ਗੁਰਦੀਪ ਸਿੰਘ ਢੁੱਡੀ

ਗੁਰਦੀਪ ਸਿੰਘ ਢੁੱਡੀ

ਕੇਂਦਰ ਦੀ ਭਾਜਪਾ ਸਰਕਾਰ ਦੁਆਰਾ ਲਿਆਂਦੇ ਖੇਤੀ ਆਰਡੀਨੈਂਸਾਂ ਤੋਂ ਸ਼ੁਰੂ ਹੋਇਆ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਦਾ ਵਿਰੋਧ ਪੰਜਾਬ ਤੋਂ ਅੱਗੇ ਦਿੱਲੀ ਗਿਆ। ਸੰਯੁਕਤ ਕਿਸਾਨ ਜੱਥੇਬੰਦੀਆਂ ਦਾ ਇਸ ਅੰਦੋਲਨ ਨੂੰ ਦਿੱਲੀ ਦੀਆਂ ਬਰੂਹਾਂ ਤੇ ਸਾਲ ਪੂਰਾ ਹੋਣ ਵਾਲਾ ਹੈ। ਬਹੁਤ ਬਾਰੀਕ ਨਜ਼ਰ ਨਾਲ ਦੇਖਣ ਤੇ ਪਤਾ ਲੱਗਦਾ ਹੈ ਕਿ ਇਹ ਅੰਦੋਲਨ ਨਾ ਤਾਂ ਹੁਣ ਪੰਜਾਬ ਜਾਂ ਭਾਰਤ ਤੱਕ ਸੀਮਤ ਹੈ ਅਤੇ ਨਾ ਹੀ ਇਹ ਕਿਸਾਨੀ ਮੰਗਾਂ ਤੱਕ ਸਿਮਟਿਆ ਹੋਇਆ ਹੈ। ਜਿਵੇਂ ਜਿਵੇਂ ਇਹ ਅੰਦੋਲਨ ਅੱਗੇ ਵਧਦਾ ਗਿਆ, ਤਿਵੇਂ ਤਿਵੇਂ ਇਸ ਦਾ ਵਿਚਾਰਧਾਰਕ ਦਾਇਰਾ ਵਧਦਾ ਗਿਆ, ਅੱਗੇ ਵੀ ਇਸ ਦਾ ਵਿਸਤਾਰ ਹੋਣਾ ਹੈ। ਜਨਵਰੀ (2021) ਤੱਕ ਭਾਜਪਾ ਸਰਕਾਰ ਨੇ ਆਪਣੀਆਂ ਕੁਟਲ ਚਾਲਾਂ ਨਾਲ ਇਸ ਨੂੰ ਲੀਹ ਤੋਂ ਲਾਹੁਣ ਦੇ ਯਤਨ ਕੀਤੇ ਅਤੇ ਹੁਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਹੀਂ ਨਵੀਂ ਚਾਲ ਚੱਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਗਹੁ ਨਾਲ ਦੇਖੀਏ ਤਾਂ ਇਸ ਅੰਦੋਲਨ ਦੇ ਸੰਚਾਲਕ ਹੁਣ ਕਿਸਾਨ ਨੇਤਾ ਨਾ ਹੋ ਕੇ ਆਮ ਲੋਕ ਬਣ ਚੁੱਕੇ ਹਨ। ਵਿਸ਼ੇਸ਼ ਤੌਰ ਤੇ ਸਮੇਂ ਸਮੇਂ ਕਿਸਾਨ ਨੇਤਾਵਾਂ ਨੂੰ ਕੁਝ ਸਮੇਂ ਲਈ ਜਿਸ ਤਰ੍ਹਾਂ ਅੰਦੋਲਨ ਤੋਂ ਵੱਖ ਕੀਤਾ ਗਿਆ ਅਤੇ ਉਨ੍ਹਾਂ ਨੇ ਚੁੱਪ-ਚਾਪ ਇਸ ਸਮੇਂ ਨੂੰ ਪੂਰਿਆਂ ਕੀਤਾ, ਇਸ ਦੇ ਡੂੰਘੇ ਅਰਥ ਹਨ। ਪੰਜਾਬ ਵਿਚ ਇਸ ਅੰਦੋਲਨ ਦੀ ਸ਼ੁਰੂਆਤ ਸਮੇਂ ਇਹ ਅੰਦੋਲਨ ਕੇਵਲ ਜ਼ਮੀਨਾਂ ਵਾਲਿਆਂ ਦਾ ਆਪਣੀ ਹੋਂਦ ਬਚਾਉਣ ਹਿੱਤ ਸ਼ੁਰੂ ਕੀਤਾ ਸੰਘਰਸ਼ ਜਾਪਦਾ ਸੀ ਅਤੇ ਇਸ ਵਿਚ ਦੂਸਰੀਆਂ ਧਿਰਾਂ ਦੀ ਸ਼ਮੂਲੀਅਤ ਨਾਂਹ ਦੇ ਬਰਾਬਰ ਮਹਿਸੂਸ ਕੀਤੀ ਜਾਂਦੀ ਸੀ ਪਰ ਸਮੇਂ ਦੀ ਤੋਰ ਨਾਲ ਇਹ ਅੰਦੋਲਨ ਮੁਲਕ ਹੀ ਨਹੀਂ ਸਗੋਂ ਦੁਨੀਆ ਦੇ ਵੱਡੇ ਅੰਦੋਲਨਾਂ ਦੀ ਕਤਾਰ ਨੂੰ ਵੀ ਪਾਰ ਕਰਦਾ ਜਾਪ ਰਿਹਾ ਹੈ। ਅਕਤੂਬਰ (2021)

ਮਹੀਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਹੋਈ ਵਿਚਾਰ-ਚਰਚਾ ਵਿਚ ਕਿਸਾਨ ਨੇਤਾਵਾਂ ਦਾ ਸ਼ਾਮਲ ਹੋਣਾ ਅਤੇ ਵਿਦਵਾਨਾਂ ਦੇ ਲੈਕਚਰਾਂ ਦੀ ਲੜੀ ਵਿਚ ਉਨ੍ਹਾਂ ਦੇ ਲੈਕਚਰ ਰੱਖਣਾ ਅਤੇ ਵਿਚਾਰਿਆ ਜਾਣਾ ਇਸ ਸੰਘਰਸ਼ ਦੇ ਮੁਹਾਂਦਰੇ ਦੇ ਵਿਚਾਰਧਾਰਕ ਨਕਸ਼ ਉਘਾੜ ਰਿਹਾ ਹੈ। ਹੁਣ ਇਸ ਨੂੰ ਮੁਲਕ ਦੀ ਆਜ਼ਾਦੀ ਦੇ ਸੰਘਰਸ਼ ਨਾਲ ਵੀ ਆਸਾਨੀ ਨਾਲ ਤੁਲਨਾਇਆ ਜਾ ਸਕਦਾ ਹੈ।

ਪਾਰਲੀਮੈਂਟ ਦੇ ਸੈਸ਼ਨ ਸਮੇਂ ਕਿਸਾਨਾਂ ਦੁਆਰਾ ਸਮਾਨੰਤਰ ਸੈਸ਼ਨ ਚਲਾਇਆ ਜਾਣਾ ਅਤੇ ਬਕਾਇਦਾ ਲੋਕ ਸਭਾ ਮੈਂਬਰਾਂ ਵਾਸਤੇ ਵ੍ਹਿੱਪ ਜਾਰੀ ਕਰਨਾ ਸੈਸ਼ਨ ਦੀ ਬੌਧਿਕਤਾ ਨੂੰ ਸਿਖ਼ਰ ਵੱਲ ਲਿਜਾਣ ਵਾਲਾ ਕਦਮ ਸਾਬਤ ਹੋਇਆ ਹੈ। ਵੱਖ ਵੱਖ ਸਮਿਆਂ ਵਿਚ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਦਿਹਾੜਿਆਂ ਨੂੰ ਕਿਸਾਨ ਅੰਦੋਲਨ ਵਿਚ ਪੂਰੇ ਰਹੁ-ਰੀਤਾਂ ਅਤੇ ਜਲੌਅ ਨਾਲ ਮਨਾਇਆ ਗਿਆ। ਇਸ ਅੰਦੋਲਨ ਦੀ ਵੱਡੀ ਪ੍ਰਾਪਤੀ ਇਸ ਵਿਚ ਔਰਤਾਂ ਦੀ ਕੇਵਲ ਭਾਗੀਦਾਰੀ ਹੀ ਨਹੀਂ ਸਗੋਂ ਬਹੁਤ ਵਾਰੀ ਇਸ ਦੀ ਅਗਵਾਈ ਔਰਤਾਂ ਦੁਆਰਾ ਕਰਨੀ ਵੱਡੀ ਸਮਾਜਿਕ ਪ੍ਰਾਪਤੀ ਵਜੋਂ ਦੇਖਣਾ ਬਣਦਾ ਹੈ। ਇਹ ਗੱਲ ਸਾਰਿਆਂ ਦੇ ਚੇਤਿਆਂ ਵਿਚ ਵਸੀ ਹੋਵੇਗੀ ਕਿ ਘਰਾਂ ਵਿਚ ਔਰਤਾਂ ਦੁਆਰਾ ਪਸ਼ੂਆਂ ਦੇ ਸੰਭਾਲਣ ਤੋਂ ਲੈ ਕੇ ਖੇਤਾਂ ਵਿਚ ਸਹਾਈ ਹੋਣ ਨੂੰ ਖੇਤੀ ਕਾਰਜਾਂ ਵਿਚ ਆਮ ਤੌਰ ਤੇ ਕੰਮ ਵਜੋਂ ਗਿਣਿਆ ਹੀ ਨਹੀਂ ਜਾਂਦਾ ਸੀ ਹਾਲਾਂਕਿ ਕਿਸਾਨ ਔਰਤਾਂ ਦਾ ਕੰਮ ਮਰਦਾਂ ਦੇ ਸਵੇਰੇ ਉੱਠਣ ਤੋਂ ਪਹਿਲਾਂ ਸ਼ੁਰੂ ਹੋ ਜਾਂਦਾ ਹੈ ਅਤੇ ਰਾਤ ਨੂੰ ਮਰਦਾਂ ਦੇ ਸੌਣ ਤੋਂ ਬਾਅਦ ਸਮਾਪਤ ਹੁੰਦਾ ਹੈ ਪਰ ਕਾਮਾ ਕੇਵਲ ਮਰਦ ਕਿਸਾਨ ਹੀ ਮੰਨਿਆ ਜਾਂਦਾ ਸੀ। ਇਸ ਸੰਘਰਸ਼ ਵਿਚ ਕਾਲਜ ਪੜ੍ਹਦੀਆਂ ਨੌਜਵਾਨ ਕੁੜੀਆਂ ਤੋਂ ਲੈ ਕੇ ਬਿਰਧ ਅਵਸਥਾ ਵਿਚ ਪਹੁੰਚੀਆਂ ਹੋਈਆਂ ਔਰਤਾਂ ਦੀ ਸਰਗਰਮ ਸ਼ਮੂਲੀਅਤ ਨੇ ਸਮਾਜਿਕ ਦ੍ਰਿਸ਼ ਨੂੰ ਬਦਲੇ ਹਾਲਾਤ ਵਿਚ ਲਿਆ ਖੜ੍ਹਾ ਕੀਤਾ ਹੈ। ਬੜੀ ਵਾਰੀ ਮਰਦਾਂ ਅਤੇ ਔਰਤਾਂ ਦੇ ਸਾਂਝੇ ਸਮਾਗਮ ਵਿਚ ਔਰਤਾਂ ਦੁਆਰਾ ਸਮਾਗਮ ਦਾ ਸੰਚਾਲਨ ਕੀਤਾ ਜਾਣਾ ਵਿਸ਼ੇਸ਼ ਪ੍ਰਾਪਤੀ ਵਜੋਂ ਦੇਖਿਆ ਜਾਣਾ ਬਣਦਾ ਹੈ।

ਹੁਣ ਤੱਕ ਸਿਆਸਤਦਾਨਾਂ ਨੇ ਆਪਣੀਆਂ ਕੂਟਨੀਤਕ ਚਾਲਾਂ ਦੁਆਰਾ ਹਰ ਤਰ੍ਹਾਂ ਦੇ ਸੰਘਰਸ਼ਾਂ ਨੂੰ ਹਾਈਜੈਕ ਕੀਤਾ ਜਾਂਦਾ ਰਿਹਾ ਹੈ। ਇੱਥੋਂ ਤੱਕ ਕਿ ਪੜ੍ਹੇ ਲਿਖੇ ਮੁਲਾਜ਼ਮਾਂ ਵਰਗ ਦੇ ਘੋਲ ਸਮੇਂ ਵਿਰੋਧੀ ਧਿਰ ਦੇ ਸਿਆਸੀ ਲੀਡਰ ਸ਼ਾਮਲ ਹੋ ਕੇ ਮੁਲਾਜ਼ਮ ਨੇਤਾਵਾਂ ਨਾਲੋਂ ਕਿਤੇ ਜਿ਼ਆਦਾ ਮੀਡੀਆ ਕਵਰੇਜ ਲੈ ਜਾਂਦੇ ਸਨ। ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਆਏ ਹਰ ਵੱਡੇ ਛੋਟੇ ਸਿਆਸੀ ਨੇਤਾ ਵਾਸਤੇ ਅੰਦੋਲਨ ਦੇ ਪਿੜ ਵਿਚ ਕੇਵਲ ਆਮ ਵਰਕਰ ਵਾਲੀ ਥਾਂ ਹੀ ਨਿਸਚਤ ਸੀ ਅਤੇ ਉਨ੍ਹਾਂ ਵਾਸਤੇ ਸਟੇਜ ਤੇ ਥਾਂ ਦਾ ਨਾ ਹੋਣਾ ਜਾਂ ਫਿਰ ਬੁਲਾਰੇ ਵਜੋਂ ਸਾਹਮਣੇ ਆਉਣਾ ਪੂਰੀ ਤਰ੍ਹਾਂ ਵਰਜਿਤ ਰਿਹਾ ਹੈ। ਅੰਦੋਲਨ ਦੇ ਸ਼ੁਰੂਆਤੀ ਦੌਰ ਵਿਚ ਸਿਆਸੀ ਨੇਤਾਵਾਂ ਨੇ ਸੰਘਰਸ਼ ਵੱਲ ਰੁਖ਼ ਜ਼ਰੂਰ ਕੀਤਾ ਸੀ ਪਰ ਜਦੋਂ ਇਹ ਦੇਖਿਆ ਕਿ ਉਨ੍ਹਾਂ ਨੂੰ ਉੱਥੇ ਇਕ ਆਮ ਬੰਦੇ ਵਾਲਾ ਸਥਾਨ ਹੀ ਮਿਲਣਾ ਹੈ ਤਾਂ ਉਨ੍ਹਾਂ ਨੇ ਪਾਸੇ ਤੋਂ ਰਹਿ ਕੇ ਅੰਦੋਲਨ ਦਾ ਹਿੱਸਾ ਬਣਨ ਵਿਚ ਗਨੀਮਤ ਸਮਝੀ ਹੈ। ਭਾਰਤ ਦੀ ਵੱਡੀ ਵਿਰੋਧੀ ਪਾਰਟੀ ਕਾਂਗਰਸ ਨੇ ਪਹਿਲੀਆਂ ਵਿਚ ਟਰੈਕਟਰ ਮਾਰਚ ਕਰਦਿਆਂ ਰਾਹੁਲ ਗਾਂਧੀ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਟਰੈਕਟਰਾਂ ਤੇ ਬੈਠਣ ਦਾ ਯਤਨ ਕੀਤਾ ਸੀ ਪਰ ਫਿਰ ਉਨ੍ਹਾਂ ਨੇ ਆਪਣੇ ਆਪ ਨੂੰ ਕੇਵਲ ਭਾਸ਼ਣਾਂ ਤੱਕ ਹੀ ਸੀਮਤ ਰੱਖਿਆ।

ਅੰਦੋਲਨ ਦੇ ਸਿਖ਼ਰ ਵੱਲ ਵਧਣ ਸਮੇਂ ਪੰਜ ਦੱਖਣੀ ਰਾਜਾਂ ਵਿਚ ਵਿਧਾਨ ਸਭਾ ਦੀਆਂ ਆਮ ਚੋਣਾਂ ਹੋਈਆਂ ਸਨ। ਸੰਯੁਕਤ ਕਿਸਾਨ ਮੋਰਚੇ ਨੇ ਇਨ੍ਹਾਂ ਚੋਣਾਂ ਵਿਚ ਸਰਗਰਮੀ ਨਾਲ ਹਿੱਸਾ ਲੈਂਦਿਆਂ ਭਾਵੇਂ ਭਾਜਪਾ ਦੇ ਵਿਰੋਧ ਵਿਚ ਵੋਟ ਪਾਉਣ ਦਾ ਸੁਨੇਹਾ ਦਿੱਤਾ ਸੀ ਪਰ ਹਕੀਕਤ ਵਿਚ ਉਨ੍ਹਾਂ ਨੇ ਕੇਂਦਰ ਅਤੇ ਭਾਜਪਾ ਦੀਆਂ ਪ੍ਰਾਂਤਕ ਸਰਕਾਰਾਂ ਦੁਆਰਾ ਕਿਸਾਨੀ ਅਤੇ ਇਸ ਨਾਲ ਸਬੰਧਤ ਕਿੱਤਿਆਂ ਵਿਸ਼ੇਸ਼ ਕਰਕੇ ਖੇਤ ਮਜ਼ਦੂਰਾਂ ਅਤੇ ਆਮ ਲੋਕਾਂ ਦੇ ਜੀਵਨ ਦੀਆਂ ਪੈਦਾ ਹੋਈਆਂ ਦੁਸ਼ਵਾਰੀਆਂ ਨੂੰ ਲੋਕਾਂ ਸਾਹਮਣੇ ਲਿਆਉਣ ਦਾ ਕਾਰਜ ਕੀਤਾ ਸੀ। ਇੱਥੇ ਭਾਜਪਾ ਸਰਕਾਰ ਦੇ ਫੈਡਰਲ ਢਾਂਚੇ ਵਿਰੋਧੀ ਚਿਹਰੇ ਨੂੰ ਵੀ ਲੋਕਾਂ ਦੇ ਸਨਮੁੱਖ ਰੱਖਿਆ ਗਿਆ।

ਡਾਕਟਰ ਮਨਮੋਹਨ ਸਿੰਘ ਬੁਨਿਆਦੀ ਤੌਰ ਤੇ ਆਰਥਿਕ ਮਾਹਿਰ ਹਨ ਅਤੇ ਉਹ ਮੁਲਕ ਦੇ ਰਿਜ਼ਰਵ ਬੈਂਕ ਦੇ ਅਧਿਕਾਰੀ ਤੋਂ ਚੱਲ ਦੇ ਵਿੱਤ ਮੰਤਰੀ ਤੇ ਫਿਰ ਪ੍ਰਧਾਨ ਮੰਤਰੀ ਬਣੇ। ਭਾਰਤ ਵਿਚ ਉਨ੍ਹਾਂ ਦੁਆਰਾ ਹੀ ਸੰਸਾਰ ਵਪਾਰ ਸੰਗਠਨ ਅਤੇ ਕੌਮਾਂਤਰੀ ਮੁਦਰਾ ਕੋਸ਼ ਦੀਆਂ ਨੀਤੀਆਂ ਲਿਆਂਦੀਆਂ ਗਈਆਂ। ਇਸ ਨਾਲ ਵੱਡੇ ਵਪਾਰਕ ਘਰਾਣਿਆਂ ਦਾ ਗਲਬਾ ਵਧਣਾ ਸ਼ੁਰੂ ਹੋਇਆ। ਕਾਰਪੋਰੇਟ ਜਗਤ ਭਾਵੇਂ ਆਪਣੇ ਵਪਾਰ ਨੂੰ ਪਹਿਲਾਂ ਵੀ ਵਧਾਉਣ ਵਿਚ ਕੋਈ ਕਸਰ ਨਹੀਂ ਛੱਡ ਰਿਹਾ ਸੀ ਪਰ ਇਸ ਸਮੇਂ ਤਾਂ ਭਾਰਤ ਵਿਚ ਕਾਰਪੋਰੇਟ ਜਗਤ ਨੂੰ ਵਿਗਸਣ ਦੇ ਵੱਡੇ ਮੌਕੇ ਹਾਸਲ ਹੋਣੇ ਸ਼ੁਰੂ ਹੋ ਗਏ ਸਨ। ਇਸ ਸਮੇਂ ਦੀਆਂ ਨੀਤੀਆਂ ਨੇ ਮੁਲਕ ਦੇ ਆਮ ਨਾਗਰਿਕ ਤੋਂ ਉਸ ਦੇ ਜਿਊਣ ਦੀਆਂ ਹਾਲਤਾਂ ਖੋਹ ਕੇ ਕਾਰਪੋਰੇਟਾਂ ਨੂੰ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਹ ਪਸਾਰਾ ਭਾਵੇਂ ਮੱਧਮ ਤੋਰ ਚੱਲ ਰਿਹਾ ਸੀ ਪਰ ਸਾਡੀਆਂ ਸਰਕਾਰਾਂ ਕਾਰਪੋਰੇਟ ਜਗਤ ਅੱਗੇ ਝੁਕਦੀਆਂ ਹੀ ਗਈਆਂ। ਆਮ ਜਨਤਾ ਨੂੰ ਕਿਸਾਨ ਅੰਦੋਲਨ ਸਮੇਂ ਇਹ ਚਾਨਣ ਹੋਇਆ ਕਿ ਧਨਾਢ ਘਰਾਣਿਆਂ ਦੇ ਵਪਾਰ ਨੂੰ ਸਮੇਂ ਦੇ ਹਾਕਮਾਂ ਨੇ ਵਧਣ ਫੁੱਲਣ ਵਾਸਤੇ ਅੱਗੇ ਵਿਛਣ ਦਾ ਕੰਮ ਹੀ ਕੀਤਾ ਹੈ। ਪੰਜਾਬ ਦੀ ਕਿਸਾਨ ਹਿਤੈਸ਼ੀ ਪਾਰਟੀ ਦੀ ਸਰਕਾਰ ਸਮੇਂ ਇਸ ਦੇ ਮੁੱਖ ਮੰਤਰੀ, ਉੱਪ ਮੁੱਖ ਮੰਤਰੀ ਨੇ ਵਿਸ਼ੇਸ਼ ਰਿਆਇਤਾਂ ਦੇ ਕੇ ਕਾਰਪੋਰੇਟਾਂ ਦੇ ਵਪਾਰ ਨੂੰ ਪੰਜਾਬੀਆਂ ਦੀ ਜਾਇਦਾਦ ਕੌਡੀਆਂ ਦੇ ਭਾਅ ਦਿੱਤੀ ਹੋਣ ਦਾ ਕਿਸਾਨ ਅੰਦੋਲਨ ਸਮੇਂ ਹੀ ਪਤਾ ਲੱਗਿਆ।

ਕਿਸਾਨ ਅੰਦੋਲਨ ਦੀ ਇਹ ਵੱਡੀ ਪ੍ਰਾਪਤੀ ਅੱਜ ਰੋਟੀ ਲਈ ਔਖੇ ਘਰਾਂ ਦੇ ਮਰਦਾਂ ਔਰਤਾਂ ਤੋਂ ਵੀ ਧਨਾਢ ਘਰਾਣਿਆਂ ਦੇ ਨਾਵਾਂ ਬਾਰੇ ਸੁਣਿਆ ਜਾ ਸਕਦਾ ਹੈ। ਲੋਕ ਇਹ ਵੀ ਜਾਣਦੇ ਹਨ ਕਿ ਪ੍ਰਧਾਨ ਮੰਤਰੀ ਅਸਲ ਵਿਚ ਆਪ ਸਰਕਾਰ ਨਹੀਂ ਚਲਾ ਰਿਹਾ ਸਗੋਂ ਉਸ ਰਾਹੀਂ ਰਾਜ ਤਾਂ ਧਨਾਢ ਘਰਾਣਿਆਂ ਦੁਆਰਾ ਕੀਤਾ ਜਾ ਰਿਹਾ ਹੈ। ਲੋਕਾਂ ਨੇ ਇਹ ਜਾਣ ਲਿਆ ਹੈ ਕਿ ਵੱਡੇ ਵਪਾਰਕ ਘਰਾਣਿਆਂ ਦਾ ਕੰਮ ਕਰਨ ਦਾ ਤਰੀਕਾ ਕੀ ਹੈ ਅਤੇ ਭਵਿੱਖ ਵਿਚ ਉਨ੍ਹਾਂ ਨੇ ਕਿਸਾਨਾਂ ਸਮੇਤ ਆਮ ਲੋਕਾਂ ਨਾਲ ਕੀ ਕਰਨਾ ਹੈ। ਇਸੇ ਕਰਕੇ ਹੀ ਪੱਛਮੀ ਬੰਗਾਲ ਵਿਚ ਹੋਈਆਂ ਵਿਧਾਨ ਸਭਾ ਦੀਆਂ ਆਮ ਚੋਣਾਂ ਸਮੇਂ ਭਾਜਪਾ ਦੇ ਹੱਥਕੰਡਿਆਂ ਦਾ ਲੋਕਾਂ ਨੇ ਆਪਣੀ ਵੋਟ ਰਾਹੀਂ ਜਵਾਬ ਦਿੱਤਾ। ਕਿਸਾਨ ਸੰਘਰਸ਼ ਦਰਮਿਆਨ ਪੰਜਾਬ ਦੇ ਲੋਕਾਂ ਨੇ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦਾ ਵਿਰੋਧ ਕੀਤਾ, ਇਕ ਵਾਰੀ ਇਸ ਤਰ੍ਹਾਂ ਜਾਪਣ ਲੱਗ ਪਿਆ ਸੀ ਕਿ ਪੰਜਾਬ ਵਿਚੋਂ ਭਾਜਪਾ ਦਾ ਸਫਾਇਆ ਹੋ ਗਿਆ ਹੈ। ਪਿਛਲੇ ਦਿਨਾਂ ਤੋਂ ਭਾਜਪਾ ਨੇ ਪੱਛਮੀ ਬੰਗਾਲ ਵਾਲੇ ਹੱਥਕੰਡੇ ਪੰਜਾਬ ਵਿਚ ਵਰਤਣੇ ਸ਼ੁਰੂ ਕਰ ਦਿੱਤੇ ਹਨ।

ਸਮਝਿਆ ਜਾ ਰਿਹਾ ਸੀ ਕਿ ਪੰਜਾਬ ਵਿਚ ਲੋਕ ਸਭਾ ਦੀਆਂ ਕੇਵਲ 13 ਸੀਟਾਂ ਹਨ ਅਤੇ ਵਿਧਾਨ ਸਭਾ ਦੀਆਂ 117 ਸੀਟਾਂ ਹੋਣ ਕਰਕੇ ਭਾਜਪਾ ਇਸ ਨੂੰ ਜਿ਼ਆਦਾ ਵੁਕਅਤ ਨਹੀਂ ਦੇਵੇਗੀ ਪਰ ਭਾਜਪਾ ਇਸ ਹਕੀਕਤ ਤੋਂ ਚੰਗੀ ਤਰ੍ਹਾਂ ਵਾਕਿਫ਼ ਹੈ ਕਿ ਕਿਸਾਨ ਅੰਦੋਲਨ ਦਾ ਮੁੱਢ ਪੰਜਾਬ ਤੋਂ ਬੱਝਿਆ ਹੈ ਅਤੇ ਇਸੇ ਦਾ ਪਸਾਰ ਹੀ ਅੱਗੇ ਹਰਿਆਣਾ ਸਮੇਤ ਉੱਤਰ ਪ੍ਰਦੇਸ਼ ਅਤੇ ਹੋਰਨਾਂ ਸੂਬਿਆਂ ਵਿਚ ਹੋਇਆ ਹੈ। ਇਸ ਕਰਕੇ ਭਾਜਪਾ ਨੇ ਪਹਿਲਾ ਹੱਲਾ ਸੀਮਾ ਸੁਰੱਖਿਆ ਬਲ ਰਾਹੀਂ ਪੰਜਾਬ ਤੇ ਬੋਲਿਆ। ਫਰਵਰੀ 2022 ਵਿਚ ਪੰਜਾਬ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਉਸ ਸਮੇਂ ਤੱਕ ਭਾਜਪਾ ਆਪਣਾ ਰੰਗ ਬਿਖ਼ੇਰਨ ਲਈ ਇੱਥੇ ਹਰ ਹੀਲਾ ਵਰਤੇਗੀ।

ਕਿਸਾਨ ਅੰਦਲਨ ਨੂੰ ਇਸ ਦੇ ਸਿਖ਼ਰ ਵੱਲ ਲਿਜਾਣ ਵਿਚ ਮੀਡੀਆ ਅਤੇ ਸੋਸ਼ਲ ਮੀਡੀਆ ਨੇ ਬੇਸ਼ੱਕ ਵੱਡਾ ਰੋਲ ਅਦਾ ਕੀਤਾ ਹੈ ਪਰ ਕਿਸਾਨ ਅੰਦੋਲਨ ਨੇ ਜਿਸ ਤਰ੍ਹਾਂ ਮੁਲਕ (ਤੇ ਮੁਲਕ ਤੋਂ ਬਾਹਰ ਵੀ) ਸਮਾਜਿਕ ਅਤੇ ਸਿਆਸੀ ਚੇਤਨਾ ਦਾ ਪਸਾਰ ਕੀਤਾ ਹੈ, ਇਸ ਨੂੰ ਪ੍ਰਾਪਤੀ ਵਜੋਂ ਦੇਖਿਆ ਜਾਵੇਗਾ। ਕਿਸਾਨ ਅੰਦੋਲਨ ਵੱਡੀ ਇਤਿਹਾਸਕ ਘਟਨਾ ਹੈ ਅਤੇ ਇਸ ਨੇ ਇਤਿਹਾਸਕ, ਸਮਾਜਿਕ, ਸਿਆਸੀ ਤਬਦੀਲੀਆਂ ਵਿਚ ਵੱਡਾ ਰੋਲ ਅਦਾ ਕਰਨਾ ਹੈ। ਇਹ ਦੁਨੀਆ ਦੇ ਮੁਕਤੀ ਸੰਘਰਸ਼ਾਂ ਦੇ ਹਾਣ ਦਾ ਸੰਘਰਸ਼ ਗਿਣਿਆ ਜਾਵੇਗਾ ਅਤੇ ਇਸ ਦੀਆਂ ਪ੍ਰਾਪਤੀਆਂ ਇਤਿਹਾਸਕ ਹੋਣਗੀਆਂ।

ਸੰਪਰਕ: 95010-20731

Source link