਲੋਨ ਬਿਨ੍ਹਾਂ ਕਿਸੇ ਸੁਰੱਖਿਆ ਤੇ ਗਾਰੰਟੀ ਤੋਂ ਮਿਲੇਗਾ। ਉਸ ਲਈ ਸਰਕਾਰ ਨੇ 9 ਹਜ਼ਾਰ ਕਰੋੜ ਰੁਪਏ ਪਾਸ ਕੀਤੇ ਹਨ। ਇਸੇ ਤਰ੍ਹਾਂ ਢਾਂਚਾ ’ਤੇ ਸਪੈਡਿੰਗ 35 ਫੀਸਦ ਵਧਾਈ ਗਈ ਹੈ। ਸੜਕਾਂ ਜ਼ਿਆਦਾ ਬਣਨ ਨਾਲ ਵਾਹਨ ਵਧਣਗੇ, ਜਿਸ ਨਾਲ ਵਪਾਰ ਵਧੇਗਾ।

ਉੱਘੇ ਸਨਅਤਕਾਰ ਤੇ ਰਜਨੀਸ਼ ਇੰਡਸਟਰੀ ਦੇ ਐੱਮਡੀ ਰਜਨੀਸ਼ ਆਹੂਜਾ ਨੇ ਕਿਹਾ ਕਿ ਚੋਣਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਕਾਫ਼ੀ ਰਾਹਤਾਂ ਦਿੱਤੀਆਂ ਹਨ। ਨਵੀਆਂ ਸੜਕਾਂ ਬਣਨ ਨਾਲ ਜਿਹੜਾ ਟਰੱਕ ਮਾਲ ਲੈ ਕੇ ਪਹਿਲਾਂ ਪੰਜ ਦਿਨਾਂ ਵਿੱਚ ਪੁੱਜਦਾ ਸੀ, ਉਹ ਹੁਣ 2 ਦਿਨਾਂ ’ਚ ਪੁੱਜ ਜਾਂਦਾ ਹੈ। ਰੇਲਵੇ ’ਤੇ ਵੀ 2.4 ਲੱਖ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ, ਜਿਸ ਦਾ ਚੰਗਾ ਪ੍ਰਭਾਵ ਵਪਾਰ ’ਤੇ ਪਵੇਗਾ। ਨਵੇਂ ਬਣ ਰਹੇ ਰੇਲਵੇ ਕੌਰੀਡੋਰਾਂ ਰਾਹੀਂ ਮਾਲ ਗੱਡੀਆਂ ਦੂਜੇ ਸੂਬਿਆਂ ਤੱਕ ਪਹੁੰਚ ਸਕਣਗੀਆਂ। ਇਸ ਦੇ ਨਾਲ ਹੀ ਸਰਕਾਰ ਵੱਲੋਂ ਖ਼ਤਮ ਕੀਤੇ ਗਏ 3400 ਪੁਰਾਣੇ ਨਿਯਮ ਵੀ ਮਹੱਤਵਪੂਰਨ ਫੈਸਲਾ ਹੈ, ਜਿਸ ਨਾਲ ਨਵੇਂ ਸਟਾਰਟਅੱਪ ਨੂੰ ਹੁਲਾਰਾ ਮਿਲੇਗਾ।