ਇਕਬਾਲ ਸਿੰਘ ਸ਼ਾਂਤ

ਡੱਬਵਾਲੀ, 5 ਫਰਵਰੀ

ਖੂਈਆਂ ਮਲਕਾਣਾ ਟੌਲ ਪਲਾਜ਼ਾ ’ਤੇ ਤਾਇਨਾਤ ਅਮਲੇ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪਰ ਦੇ ਸੂਬਾ ਪ੍ਰਧਾਨ ਨਾਲ ਬਦਸਲੂਕੀ ਕੀਤੀ ਜਿਸ ਤੋਂ ਭੜਕੇ ਕਿਸਾਨ ਕਾਰਕੁਨਾਂ ਨੇ ਟੌਲ ਪਲਾਜ਼ਾ ਨੂੰ ਪਰਚੀ ਮੁਕਤ ਕਰ ਕੇ ਧਰਨਾ ਲਾਇਆ।

ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅੱਜ ਸਵੇਰੇ ਡੱਬਵਾਲੀ-ਸਿਰਸਾ ਜਰਨੈਲੀ ਸੜਕ ’ਤੇ ਖੂਈਆਂ ਮਲਕਾਣਾ ਟੌਲ ਪਲਾਜ਼ਾ ਤੋਂ ਦਿੱਲੀ ਜਾ ਰਹੇ ਸਨ ਕਿ ਪਲਾਜ਼ਾ ’ਤੇ ਤਾਇਨਾਤ ਮੁਲਾਜ਼ਮ ਨਾਲ ਸ਼ਨਾਖ਼ਤੀ ਕਾਰਡ ਵਿਖਾਉਣ ਤੋਂ ਤਕਰਾਰ ਹੋ ਗਿਆ। ਇਸ ਮਗਰੋਂ ਸ੍ਰੀ ਡੱਲੇਵਾਲ ਉੱਥੋਂ ਰਵਾਨਾ ਹੋ ਗਏ। ਬਾਅਦ ’ਚ ਸੂਬਾ ਪ੍ਰਧਾਨ ਨਾਲ ਬਦਸਲੂਕੀ ਦੀ ਸੂਚਨਾ ਮਿਲਣ ’ਤੇ ਭਾਕਿਯੂ (ਸਿੱਧੂਪੁਰ) ਲੰਬੀ ਬਲਾਕ ਦੇ ਆਗੂ ਤੇ ਕਾਰਕੁਨ ਬਲਾਕ ਜਨਰਲ ਸਕੱਤਰ ਹਰਭਗਵਾਨ ਸਿੰਘ ਦੀ ਅਗਵਾਈ ਹੇਠ ਟੌਲ ਪਲਾਜ਼ਾ ’ਤੇ ਪੁੱਜ ਗਏ ਅਤੇ ਧਰਨਾ ਲਾ ਕੇ ਵਾਹਨਾਂ ਦੀ ਆਵਾਜਾਈ ਮੁਫ਼ਤ ਕਢਵਾਈ। ਹਰਭਗਵਾਨ ਸਿੰਘ ਲੰਬੀ ਨੇ ਕਿਹਾ ਕਿ ਟੌਲ ਪਲਾਜ਼ਾ ਦੇ ਇੱਕ ਮੁਲਾਜ਼ਮ ਨੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨਾਲ ਬੇਵਜ੍ਹਾ ਬਦਸਲੂਕੀ ਕੀਤੀ। ਕਿਸਾਨਾਂ ਦੇ ਵਿਰੋਧ ’ਤੇ ਮੈਨੇਜਰ ਨੇ ਗ਼ਲਤੀ ਮੰਨੀ। ਦੂਜੇ ਪਾਸੇ, ਟੌਲ ਪਲਾਜ਼ਾ ਦੇ ਮੈਨੇਜਰ ਗੌਰਵ ਗੌੜ ਨੇ ਕਿਹਾ ਕਿ ਇੱਕ ਨਵੇਂ ਮੁਲਾਜ਼ਮ ਨੇ ਕਿਸਾਨ ਯੂਨੀਅਨ ਦੇ ਪ੍ਰਧਾਨ ਤੋਂ ਸ਼ਨਾਖ਼ਤੀ ਕਾਰਡ ਮੰਗ ਲਿਆ ਸੀ। ਉਨ੍ਹਾਂ ਅਣਜਾਣਪੁਣੇ ਕਾਰਨ ਵਾਪਰੇ ਘਟਨਾਕ੍ਰਮ ’ਤੇ ਕਿਸਾਨਾਂ ਕੋਲ ਅਫ਼ਸੋਸ ਜਤਾਇਆ। ਥਾਣਾ ਸਦਰ ਦੇ ਮੁਖੀ ਦੇਵੀ ਲਾਲ ਨੇ ਕਿਹਾ ਕਿ ਵਿਵਾਦ ਸੁਲਝ ਗਿਆ ਹੈ।

Source link