ਜਸਵੰਤ ਜੱਸ

ਫਰੀਦਕੋਟ, 21 ਨਵੰਬਰ

ਕਿਸਾਨੀ ਮੰਗਾਂ ਨੂੰ ਲੈ ਕੇ ਪਿਛਲੇ ਤਿੰਨ ਦਿਨਾਂ ਤੋਂ ਨੈਸ਼ਨਲ ਹਾਈਵੇਅ-54 ਉੱਪਰ ਪਿੰਡ ਟਹਿਣਾ ਨਜ਼ਦੀਕ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਸ਼ੁਰੂ ਕੀਤਾ ਮਰਨ ਵਰਤ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਡਾਕਟਰਾਂ ਦੀ ਟੀਮ ਨੇ ਅੱਜ ਡੱਲੇਵਾਲ ਦੀ ਸਿਹਤ ਬਾਰੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਸ਼ੂਗਰ ਘਟਣ ਕਾਰਨ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਣਾ ਪੈ ਸਕਦਾ ਹੈ। ਹਾਲਾਂਕਿ ਡੱਲੇਵਾਲ ਨੇ ਖੁਦ ਨੂੰ ਤੰਦਰੁਸਤ ਦੱਸਦਿਆਂ ਕਿਸਾਨੀ ਮੰਗਾਂ ਮੰਨੇ ਜਾਣ ਤੱਕ ਮਰਨ ਵਰਤ ਵਾਪਸ ਨਾ ਲੈਣ ਦਾ ਐਲਾਨ ਕੀਤਾ ਹੈ। ਇਸੇ ਦਰਮਿਆਨ ਧਰਨੇ ਵਾਲੀ ਥਾਂ ’ਤੇ ਟਰੈਕਟਰ-ਟਰਾਲੀਆਂ ਅਤੇ ਕਿਸਾਨਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਹੈ। ਦਿੱਲੀ ਮੋਰਚੇ ਦੀ ਤਰਜ਼ ’ਤੇ ਇੱਥੇ ਟਰਾਲੀਆਂ ਪੁੱਜ ਗਈਆਂ ਹਨ। ਦੱਸਣਾ ਬਣਦਾ ਹੈ ਕਿ ਇਨ੍ਹਾਂ ਟਰਾਲੀਆਂ ਵਿਚ ਹੀ ਕਿਸਾਨ ਰਾਤਾਂ ਬਤੀਤ ਕਰ ਰਹੇ ਹਨ।

ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਹਾਈਵੇਅ ’ਤੇ ਜਾਮ ਖੋਲ੍ਹਣ ਦਾ ਫੈਸਲਾ ਸੰਯੁਕਤ ਮੋਰਚਾ ਪੰਜਾਬ ਕਰੇਗਾ ਤੇ ਹਾਲ ਦੀ ਘੜੀ ਹਾਈਵੇਅ ਜਾਮ ਰਹਿਣਗੇ। ਅੰਗਰੇਜ਼ ਸਿੰਘ ਗੋਲੇਵਾਲਾ ਤੇ ਚਰਨਜੀਤ ਸਿੰਘ ਸੁੱਖਣਵਾਲਾ ਨੇ ਕਿਹਾ ਕਿ ਹਾਈਵੇਅ ’ਤੇ ਲੱਗੇ ਧਰਨੇ ’ਤੇ ਫਰੀਦਕੋਟ, ਮੋਗਾ, ਮੁਕਤਸਰ, ਫਿਰੋਜ਼ਪੁਰ ਜ਼ਿਲ੍ਹਿਆਂ ਤੋਂ ਵੀ ਕਿਸਾਨ ਪੁੱਜਣੇ ਸ਼ੁਰੂ ਹੋ ਗਏ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਦਾ ਦੌਰ ਸ਼ੁਰੂ ਕੀਤਾ ਹੈ ਪਰ ਅਜੇ ਤੱਕ ਦੋਵਾਂ ਧਿਰਾਂ ਵਿੱਚ ਕੋਈ ਸਹਿਮਤੀ ਨਹੀਂ ਬਣੀ। ਇਥੇ ਹਾਈਵੇਅ ਜਾਮ ਹੋਣ ਕਾਰਨ ਹਿਮਾਚਲ ਪ੍ਰਦੇਸ਼ ਤੇ ਜੰਮੂ ਜਾਣ ਵਾਲੇ ਰਾਜਸਥਾਨ ਤੇ ਗੁਜਰਾਤ ਦੇ ਭਾਰੀ ਵਾਹਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਸ਼ਾਸਨ ਵਲੋਂ ਟਰੈਫਿਕ ਨੂੰ ਲਿੰਕ ਸੜਕਾਂ ਰਾਹੀਂ ਲੰਘਾਇਆ ਜਾ ਰਿਹਾ ਹੈ ਪਰ ਭਾਰੀ ਵਾਹਨਾਂ ਕਾਰਨ ਲਿੰਕ ਸੜਕਾਂ ਉੱਪਰ ਵੱਡੇ ਜਾਮ ਲੱਗ ਰਹੇ ਹਨ। ਪ੍ਰਸ਼ਾਸਨ ਨੇ ਹਾਈਵੇਅ ਉੱਪਰ ਧਰਨਾ ਹੋਣ ਕਾਰਨ ਇਸ ਹਾਈਵੇਅ ਨੂੰ ਫਰੀਦਕੋਟ ਜ਼ਿਲ੍ਹੇ ਦੀ ਹਦੂਦ ਅੰਦਰ ਮੁਕੰਮਲ ਤੌਰ ’ਤੇ ਬੈਰੀਕੇਡ ਲਾ ਕੇ ਸੀਲ ਕਰ ਦਿੱਤਾ ਹੈ। 

Source link