ਪਾਲ ਸਿੰਘ ਨੌਲੀ
ਜਲੰਧਰ, 21 ਅਪਰੈਲ

ਗ਼ਦਰ ਪਾਰਟੀ ਦਾ 109ਵਾਂ ਸਥਾਪਨਾ ਦਿਵਸ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਮਨਾਇਆ ਗਿਆ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਵਿਜੈ ਬੰਬੇਲੀ ਨੇ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸੇ ਦੌਰਾਨ ਸਾਮਰਾਜਵਾਦ-ਮੁਰਦਾਬਾਦ, ਇਨਕਲਾਬ-ਜ਼ਿੰਦਾਬਾਦ, ਫ਼ਿਰਕੂ ਤਾਕਤਾਂ ਮੁਰਦਾਬਾਦ, ਲੋਕ-ਏਕਤਾ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਗ਼ਦਰ ਪਾਰਟੀ ਦੇ ਅਧੂਰੇ ਸੁਫ਼ਨੇ ਸਾਕਾਰ ਕਰਨ ਦਾ ਅਹਿਦ ਲਿਆ ਗਿਆ।

ਸਮਾਗਮ ਦੇ ਮੁੱਖ ਬੁਲਾਰੇ ਉੱਘੇ ਪੱਤਰਕਾਰ ਤੇ ਚਿੰਤਕ ਪ੍ਰੋ. ਪ੍ਰੰਜਯ ਗੁਹਾ ਠਾਕੁਰਤਾ ਨੇ ਕਿਹਾ ਕਿ ਦੇਸ਼ ਦੇ ਪ੍ਰਮੁੱਖ ਕਾਰਪੋਰੇਟ ਅਦਾਰਿਆਂ ਦੀ ਪ੍ਰਤੀ ਘੰਟਾ ਆਮਦਨ ਵਿਚ 90 ਕਰੋੜ ਰੁਪਏ ਦਾ ਵਾਧਾ ਹੋ ਰਿਹਾ ਹੈ, ਦੂਜੇ ਪਾਸੇ ਵਿਸ਼ਵ ਗੁਰੂ ਹੋਣ ਦੇ ਦਾਅਵੇਦਾਰ ਕਰਨ ਵਾਲੇ ਹਾਕਮਾਂ ਦੇ ਰਾਜ ਅੰਦਰ ਭੁੱਖਮਰੀ ਤੇ ਗਰੀਬੀ ਦੇ 90 ਫੀਸਦੀ ਤੋਂ ਵੀ ਵੱਧ ਭਾਰਤੀ ਸ਼ਿਕਾਰ ਹਨ। ਜਮਹੂਰੀਅਤ ਦੀਆਂ ਕਹਾਣੀਆਂ ਸੁਣਾਉਣ ਵਾਲੇ ਮੁਲਕ ਦੇ ਇੱਕ-ਦੋ ਧਨ ਕੁਬੇਰਾਂ ਨੇ ਮੁਲਕ ਦੇ ਸਾਰੇ ਕੁਦਰਤੀ ਸਰੋਤਾਂ ਅਤੇ ਆਮਦਨ ਉਪਰ ਜੱਫਾ ਮਾਰ ਲਿਆ ਹੈ।

ਪ੍ਰੋ. ਪ੍ਰੰਜਯ ਨੇ ਦੱਸਿਆ ਕਿ ਭਾਜਪਾ ਹਕੂਮਤ ਵਿਧਾਨ ਸਭਾਵਾਂ ਜਾਂ ਲੋਕ ਸਭਾ ਚੋਣਾਂ ’ਚ ਜੁਗਤਾਂ ਵਰਤ ਕੇ ਜਿੱਤਾਂ ਦਰਜ ਕਰਵਾ ਲੈਂਦੀ ਹੈ ਜਦਕਿ ਵੋਟ ਫੀਸਦ ਅਤੇ ਲੋਕ ਮਨਾਂ ਦੀ ਦਸ਼ਾ ਪੱਖੋਂ ਬਹੁ-ਗਿਣਤੀ ਵਸੋਂ ਭਾਜਪਾ ਦੀ ਵਿਚਾਰਧਾਰਾ, ਨੀਤੀਆਂ ਅਤੇ ਅਮਲਕਾਰੀ ਦੇ ਉਲਟ ਖੜ੍ਹੀ ਹੈ। ਵਿਚਾਰ-ਚਰਚਾ ਮੌਕੇ ਮੰਚ ’ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ, ਮੀਤ ਪ੍ਰਧਾਨ ਸ਼ੀਤਲ ਸਿੰਘ ਸੰਘਾ, ਸਹਾਇਕ ਸਕੱਤਰ ਡਾ. ਪਰਮਿੰਦਰ, ਖਜ਼ਾਨਚੀ ਰਣਜੀਤ ਸਿੰਘ ਔਲਖ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਮੌਜੂਦ ਸਨ। ਵਿਜੈ ਬੰਬੇਲੀ ਨੇ ਕਿਹਾ ਕਿ ਕੱਟੜਪੰਥੀ, ਫਾਸ਼ੀਵਾਦੀ ਅਤੇ ਸਾਮਰਾਜਵਾਦੀ ਅਨੇਕਤਾ ਵਿੱਚ ਏਕਤਾ ਦੀ ਬਜਾਏ ਸਾਨੂੰ ਆਪਣੇ ਸੌੜੇ ਮੁਫ਼ਾਦਾਂ ਖਾਤਰ ਇੱਕੋ ਰੱਸੇ ਨਾਲ ਨੂੜਨਾ ਚਾਹੁੰਦੇ ਹਨ।

ਇਸ ਤੋਂ ਪਹਿਲਾਂ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਜੀ ਆਇਆਂ ਕਿਹਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਅਮੋਲਕ ਸਿੰਘ ਨੇ ਮੰਗ ਕੀਤੀ ਕਿ ਬੁੱਧੀਜੀਵੀਆਂ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਰਿਹਾਅ ਕੀਤਾ ਜਾਏ, ਜੱਲ੍ਹਿਆਂਵਾਲਾ ਬਾਗ਼ ਦਾ ਮੂਲ ਸਰੂਪ ਬਹਾਲ ਕੀਤਾ ਜਾਵੇ, ਫ਼ਿਰਕੂ ਫਾਸ਼ੀ ਹੱਲੇ, ਭੜਕਾਹਟ ਅਤੇ ਫ਼ਿਰਕੂ ਨਫ਼ਰਤੀ ਪ੍ਰਚਾਰ ਹੱਲੇ ਬੰਦ ਕੀਤੇ ਜਾਣ, ਕਿਸਾਨ ਅੰਦੋਲਨ ’ਚ ਰਹਿੰਦੀਆਂ ਅਤੇ ਪ੍ਰਵਾਨ ਮੰਗਾਂ ਦੀ ਪੂਰਤੀ ਕੀਤੀ ਜਾਏ।

ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਹਕੂਮਤੀ ਦਹਿਸ਼ਤਗਰਦੀ ਵਿਰੁੱਧ ਸਿਰਫ਼ ਸ਼ਬਦੀ ਪ੍ਰਤੀਰੋਧ ਨਾ ਕੀਤਾ ਜਾਵੇ ਸਗੋਂ ਜਥੇਬੰਦਕ ਲਾਮਬੰਦੀ ਕੀਤੀ ਜਾਵੇ। ਇਸ ਵਿਚਾਰ-ਚਰਚਾ ’ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਜਮਹੂਰੀ ਕਿਸਾਨ ਸਭਾ, ਕਿਰਤੀ-ਕਿਸਾਨ ਯੂਨੀਅਨ, ਇਫਟੂ, ਤਰਕਸ਼ੀਲ ਸੁਸਾਇਟੀ ਪੰਜਾਬ, ਜਮਹੂਰੀ ਅਧਿਕਾਰ ਸਭਾ, ਪ੍ਰੋਗਰੈਸਿਵ ਲੇਖਕ ਸੰਘ, ਸਾਹਿਤ ਸਭਾ ਜਲੰਧਰ, ਫੁਲਕਾਰੀ ਸਾਹਿਤ ਸਭਾ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਐੱਨਆਰਆਈ ਤੇ ਪੱਤਰਕਾਰ ਭਾਈਚਾਰਾ, ਫ਼ਿਲਮ, ਸਾਹਿਤ ਅਤੇ ਰੰਗ-ਮੰਚ ਨਾਲ ਜੁੜੀਆਂ ਸੰਸਥਾਵਾਂ ਦੇ ਕਾਰਕੁਨਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਮੰਚ ਸੰਚਾਲਨ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ।

Source link