ਜਸਬੀਰ ਸਿੰਘ ਸ਼ੇਤਰਾ/ਜੋਗਿੰਦਰ ਸਿੰਘ ਮਾਨ

ਜਗਰਾਉਂ/ਮਾਨਸਾ, 24 ਨਵੰਬਰ

ਇਥੋਂ ਦੀ ਅਨਾਜ ਮੰਡੀ ’ਚ ਝੋਨੇ ਦੀ ਖਰੀਦ ਬੰਦ ਹੋਣ ਤੋਂ ਨਿਰਾਸ਼ ਕਿਸਾਨ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਅਤੇ ਮਾਲਵੇ ਦੀਆਂ ਵੱਡੀ ਗਿਣਤੀ ਮੰਡੀਆਂ ਵਿੱਚ ਝੋਨਾ ਆਉਣ ਮਗਰੋਂ ਪੰਜਾਬ ਸਰਕਾਰ ਨੇ ਸੂਬੇ ਦੇ ਪੰਜ ਜ਼ਿਲ੍ਹਿਆਂ ਵਿੱਚ ਦੋ ਦਿਨ ਹੋਰ ਝੋਨੇ ਦੀ ਖਰੀਦ ਜਾਰੀ ਰੱਖਣ ਦਾ ਫ਼ੈਸਲਾ ਲਿਆ ਹੈ। ਪੰਜਾਬ ਸਰਕਾਰ ਦੇ ਫ਼ੈਸਲੇ ਮਗਰੋਂ ਮੰਡੀ ਬੋਰਡ ਵੱਲੋਂ ਅੱਜ ਪੱਤਰ ਜਾਰੀ ਕੀਤਾ ਗਿਆ, ਜਿਸ ਮੁਤਾਬਕ ਮੰਡੀਆਂ ’ਚ 25 ਨਵੰਬਰ ਨੂੰ ਸ਼ਾਮ 5 ਵਜੇ ਤੱਕ ਝੋਨੇ ਦੀ ਖਰੀਦ ਕੀਤੀ ਜਾਵੇੇਗੀ। ਇਨ੍ਹਾਂ ਪੰਜ ਜ਼ਿਲ੍ਹਿਆਂ ਵਿੱਚ ਜਗਰਾਉਂ ਸਮੇਤ 6 ਮੁੱਖ ਯਾਰਡਾਂ ਤੇ 39 ਖਰੀਦ ਕੇਂਦਰ ਸ਼ਾਮਲ ਕੀਤੇ ਗਏ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਬਰਨਾਲਾ ਦੀਆਂ ਮਾਰਕੀਟ ਕਮੇਟੀਆਂ ਅਧੀਨ ਸਾਰੇ ਮੁੱਖ ਯਾਰਡਾਂ, ਸਬ ਯਾਰਡਾਂ ਤੇ ਖਰੀਦ ਕੇਂਦਰਾਂ ’ਚ ਖਰੀਦ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਵਾਰ ਸਰਕਾਰ ਨੇ 17 ਨਵੰਬਰ ਨੂੰ ਖਰੀਦ ਬੰਦ ਕਰ ਦਿੱਤੀ ਸੀ, ਪਰ ਝੋਨਾ ਮੰਡੀਆਂ ’ਚ ਆਉਂਦਾ ਰਿਹਾ। ਇਕੱਲੀ ਜਗਰਾਉਂ ਮੰਡੀ ’ਚ 2950 ਕੁਇੰਟਲ ਝੋਨਾ 17 ਤੋਂ ਬਾਅਦ ਆਇਆ ਹੈ। ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਧਿਆਨ ’ਚ ਖੁਦਕੁਸ਼ੀ ਕਰਨ ਵਾਲੇ ਕਿਸਾਨ ਦਾ ਮਾਮਲਾ ਲਿਆਂਦਾ ਸੀ। ਇਸ ਸਬੰਧੀ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਵੀ ਮੁੱਖ ਮੰਤਰੀ ਤੇ ਖੁਰਾਕ ਸਪਲਾਈ ਵਿਭਾਗ ਦੇ ਮੰਤਰੀ ਨੂੰ 23 ਨਵੰਬਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ।

ਕਿਹੜੇ ਜ਼ਿਲ੍ਹਿਆਂ ਦੇ ਕਿਹੜੇ ਖਰੀਦ ਕੇਂਦਰਾਂ ਵਿੱਚ ਹੋਵੇਗੀ ਖਰੀਦ

ਲੁਧਿਆਣਾ(ਟਨਸ): ਲੁਧਿਆਣਾ ’ਚ ਜਗਰਾਉਂ ਮੁੱਖ ਯਾਰਡ, ਮਾਨਸਾ ’ਚ ਮਾਨਸਾ ਮੁੱਖ ਯਾਰਡ ਤੋਂ ਇਲਾਵਾ ਸਰਦੂਲਗੜ੍ਹ ਮੁੱਖ ਯਾਰਡ ਤੇ ਖਿਆਲਾ ਕਲਾਂ, ਕੋਟਲੀ ਕਲਾਂ, ਝੁਨੀਰ, ਜੋਗਾ ਖਰੀਦ ਕੇਂਦਰ। ਬਠਿੰਡਾ ’ਚ ਮੁੱਖ ਯਾਰਡ ਤੋਂ ਇਲਾਵਾ ਆਦਮਪੁਰਾ, ਅਕਲੀਆਂ ਜਲਾਲ, ਦਿਆਲਪੁਰਾ ਭਾਈਕਾ, ਗੁਰੂਸਰ ਅਕਲੀਆਂ, ਜਲਾ, ਕਾਂਗੜ, ਮਲੂਕਾ, ਰਾਜਗੜ੍ਹ, ਸਲਾਬਤਪੁਰਾ, ਬੰਗੀ ਕਲਾਂ, ਤਰਖਾਣਵਾਲਾ ਤੇ ਸੇਖੂ ਖਰੀਦ ਕੇਂਦਰ ਜਦਕਿ ਮਾਰਕੀਟ ਕਮੇਟੀ ਰਾਮਪੁਰਾ ਫੂਲ ਮੁੱਖ ਯਾਰਡ ਸਮੇਤ ਬਦਿਆਲਾ, ਬਾਲਿਆਂਵਾਲੀ, ਬੱਲੋ, ਭਾਈ ਰੂਪਾ, ਭੂੰਦੜ, ਚਾਉਕੇ, ਧਿਗੜ, ਖੋਖਰ, ਕੋਟਲਾ ਕੋੜਿਆ ਵਾਲਾ, ਮਹਿਰਾਜ, ਫੂਲੇਵਾਲਾ, ਪਿਪਲੀ (ਕੋਠੇ), ਰਾਈਆਂ, ਰਾਮਣਵਾਸ, ਸੋਲਵਰਾਹ, ਸਿਧਾਣਾ, ਸੂਚ, ਸੰਗਤ, ਗਹਿਲੇਵਾਲਾ, ਕੋਰੇਆਣਾ, ਲਹਿਰੀ, ਨਥੋਹਾ, ਸੀਗੋ ਖਰੀਦ ਕੇਂਦਰ ਵਿਚ ਦੋ ਦਿਨ ਹੋਰ ਖਰੀਦ ਕੀਤੀ ਜਾਵੇਗੀ।

Source link