ਨਿੱਜੀ ਪੱਤਰ ਪ੍ਰੇਰਕ

ਖੰਨਾ, 4 ਫਰਵਰੀ

ਇੱਥੇ ਪੁਲੀਸ ਨੇ ਇਕ ਕਾਰ ਸਵਾਰ ਨੂੰ ਅਸਲੇ ਸਣੇ ਕਾਬੂ ਕੀਤਾ ਹੈ। ਮੁਲਜ਼ਮ ਕੋਲੋਂ ਇੱਕ ਪਿਸਤੌਲ, ਇੱਕ ਰਾਈਫਲ ਤੇ ਕਾਰਤੂਸ ਬਰਾਮਦ ਹੋਏ ਹਨ। ਮੁਲਜ਼ਮ ਦੀ ਪਛਾਣ ਯਾਦਵਿੰਦਰ ਸਿੰਘ ਯਾਦੂ ਵਾਸੀ ਘੁਡਾਣੀ ਖੁਰਦ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਏਐੱਸਆਈ ਬਲਕਾਰ ਸਿੰਘ, ਦਵਿੰਦਰ ਸਿੰਘ ਤੇ ਪ੍ਰਮੋਦ ਕੁਮਾਰ ਦੀ ਅਗਵਾਈ ਹੇਠਾਂ ਟੀ-ਪੁਆਇੰਟ ਪਿੰਡ ਜੱਲ੍ਹਾ ਨੇੜੇ ਨਾਕਾਬੰਦੀ ਦੌਰਾਨ ਇੱਕ ਕਾਰ ਚਾਲਕ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਕਾਰ ਚਾਲਕ ਨੂੰ ਕਾਬੂ ਕਰ ਲਿਆ। ਪੁਲੀਸ ਮੁਲਾਜ਼ਮਾਂ ਨੇ ਕਾਰ ਦੀ ਤਲਾਸ਼ੀ ਲਈ ਤਾਂ ਇਕ ਪਿਸਤੌਲ 32 ਬੋਰ, ਰਾਈਫਲ 12 ਬੋਰ ਤੇ 15 ਕਾਰਤੂਸ ਬਰਾਮਦ ਹੋਏ। ਮੁਲਜ਼ਮ ਇਨ੍ਹਾਂ ਹਥਿਆਰਾਂ ਸਬੰਧੀ ਕੋਈ ਲਾਇਸੈਂਸ ਨਹੀਂ ਦਿਖਾ ਸਕਿਆ। ਪੁਲੀਸ ਵੱਲੋਂ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Source link