ਡਾ. ਰਜਿੰਦਰ ਸਿੰਘ 

ਡੇਰਾ ਬਾਬਾ ਨਾਨਕ, 21 ਸਤੰਬਰ

InterServer Web Hosting and VPS

ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤਿ ਸਮਾਉਣ ਦਿਵਸ ਮੌਕੇ ਅੱਜ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਦੇਰ ਸ਼ਾਮ ਜੈਕਾਰਿਆਂ ਦੀ ਗੂੰਜ ’ਚ ਕਰਤਾਰਪੁਰ ਲਾਂਘੇ ’ਤੇ ਪਾਕਿਸਤਾਨ ਦੀ ਹੱਦ ਤੱਕ ਪਹੁੰਚਿਆ| ਇਸ ਨਗਰ ਕੀਰਤਨ ’ਚ ਅਕਾਲ ਤਖ਼ਤ ਦੇ ਕਾਰਜਕਾਰੀ  ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ, ਸਾਬਕਾ ਪ੍ਰਧਾਨ ਬਿਸ਼ਨ ਸਿੰਘ ਤੇ ਸ਼੍ਰੋਮਣੀ ਕਮੇਟੀ ਮੈਂਬਰ ਇੰਦਰਜੀਤ ਸਿੰਘ ਵੀ ਸ਼ਾਮਿਲ ਸਨ।

ਨਗਰ ਕੀਰਤਨ ਦੇ ਕਰਤਾਰਪੁਰ ਲਾਂਘੇ ਦੀ ਹੱਦ ਉੱਤੇ ਪਹੁੰਚਣ ’ਤੇ ਡੇਰਾ ਬਾਬਾ ਨਾਨਕ ਵਾਲੇ ਪਾਸੇ ਖੜ੍ਹੀ ਸੰਗਤ ਨੇ ਨੇੜੇ ਜਾ ਕੇ ਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਪਰ ਬੀਐੱਸਐੱਫ ਅਤੇ ਲੈਂਡ ਪੋਰਟ ਅਥਾਰਟੀ ਦੇ ਅਧਿਕਾਰੀਆਂ ਨੇ ਸੰਗਤ ਨੂੰ ਅੱਗੇ ਨਹੀਂ ਜਾਣ ਦਿੱਤਾ। ਨਗਰ ਕੀਰਤਨ ਦਾ ਸਵਾਗਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਨਕੋਦਰ ਤੋਂ ਵਿਧਾਇਕ ਤੇ ਗੁਰਦੁਆਰਾ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਸ਼ੀ  ਸੰਸਥਾ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ ਵੀ ਸੰਗਤ ਸਣੇ ਲਾਂਘੇ ’ਤੇ ਪੁਹੰਚੇ ਹੋਏ ਸਨ। ਉਨ੍ਹਾਂ ਨੂੰ ਵੀ ਅੱਗੇ ਜਾ ਕੇ ਨਗਰ ਕੀਰਤਨ ਦਾ ਸਵਾਗਤ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਗਈ।

ਇਸ ਦੌਰਾਨ ਲਾਂਘੇ ਦੀ ਹੱਦ ’ਤੇ ਨਗਰ ਕੀਰਤਨ ’ਚ ਸ਼ਾਮਿਲ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੁਝ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਨਗਰ ਕੀਰਤਨ ਦੀ ਵਾਪਸੀ ਤੋਂ ਪਹਿਲਾਂ ਅਰਦਾਸ ਕੀਤੀ ਗਈ। ਹੈਰਾਨੀ ਦੀ ਗੱਲ ਸੀ ਕਿ ਨਗਰ ਕੀਰਤਨ ਲਈ ਪਾਕਿਸਤਾਨ ਵੱਲੋਂ ਵੱਡੇ ਪ੍ਰਬੰਧ ਕੀਤੇ ਹੋਏ ਸਨ, ਉੱਥੇ ਹੀ ਭਾਰਤ ਵਾਲੇ ਪਾਸੇ ਪ੍ਰਬੰਧ ਤਾਂ ਦੂਰ ਨਗਰ ਕੀਰਤਨ ਦੇ ਆਉਣ ’ਤੇ ਲਾਈਟਾਂ ਤੱਕ ਨਹੀਂ ਜਗਾਈਆਂ ਗਈਆਂ। ਇਸ ਕਰ ਕੇ ਧੁੱਸੀ ਬੰਨ੍ਹ ’ਤੇ ਖੜ੍ਹੀ ਸੰਗਤ ਨਿਰਾਸ਼ ਹੋ ਗਈ। ਸੰਗਤ ਨੇ ਦਰਸ਼ਨ ਸੱਥਲ ’ਤੇ ਖੜ੍ਹੇ ਹੋ ਕੇ ਜੈਕਾਰੇ ਛੱਡ ਕੇ ਨਗਰ ਕੀਰਤਨ ਦਾ ਸਵਾਗਤ ਕੀਤਾ।

ਇਸ ਮੌਕੇ ਬਾਬਾ ਸੁਖਦੀਪ ਸਿੰਘ ਬੇਦੀ, ਕਥਾ ਵਾਚਕ ਜਸਵਿੰਦਰ ਸਿੰਘ ਸ਼ਹੂਰ, ਡੇਰਾ ਬਾਬਾ ਨਾਨਕ ਗੁਰਦੁਆਰਾ ਦਰਬਾਰ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਤੋਂ ਇਲਾਵਾ ਹੋਰ ਸੰਗਤ ਮੌਜੂਦ ਸੀ। ਵਿਧਾਇਕ ਵਡਾਲਾ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਨਾ ਖੋਲ੍ਹਣ ਕਾਰਨ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ।

ਨਾਨਕਸ਼ਾਹੀ ਕੈਲੰਡਰ ਕਾਰਨ ਤਰੀਕਾਂ ਦਾ ਭੰਬਲਭੂਸਾ

ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਕਾਰਨ ਗੁਰੂ ਨਾਨਕ ਦੇਵ ਜੀ ਦਾ ਜੋਤੀ-ਜੋਤਿ ਸਮਾਉਣ ਦਿਵਸ ਭਾਰਤ ਅਤੇ ਪਾਕਿਸਤਾਨ ਵਿਚ ਵੱਖ-ਵੱਖ ਤਰੀਕਾਂ ਨੂੰ ਮਨਾਇਆ ਜਾ ਰਿਹਾ ਹੈ। ਭਾਰਤ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਇਹ ਦਿਵਸ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਪਹਿਲੀ ਅਕਤੂਬਰ ਨੂੰ ਤੇ ਪਾਕਿਸਤਾਨ ਵਿੱਚ ਪੀਐੱਸਜੀਪੀਸੀ ਵੱਲੋਂ ਇਹ ਪੁਰਬ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਭਲਕੇ 22 ਸਤੰਬਰ ਨੂੰ  ਮਨਾਇਆ ਜਾ ਰਿਹਾ ਹੈ।  ਕੈਲੰਡਰ ਵਿਵਾਦ ਦੇ ਕਾਰਨ ਹੋਰ ਵੀ ਕਈ ਗੁਰਪੁਰਬ ਤੇ ਤਿਓਹਾਰ ਦੋ-ਦੋ ਵਾਰ ਮਨਾਏ ਜਾ ਰਹੇ ਹਨ। ਪੀਐੱਸਜੀਪੀਸੀ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਹੀ ਮਾਨਤਾ ਦਿੱਤੀ ਹੋਈ ਹੈ ਜਦੋਂਕਿ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਉਨ੍ਹਾਂ ਰੱਦ ਕਰ ਦਿੱਤਾ ਸੀ।

Source link